ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ 'ਚ ਸਹਾਈ ਸਿੱਧ ਹੋ ਰਿਹਾ ਹੈ ਬੈਕਫਿੰਕੋ: ਡੀ.ਸੀ ਡਾ.ਗੋਇਲ

Last Updated: Oct 09 2019 17:34
Reading time: 2 mins, 32 secs

ਪੰਜਾਬ ਪਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗਾਂ ਨੂੰ ਸਵੈ-ਰੋਜ਼ਗਾਰ ਅਤੇ ਪੜਾਈ ਲਈ ਵੱਖ ਵੱਖ ਸਕੀਮਾਂ ਤਹਿਤ ਘੱਟ ਵਿਆਜ ਦਰਾਂ ਤੇ ਕਰਜ਼ੇ ਮੁਹੱਈਆ ਕਰਵਾ ਕੇ ਇਨ੍ਹਾਂ ਵਰਗਾਂ ਦੇ ਆਰਥਿਕ ਮਿਆਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਸਿੱਧ ਹੋ ਰਹੀ ਹੈ। ਬੈਕਫਿੰਕੋ ਵੱਲੋਂ ਜ਼ਿਲ੍ਹਾ ਫ਼ਤਹਿਗੜ ਸਾਹਿਬ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ 22 ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਅਧੀਨ ਘੱਟ ਵਿਆਜ ਦਰ ਤੇ ਕਰੀਬ 35 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਬੈਕਫਿੰਕੋ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਕਰਜ਼ਾ ਸਕੀਮਾਂ ਸਬੰਧੀ ਗੱਲਬਾਤ ਕਰਦੇ ਹੋਏ ਦਿੱਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਬੈਕਫਿੰਕੋ ਦੇ ਕਰਜ਼ਾ ਵੰਡ ਪ੍ਰੋਗਰਾਮ ਤਹਿਤ ਸਿੱਧਾ ਕਰਜ਼ਾ ਸਕੀਮ ਅਧੀਨ ਕਾਰਪੋਰੇਸ਼ਨ ਸੂਬੇ ਦੇ ਘੋਸ਼ਿਤ ਪਛੜੇ ਵਰਗ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਪਣੀ ਸ਼ੇਅਰ ਕੈਪੀਟਲ ਵਿੱਚੋਂ 06 ਫ਼ੀਸਦੀ ਵਿਆਜ ਦਰ ਤੇ ਡੇਅਰੀ ਯੂਨਿਟ, ਪੋਲਟਰੀ ਫਾਰਮਿੰਗ, ਸਬਜ਼ੀਆਂ ਉਗਾਉਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਆਟਾ ਚੱਕੀ, ਜਨਰਲ ਸਟੋਰ, ਕਿਤਾਬਾਂ-ਸਟੇਸ਼ਨਰੀ ਦੀ ਦੁਕਾਨ, ਫੋਟੋਸਟੇਟ ਮਸ਼ੀਨ ਆਦਿ ਲਈ ਕਰਜ਼ੇ ਮੁਹੱਈਆ ਕਰਵਾਉਂਦੀ ਹੈ।

ਇਸ ਤੋਂ ਇਲਾਵਾ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ (ਐਨ.ਬੀ.ਸੀ.ਐਫ.ਡੀ.ਸੀ.) ਦੇ ਸਹਿਯੋਗ ਨਾਲ ਟਰਮ ਲੋਨ ਸਕੀਮ ਅਧੀਨ ਕਾਰਪੋਰੇਸ਼ਨ 06 ਫ਼ੀਸਦੀ ਸਾਲਾਨਾ ਵਿਆਜ ਦਰ 'ਤੇ 03 ਲੱਖ ਰੁਪਏ ਤੱਕ ਦੇ ਕਰਜ਼ੇ ਆਪਣੇ 03 ਫ਼ੀਸਦੀ ਵਿਆਜ ਮਾਰਜਨ ਨਾਲ ਵੰਡਦੀ ਹੈ। ਇਸੇ ਤਰਾਂ ਔਰਤਾਂ ਲਈ ਚਲਾਈ ਜਾ ਰਹੀ ਨਿਊ ਸਵਰਨਿਮਾ ਸਕੀਮ ਅਧੀਨ ਪਛੜੇ ਵਰਗ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਸਵੈ ਰੋਜ਼ਗਾਰ ਸਥਾਪਤ ਕਰਵਾਉਣ ਲਈ 01 ਲੱਖ ਤੱਕ ਦੇ ਕਰਜ਼ੇ 05 ਫ਼ੀਸਦੀ ਸਲਾਨਾ ਵਿਆਜ ਦਰ ਤੇ ਦਿੱਤੇ ਜਾਂਦੇ ਹਨ।

ਇਸੇ ਤਰਾਂ ਐਨ.ਬੀ.ਸੀ.ਐਫ.ਡੀ.ਸੀ ਐਜੂਕੇਸ਼ਨ ਲੋਨ ਸਕੀਮ ਅਧੀਨ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਅਤੇ ਟੈਕਨੀਕਲ ਐਜੂਕੇਸ਼ਨ ਗਰੈਜੂਏਟ ਅਤੇ ਇਸ ਤੋਂ ਅੱਗੇ ਦੀ ਪੜਾਈ ਕਰਨ ਲਈ ਉਨ੍ਹਾਂ ਉਮੀਦਵਾਰਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ ਪੇਂਡੂ ਇਲਾਕਿਆਂ ਵਿੱਚ 98 ਹਜ਼ਾਰ ਅਤੇ ਸ਼ਹਿਰੀ ਇਲਾਕਿਆਂ ਵਿੱਚ 01 ਲੱਖ 20 ਹਜ਼ਾਰ ਤੋਂ ਘੱਟ ਹੋਵੇ। ਇਸ ਸਕੀਮ ਤਹਿਤ 10 ਲੱਖ ਰੁਪਏ ਤੱਕ ਕਰਜ਼ਾ ਭਾਰਤ ਚ ਪੜ੍ਹਾਈ ਕਰਨ ਅਤੇ 20 ਲੱਖ ਰੁਪਏ ਤੱਕ ਦੇ ਕਰਜ਼ੇ ਵਿਦੇਸ਼ ਵਿੱਚ ਪੜਾਈ ਲਈ 4 ਫ਼ੀਸਦੀ ਸਾਲਾਨਾ ਵਿਆਜ ਦਰ ਤੇ ਦਿੱਤੇ ਜਾਂਦੇ ਹਨ। ਲੜਕੀਆਂ ਲਈ ਵਿਆਜ ਦਰ 3.5 ਫ਼ੀਸਦੀ ਸਾਲਾਨਾ ਹੈ।

ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਬੈਕਫਿੰਕੋ ਰਾਸ਼ਟਰੀ ਘੱਟ ਗਿਣਤੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ (ਐਨ.ਐਮ.ਡੀ.ਐਫ.ਸੀ) ਦੇ ਸਹਿਯੋਗ ਨਾਲ ਘੱਟ ਗਿਣਤੀ ਵਰਗ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਟਰਮ ਲੋਨ ਸਕੀਮ ਅਧੀਨ 5 ਲੱਖ ਰੁਪਏ ਤੱਕ ਦਾ ਕਰਜ਼ਾ 06-08 ਫ਼ੀਸਦੀ ਸਾਲਾਨਾ ਵਿਆਜ ਦਰ 'ਤੇ ਆਪਣੇ 03 ਫ਼ੀਸਦੀ ਵਿਆਜ ਮਾਰਜਨ ਨਾਲ ਵੰਡਦੀ ਹੈ। ਇਸੇ ਤਰਾਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਅਤੇ ਟੈਕਨੀਕਲ ਐਜੂਕੇਸ਼ਨ, ਗਰੈਜੂਏਸ਼ਨ ਅਤੇ ਇਸ ਤੋਂ ਅੱਗੇ ਦੀ ਪੜਾਈ ਕਰਨ ਲਈ ਐਜੂਕੇਸ਼ਨ ਲੋਨ ਸਕੀਮ ਤਹਿਤ 20 ਲੱਖ ਰੁਪਏ ਤੱਕ ਦਾ ਕਰਜ਼ਾ ਭਾਰਤ ਚ ਪੜਾਈ ਕਰਨ ਅਤੇ 30 ਲੱਖ ਰੁਪਏ ਤੱਕ ਦਾ ਕਰਜ਼ਾ ਵਿਦੇਸ਼ਾਂ ਚ ਪੜਾਈ ਕਰਨ ਲਈ 3 ਤੋਂ 8 ਫ਼ੀਸਦੀ ਵਿਆਜ ਦਰ ਤੇ ਮੁਹੱਈਆ ਕਰਵਾਉਂਦੀ ਹੈ।

ਡਿਪਟੀ ਕਮਿਸ਼ਨਰ ਡਾ.ਗੋਇਲ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਬੈਕਫਿੰਕੋ ਦੇ ਫ਼ੀਲਡ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫ਼ਤਹਿਗੜ ਸਾਹਿਬ ਵਿਖੇ ਬੈਕਫਿੰਕੋ ਦਾ ਫ਼ੀਲਡ ਦਫ਼ਤਰ ਸਿਵਲ ਹਸਪਤਾਲ ਰੋਡ ਤੇ ਡਾ.ਬੀ.ਆਰ ਅੰਬੇਦਕਰ ਭਵਨ ਨੇੜੇ ਸਥਿਤ ਹੈ। ਉਨ੍ਹਾਂ ਨੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ।