ਗਵਰਨਰ ਹਾਊਸ 'ਚ ਨੌਕਰੀ ਦਿਲਵਾਉਣ ਦਾ ਦਿੱਤਾ ਸੀ ਝਾਂਸਾ, ਪਤੀ ਪਤਨੀ ਨਾਮਜ਼ਦ!!

Last Updated: Oct 09 2019 17:53
Reading time: 1 min, 6 secs

ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇੱਕ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਪਟਿਆਲਾ ਪੁਲਿਸ ਨੇ ਪਟਿਆਲਾ ਦੇ ਰਹਿਣ ਵਾਲੇ ਇੱਕ ਪਤੀ ਪਤਨੀ ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਗਏ ਜੋੜੇ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰੋਜ਼ੀ ਦੇ ਤੌਰ ਤੇ ਹੋਈ ਹੈ। ਦਰਜ ਕੀਤੇ ਗਏ ਮੁਕੱਦਮੇ ਅਨੁਸਾਰ, ਨਾਮਜ਼ਦ ਕੀਤੇ ਜੋੜੇ ਨੇ ਸ਼ਹਿਰ ਦੇ ਹੀ ਰਹਿਣ ਵਾਲੇ ਕੁਝ ਲੋਕਾਂ ਨੂੰ ਚੰਡੀਗੜ੍ਹ ਵਿਖੇ ਸਥਿਤ ਗਵਰਨਰ ਹਾਊਸ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਲ 34 ਲੱਖ 21 ਹਜ਼ਾਰ ਰੁਪਏ ਦੀ ਵੱਡੀ ਠੱਗੀ ਮਾਰੀ ਸੀ।

ਥਾਣਾ ਸਿਵਲ ਲਾਈਨ ਪੁਲਿਸ ਨੇ ਪਤੀ ਪਤਨੀ ਖਿਲਾਫ਼ ਠੱਗੀ ਦਾ ਇਹ ਪਰਚਾ ਸਨੌਰ ਨਿਵਾਸੀ ਹਰਮੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਨੂੰ ਤਾਂ ਨੌਕਰੀ ਦਿਵਾ ਹੀ ਦੇਵੇਗਾ ਜੇਕਰ, ਉਸ ਦੀ ਪਹਿਚਾਣ ਵਿੱਚ ਕੋਈ ਹੋਰ ਵੀ ਹੈ ਤਾਂ ਉਹ ਉਨ੍ਹਾਂ ਨੂੰ ਗਵਰਨਰ ਹਾਊਸ ਵਿੱਚ ਨੌਕਰੀ ਤੇ ਰਖਵਾ ਸਕਦਾ ਹੈ।

ਸ਼ਿਕਾਇਤਕਰਤਾ ਅਨੁਸਾਰ, ਉਸ ਨੇ ਖੁਦ ਅਤੇ ਆਪਣੇ ਹੋਰ ਜਾਣ ਪਹਿਚਾਣ ਵਾਲਿਆਂ ਨੂੰ ਵੀ ਨੌਕਰੀ ਦਿਵਾਉਣ ਲਈ ਮੁਲਜ਼ਮਾਂ ਨੂੰ ਕੁੱਲ 34 ਲੱਖ 21 ਹਜ਼ਾਰ ਰੁਪਏ ਦੇ ਦਿੱਤੇ। ਜਿਨ੍ਹਾਂ ਨੇ ਨਾ ਹੀ ਉਨ੍ਹਾਂ ਨੂੰ ਨੌਕਰੀ ਦਿਲਵਾਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਿਸ ਮੋੜੇ। ਥਾਣਾ ਸਿਵਲ ਲਾਈਨ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।