ਪਤਨੀ 'ਤੇ ਕਰਦਾ ਸੀ ਸ਼ੱਕ, ਗੱਲਾ ਘੁੱਟ ਕੇ ਦਿੱਤੀ ਮਾਰ ਤੇ ਥਾਣੇ ਜਾ ਕੇ ਕੀਤਾ ਜੁਰਮ ਕਬੂਲ

Last Updated: Oct 09 2019 17:51
Reading time: 1 min, 0 secs

ਆਪਣੀ ਪਤਨੀ 'ਤੇ ਸ਼ੱਕ ਕਰਦੇ ਪਤੀ ਵੱਲੋਂ ਉਸ ਦਾ ਗੱਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰੇ ਨੂੰ ਅੰਜਾਮ ਦੇਣ ਤੋ ਬਾਅਦ ਮ੍ਰਿਤਕਾ ਦਾ ਪਤੀ ਖ਼ੁਦ ਹੀ ਪੁਲਿਸ ਥਾਣੇ ਪਹੁੰਚ ਗਿਆ ਅਤੇ ਆਪਣਾ ਜੁਰਮ ਕਬੂਲ ਕੀਤਾ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਘਰ ਪਹੁੰਚੀ ਜਿੱਥੇ ਉਸ ਦੇ ਕਹੇ ਅਨੁਸਾਰ ਉਸ ਦੀ ਪਤਨੀ ਮ੍ਰਿਤ ਮਿਲੀ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਪੰਨੀਵਾਲਾ ਮਾਹਲਾ ਵਾਸੀ 35 ਸਾਲਾ ਰਾਧਾ ਰਾਣੀ ਦਾ ਕੱਤਲ ਉਸ ਦੇ ਹੀ ਪਤੀ ਮਹੇਂਦਰ ਕੁਮਾਰ, ਜੋ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਵੱਲੋਂ ਕਰ ਦਿੱਤਾ ਗਿਆ। ਇਸ ਬਾਰੇ ਮ੍ਰਿਤਕਾਂ ਦੇ ਭਰਾ ਅਤੇ ਭੈਣ ਮੰਜੂ ਵਾਸੀ ਪਿੰਡ ਰਾਮਸਰ ਨੇ ਦੱਸਿਆ ਕਿ ਮਹੇਂਦਰ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੂੰ ਆਪਣੇ ਪਤਨੀ 'ਤੇ ਸ਼ੱਕ ਰਹਿੰਦਾ ਸੀ, ਇਸ ਗੱਲ ਨੂੰ ਲੈ ਕੇ ਅਕਸਰ ਉਨ੍ਹਾਂ ਵਿਚਕਾਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਵੀ ਉਨ੍ਹਾਂ 'ਚ ਝਗੜਾ ਹੋਇਆ ਅਤੇ ਮਹੇਂਦਰ ਕੁਮਾਰ ਨੇ ਪਲਾਸਟਿਕ ਦੀ ਰੱਸੀ ਨਾਲ ਆਪਣੀ ਪਤਨੀ ਦਾ ਗੱਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਮਹੇਂਦਰ ਸਾਈਕਲ ‘ਤੇ ਥਾਣਾ ਖੁਈਆਂ ਸਰਵਰ ਪਹੁੰਚਿਆ ਅਤੇ ਆਪਣਾ ਜੁਰਮ ਕਬੂਲ ਕਰਦਿਆ ਸਾਰੀ ਗੱਲ ਦੱਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਆਂਦਾ ਅਤੇ ਬਣਦੀ ਕਾਰਵਾਈ ਅਰੰਭੀ ਹੈ।