ਨੂਰਾਂ

Last Updated: Oct 01 2019 17:03
Reading time: 2 mins, 55 secs

"ਅੰਮੀ ਇਹ ਅਬੀਹਾ ਏ, ਮੇਰੇ ਨਾਲ ਪੜਦੀ ਏ, ਧੀ ਨੇ ਮਾਂ ਨੂੰ ਇੱਕ ਪੰਦਰਾਂ ਕੁ ਵਰ੍ਹਿਆਂ ਦੀ ਨਾਲ ਆਈ ਕੁੜੀ ਬਾਰੇ ਦੱਸਦਿਆਂ ਆਖਿਆ।" ਕੌਣ ਏ ਨੀਂ ਗੁਰਾਂ? ਥੋੜਾ ਦੂਰ ਮੰਜੇ ਤੇ ਬੈਠੀ ਬੀਬੀ (ਦਾਦੀ) ਨੇ ਕੁੜੀ ਨੂੰ ਪੁੱਛਿਆ। ਕੋਈ ਨੀਂ ਬੀਬੀ ਸਹੇਲੀ ਏ ਮੇਰੀ, ਭੂਆ ਦਾ ਵਿਆਹ ਵੇਖਣ ਆਈ ਏ, ਤਿੰਨ-ਚਾਰ ਦਿਨ ਰਹੇਗੀ, ਨਾਲ ਦੇ ਪਿੰਡ ਦੀ ਏ।

ਕਰਤਾਰ ਕੁਰ ਦੀਆਂ ਅੱਖਾਂ ਵਿੱਚ ਕੁੜੀ ਨੂੰ ਵੇਖ ਜਿਵੇਂ ਚਮਕ ਆ ਗਈ ਸੀ, ਉਹਨੇ ਕੁੜੀ ਨੂੰ ਘੁੱਟ ਕੇ ਕਲਾਵੇ 'ਚ ਲੈ ਲਿਆ, ਉਹਦੀ ਰੂਹ ਨੂੰ ਜਿਵੇਂ ਵਰ੍ਹਿਆਂ ਬਾਅਦ ਠੰਢ ਪਈ ਸੀ। ਅਬੀਹਾ, ਗੁਰਾਂ ਨੂੰ ਪੁੱਛ ਰਹੀ ਸੀ ਤੇਰੀ ਅੰਮੀ ਨੇ ਤਾਂ ਬਹੁਤਾ ਹੀ ਮੋਹ ਕੀਤਾ ਮੇਰਾ, ਤੂੰ ਗੱਲਾਂ ਕਰਦੀ ਹੁੰਦੀ ਏ ਮੇਰੀਆਂ ਆਪਣੀ ਅੰਮੀ ਨਾਲ?

"ਨਹੀਂ ਉਹ ਤਾਂ ਸਾਰਿਆਂ ਦਾ ਹੀ ਇੰਨਾ ਕਰਦੀ ਏ। ਸ਼ਾਮੀਂ ਗੱਲਾਂ-ਗੱਲਾਂ 'ਚ ਅਬੀਹਾ ਨੇ ਜਦੋਂ ਕਰਤਾਰ ਕੁਰ ਨੂੰ ਆਪਣੇ ਅਬੂ ਤੇ ਅੰਮੀ ਦਾ ਨਾਂਅ, ਰਾਸ਼ਿਦ ਤੇ ਰਹਿਮਤ ਦੱਸਿਆ ਤਾਂ ਕਰਤਾਰ ਕੁਰ ਦੀ ਤਾਂ ਜਿਓਂ ਭੁੱਬ ਨਿੱਕਲ ਗਈ, ਬੇਸ਼ੱਕ ਇਹ ਉਹ ਰਾਸ਼ਿਦ ਨਹੀਂ ਸੀ, ਪਰ ਉਹ ਜਿਵੇਂ ਪਲਾਂ ਵਿੱਚ ਹੀ ਵੀਹ ਵਰ੍ਹੇ ਪਿਛਾਂਹ ਮੁੜ ਗਈ ਸੀ।

ਉਹ ਉਦੋਂ ਅਠਾਰਾਂ ਕੁ ਵਰ੍ਹਿਆਂ ਦੀ ਸੀ, ਉਹਦੀ ਅੰਮੀ ਨੇ ਇੱਕ ਦਿਨ ਢਲੀਆਂ ਜਿਹੀਆਂ ਤਰਕਾਲਾਂ ਵੇਲੇ ਦੋ ਰੋਟੀਆਂ ਹੱਥ ਤੇ ਧਰਦਿਆਂ ਆਖਿਆ ਸੀ ਜਾਂ ਪੁੱਤਰ ਉਹ ਬੂਹੇ ਦੇ ਬਾਹਰ ਰੱਖੇ ਭਾਂਡਿਆਂ 'ਚ ਰੋਟੀ ਰੱਖ ਆ, ਕੁੱਤੇ ਖਾ ਲੈਂਦੇ ਨੇ, ਉਹਦੀ ਮਾਂ ਦਾ ਇਹ ਨਿੱਤ ਦਾ ਨੇਮ ਸੀ, "ਅੰਮੀਂ ਤੂੰ ਦੱਸ ਕੁੱਤਿਆਂ ਤੋਂ ਕੀ ਲੈਣਾਂ ਰੋਜ਼ ਹੀ ਐਵੇਂ ਰੋਟੀਆਂ ਸੁੱਟਵਾ ਦਿੰਦੀਂ ਏਂ।

ਨਾ ਪੁੱਤ ਇਹ ਤਾਂ ਚੰਗੀਂ ਮਾੜੀ ਦਾ ਸੁਨੇਹਾ ਦਿੰਦੇ ਨੇ... ਤੂੰ ਨਿਆਣੀਂ ਏ ਹਲੇ, ਅੰਮੀ ਨੇ ਪਿਆਰ ਨਾਲ ਸਮਝਾਇਆ ਸੀ। ਰੋਟੀਆਂ ਪਾਉਂਦੀ ਨੂੰ ਦੂਰੋਂ ਰਾਸ਼ਿਦ ਤੁਰਿਆ ਆਉਂਦਾ ਦਿਸਿਆ, ਉਹਦੀ ਖਾਲਾ (ਮਾਸੀ) ਦਾ ਪੁੱਤਰ। ਉਹ ਬਾਹਰ ਹੀ ਖਲੋ ਗਈ, ਰਾਸ਼ਿਦ ਉਹਦੇ ਕੋਲ ਆਣ ਕੇ ਹੌਲੀ ਜਿਹੇ ਬੋਲਿਆ, "ਅੰਮੀ ਕਹਿੰਦੀ ਸੀ ਐਤਕੀਂ ਰਮਜ਼ਾਨ (ਰਾਸ਼ਿਦ ਦੇ ਭਰਾ) ਦੇ ਨਿਕਾਹ ਤੋਂ ਬਾਅਦ ਖਾਲਾ ਨਾਲ ਅਸੀਂ ਗੱਲ ਕਰ ਲੈਣੀਂ ਏ, ਉਸ ਤੋਂ ਅੱਗੋਂ ਜਿਵੇਂ ਰਾਸ਼ਿਦ ਤੋਂ ਬੋਲਿਆ ਹੀ ਨਹੀਂ ਗਿਆ ਜਿਵੇਂ ਚਾਅ ਨਾਲ, ਤੇ ਉਹਨੇ ਵੀ ਸੰਗ ਕੇ ਨੀਵੀਂ ਜਿਹੀ ਪਾ ਲਈ।

ਉਸ ਦਿਨ ਜਾਂਦਿਆਂ ਰਾਸ਼ਿਦ ਨੇਂ ਚੋਰੀਓਂ ਉਹਨੂੰ ਇੱਕ ਮੇਲੇ 'ਚੋਂ ਲਿਆਂਦਾ ਕੰਗਣ ਫੜਾਇਆ ਤੇ ਆਂਹਦਾ, ਨਿਕਾਹ 'ਚ ਇਹੋ ਜਿਹੇ ਅਸਲੀ ਬਣਵਾ ਕੇ ਦਿਆਂਗਾ, ਤਦ ਤੱਕ ਇਹੀ ਪਾ ਕੇ ਰੱਖੀਂ ਵੀਣੀਂ 'ਚ। ਰਮਜ਼ਾਨ ਦੇ ਵਿਆਹ 'ਚ ਰਾਸ਼ਿਦ ਤੇ ਕਰਤਾਰ ਕੁਰ ਦਾ ਰਿਸ਼ਤਾ ਤੈਅ ਹੋ ਗਿਆ, ਤੇ ਅਗਲੇ ਸਿਆਲਾਂ ਦਾ ਨਿਕਾਹ ਤੈਅ ਹੋ ਗਿਆ, ਪਰ ਦੋ ਕੁ ਮਹੀਨਿਆਂ ਬਾਅਦ ਹੀ ਅਸਮਾਨ ਸੁਰਖ ਲਾਲ ਜਿਹਾ ਲੱਗਿਆ ਕਰੇ ਤੇ ਢਲੀਆਂ ਤਰਕਾਲਾਂ ਤੋਂ ਇਓਂ ਲੱਗਿਆ ਕਰੇ ਜਿਓਂ ਭੌਂਕਦੇ ਕੁੱਤੇ ਕਿਸੇ ਅਣਹੋਣੀ ਦੇ ਹੋਣ ਲਈ ਅਗਾਹ ਕਰਦੇ ਸੀ।

ਫਿਰ ਵੀ ਉਹ ਦਿਨ ਆਇਆ ਜਦੋਂ ਘਰ ਬੂਹਾ ਛੱਡ ਕੇ ਬਹੁਤੇ ਟੱਬਰਾਂ ਚੜ੍ਹਦੇ ਤੋਂ ਲਹਿੰਦੇ ਨੂੰ ਚਾਲੇ ਪਾਏ ਤੇ ਘਰਦਿਆਂ ਨਾਲ ਗੱਡੇ ਤੇ ਆਉਂਦੀ ਉਸ ਅਠਾਰਾਂ ਕੁ ਵਰ੍ਹਿਆਂ ਦੀ ਕੁੜੀ ਨੇ ਭਰਾ ਤੇ ਮਾਂ ਪਿਓ ਨੂੰ ਅੱਖੀਂ ਕਤਲ ਹੁੰਦੇ ਵੇਖਿਆ ਸੀ, ਉਹਨੂੰ ਤੇ ਉਹਦੀ ਛੋਟੀ ਭੈਣ ਨੂੰ ਭੀੜ ਕਮਾਦਾਂ ਵੱਲ ਨੂੰ ਧੂਹ ਤੁਰੀ, ਖੌਰੇ ਕਿਵੇਂ ਜਾਨ ਬਚਾ ਕੇ ਉਹ ਕਮਾਦ 'ਚੋਂ ਭੱਜੀ, ਨਿੱਕੀ ਦਾ ਕੀ ਬਣਿਆਂ ਉਹਨੂੰ ਸੁਰਤ ਨਹੀਂ ਸੀ।

ਬਦਹਵਾਸ ਭੱਜੀ ਜਾਂਦੀ ਤੇ ਗੁਲਾਬ ਸਿਹੁੰ ਹੁਰਾਂ ਦੇ ਟੋਲੇ ਦੀ ਨਜ਼ਰ ਪੈ ਗਈ ਤੇ ਉਨ੍ਹਾਂ ਸਹੀ ਸਲਾਮਤ ਉਹਨੂੰ ਆਪਣੇ ਨਾਲ ਲਿਆਂਦਾ, ਗੁਲਾਬ ਸਿਹੁੰ ਦੀ ਘਰਦੀ ਨੇ ਆਪਣੇ ਵੀਹਾਂ ਕੁ ਵਰ੍ਹਿਆਂ ਦੇ ਪੁੱਤਰ ਦੇਬੇ ਨਾਲ ਉਹਦੀਆਂ ਲਾਵਾਂ ਕਰਵਾ ਦਿੱਤੀਆਂ, ਤੇ ਹੁਣ ਉਹ ਨੂਰਾਂ ਤੋਂ ਕਰਤਾਰ ਕੁਰ ਬਣ ਗਈ ਸੀ, ਤੇ ਦੋ ਧੀਆਂ ਤੇ ਇੱਕ ਪੁੱਤਰ ਦੀ ਮਾਂ ਸੀ। 

ਹੁਣ ਨਣਾਨ ਦੇ ਵਿਆਹ 'ਚ ਆਈ ਇਸ ਕੁੜੀ ਅਬੀਹਾ 'ਚੋਂ ਕਰਤਾਰ ਕੁਰ ਨੇ ਨੂਰਾਂ ਨੂੰ ਤੱਕਿਆ ਸੀ। ਵਿਆਹ ਤੋਂ ਬਾਅਦ ਉਹਨੇ ਅਬੀਹਾ ਨੂੰ ਇੱਕ ਸੁਰਖ ਜੋੜਾ ਦਿੰਦਿਆਂ ਆਖਿਆ, ਆਪਣੀ ਅੰਮੀ ਨੂੰ ਆਖੀਂ ਖਾਲਾ ਨੇ ਦਿੱਤਾ ਏ, ਤੇ ਉਹਨੇ ਆਪਣੀ ਵੀਣੀਂ 'ਚ ਪਾਏ ਹੋਏ ਕੰਗਣ ਨੂੰ ਚੁੰਮਿਆ ਤੇ ਫਿਰ ਪਤਾ ਨਹੀਂ ਕਿਓਂ ਉਹਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ, ਕੰਗਣ ਪੁਰਾਣਾ ਜ਼ਰੂਰ ਹੋ ਗਿਆ ਸੀ ਪਰ ਉਹਦੀ ਚਮਕ ਤੇ ਨੂਰਾਂ ਦੇ ਦਿਲ 'ਚ ਉਹਦਾ ਮੋਹ ਜਿਊਂਦਾ ਸੀ ਹਲੇ।