ਡੀਸੀ ਦੇ ਘਰ ਤੋਂ ਲੈ ਕੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੱਕ ਸੜਕ ਦੇ ਦੋਵਾਂ ਪਾਸਿਆਂ 'ਤੇ ਲੱਗਣਗੇ 3 ਹਜ਼ਾਰ ਪੌਦੇ!!

Last Updated: Oct 09 2019 17:49
Reading time: 1 min, 25 secs

ਬੀਤੇ ਦਿਨ ਡਿਪਟੀ ਕਮਿਸ਼ਨਰ ਦੇ ਆਵਾਸ ਸਥਾਨ ਤੋਂ ਲੈ ਕੇ ਹੁਸੈਨੀਵਾਲਾ ਬਾਰਡਰ ਸਥਿਤ ਸ਼ਹੀਦੀ ਸਮਾਰਕ ਤੱਕ ਸੜਕ ਦੇ ਦੋਵਾਂ ਪਾਸੇ ਅਮਲਤਾਸ ਤੇ ਜਕਾਰੰਡਾ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਤੇ ਹੋਰ ਬੂਟੇ ਲਗਾਉਣ ਸਬੰਧੀ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸਕੂਲ ਪ੍ਰਬੰਧਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਅਤੇ ਵਣ ਰੇਂਜ ਅਫਸਰ ਤਰਸੇਮ ਸਿੰਘ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਸੜਕ ਦੇ ਸੱਜੇ ਅਤੇ ਖੱਬੇ ਦੋਨਾਂ ਪਾਸਿਆਂ ਤੇ ਅਮਲਤਾਸ ਤੇ ਜਕਾਰੰਡਾ ਦੇ ਤਕਰੀਬਨ 3 ਹਜ਼ਾਰ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਹੁਸੈਨੀਵਾਲਾ ਤੱਕ 10 ਕਿੱਲੋਮੀਟਰ ਆਉਣ ਤੇ 10 ਕਿੱਲੋਮੀਟਰ ਜਾਣ ਤੱਕ 20 ਫੁੱਟ ਤੱਕ ਇੱਕ ਪੌਦਾ ਲਗਾਇਆ ਜਾਣਾ ਹੈ ਤੇ ਇੱਕ ਕਿੱਲੋਮੀਟਰ ਦੀ ਹੱਦ ਤੱਕ 164 ਪੌਦੇ ਸੱਜੇ ਅਤੇ 164 ਪੌਦੇ ਖੱਬੇ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕ ਦੇ ਇੱਕ ਪਾਸੇ ਅਮਲਤਾਸ ਤੇ ਦੂਜੇ ਪਾਸੇ ਜਕਾਰੰਡਾ ਦੇ ਪੌਦੇ ਲਗਾਏ ਜਾਣਗੇ ਅਤੇ ਇਨ੍ਹਾਂ ਪੌਦਿਆਂ ਦੇ ਵੱਡੇ ਹੋ ਕੇ ਰੁੱਖਾਂ ਵਿੱਚ ਬਦਲਣ ਤੇ ਇਹ ਪੂਰੀ ਸੜਕ ਪੀਲੇ ਅਤੇ ਖ਼ੁਸ਼ਬੂਦਾਰ ਫੁੱਲਾਂ ਦੀ ਖ਼ੁਸ਼ਬੂ ਨਾਲ ਮਹਿਕੇਗੀ, ਜਿਸ ਨਾਲ ਇਹ ਸੜਕ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਟਰੀ-ਗਾਰਡ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਵਣ ਰੇਂਜ ਅਫਸਰ ਤਰਸੇਮ ਸਿੰਘ ਨੂੰ ਕਿਹਾ ਕਿ ਪੌਦਿਆਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਇਸ ਲਈ ਵਣ ਵਿਭਾਗ ਵੱਲੋਂ 1 ਕਿੱਲੋਮੀਟਰ ਵਿੱਚ ਪੌਦੇ ਲਗਾਏ ਜਾਣ ਜੋ ਇਨ੍ਹਾਂ ਪੌਦਿਆਂ ਨੂੰ ਪਾਣੀ ਦੇਣ ਤੋਂ ਇਲਾਵਾ ਕੋਰੇ ਤੋਂ ਬਚਾਉਣ ਲਈ ਬੂਟਿਆਂ ਦੇ ਦੁਆਲੇ ਪਰਾਲੀ ਲਗਾਉਣਗੇ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ, ਸਮੂਹ ਸਿੱਖਿਆ ਸੰਸਥਾਵਾਂ ਤੇ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਨੂੰ ਇਨ੍ਹਾਂ ਪੌਦਿਆਂ ਦੀ ਦੇਖ-ਰੇਖ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਲਈ ਕਿਹਾ।