ਦਿਲ ਦੀ ਬਿਮਾਰੀ ਕਾਰਨ 17 ਮਿਲੀਅਨ ਤੋਂ ਵੱਧ ਅਜੋਕੇ ਸਮੇਂ 'ਚ ਹੋ ਰਹੀਆਂ ਨੇ ਮੌਤਾਂ !!!

Last Updated: Sep 30 2019 14:16
Reading time: 1 min, 43 secs

ਦੇਸ਼ ਵਿੱਚ ਦਿਨੋਂ-ਦਿਨ ਵੱਧ ਰਹੀ ਹਾਰਟ ਦੀ ਬਿਮਾਰੀ ਦੀ ਰੋਕਥਾਮ ਲਈ ਅੱਜ ਵਿਸ਼ਵ ਹਾਰਟ ਦਿਵਸ ਮੌਕੇ ਸਥਾਨਕ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਵਿਖੇ ਡਾ. ਰਜਿੰਦਰ ਮਨਚੰਦਾ ਐੱਸਐੱਮਓ ਦੇ ਦਿਸ਼ਾ-ਨਿਰਦੇਸ਼ਾਂ ਤੇ ਜਾਗਰੂਕਤਾ ਸੈਮੀਨਾਰ ਲਗਾ ਕੇ ਬਿਮਾਰੀ ਨਾਲ ਲੜਣ ਦੀ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਦਿਲ ਦੀ ਬਿਮਾਰੀ ਕਾਰਨ 17 ਮਿਲੀਅਨ ਤੋਂ ਵੱਧ ਮੌਤਾਂ ਅਜੋਕੇ ਸਮੇਂ ਵਿੱਚ ਹੋ ਰਹੀਆਂ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸੈਮੀਨਾਰ ਵਿੱਚ ਪਹੁੰਚੀਆਂ ਏਐੱਨਐੱਮ, ਐੱਮਪੀਐੱਚਡਬਲਯੂ ਮੇਲ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਲੀਆਂ ਅਤੇ ਜੰਕ ਫੂਡ ਤੋਂ ਪੂਰਨ ਪਰਹੇਜ਼ ਕਰਨ ਤਾਂ ਜੋ ਉਨ੍ਹਾਂ ਦੀ ਸਿਹਤ ਤੰਦਰੁਸਤ ਬਣੀ ਰਹੇ ਅਤੇ ਉਹ ਨਿਰੋਗ ਜੀਵਨ ਬਸਰ ਕਰ ਸਕਣ।

ਉਨ੍ਹਾਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਜਲਦੀ ਦੀ ਭਾਵਨਾ ਨਾਲ ਜੰਕ ਫੂਡ ਜਾਂ ਆਪਣੀ ਸਿਹਤ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦਾ, ਜਿਸ ਕਰਕੇ ਹਸਪਤਾਲਾਂ ਵਿੱਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਏਐੱਨਐੱਮ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਵੱਸਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਘਰੇਲੂ ਤੇ ਸ਼ੁੱਧ ਵਸਤਾਂ ਖਾਣ ਦੀ ਸਲਾਹ ਦੇਣ ਤਾਂ ਜੋ ਉਨ੍ਹਾਂ ਦੇ ਸਰੀਰ ਨੂੰ ਸਾਰੇ ਵਿਟਾਮਿਨ ਮਿਲ ਸਕਣ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅੰਕੁਸ਼ ਭੰਡਾਰੀ ਬੀਈਈ ਨੇ ਕਿਹਾ ਕਿ ਤੰਦਰੁਸਤ ਸਰੀਰ ਕਮਾਉਣਾ ਵੀ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਜਿਸ ਕਰਕੇ ਮਨੁੱਖ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸਾਫ-ਸੁਥਰੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫਲ-ਫਰੂਟ ਦੇ ਨਾਲ-ਨਾਲ ਖੁਦ ਤਿਆਰ ਕੀਤੀਆਂ ਵਸਤਾਂ ਦਾ ਸੇਵਨਾ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਾਰਟ ਦੀ ਬਿਮਾਰੀ ਦਾ ਮੁੱਖ ਕਾਰਣ ਕੈਸਟਰੋਲ ਵਧਣਾ ਹੈ, ਜੋ ਕਿ ਤਲੀਆ ਚੀਜ਼ਾਂ ਤੇ ਫਾਸਟ ਫੂਡ ਦਾ ਨਤੀਜਾ ਹੈ ਅਤੇ ਸਬਜ਼ੀਆਂ, ਫਲ ਆਦਿ ਨੂੰ ਪੂਰੀ ਵਿਧੀ ਨਾਲ ਸਾਫ ਕਰਕੇ ਹੀ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਲਈ ਮਨੁੱਖ ਨੂੰ ਸਵੇਰੇ-ਸ਼ਾਮ ਸੈਰ ਕਰਨ ਦੇ ਨਾਲ-ਨਾਲ ਸਹੀ ਸਮੇਂ ਅਨੁਸਾਰ ਖਾਣਾ ਖਾਉਣਾ ਚਾਹੀਦਾ ਹੈ ਤਾਂ ਜੋ ਲੋੜ ਅਨੁਸਾਰ ਵਿਟਾਮਿਨ ਮਨੁੱਖ ਨੂੰ ਮਿਲਦੇ ਰਹਿਣ। ਸੈਮੀਨਾਰ ਵਿੱਚ ਹਿੱਸਾ ਲੈ ਰਹੀਆਂ ਏਐੱਨਐੱਮ ਤੇ ਆਮ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਨੂੰ ਜੰਕ ਫੂਡ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਗੇ ਅਤੇ ਇਨ੍ਹਾਂ ਦਾ ਸਿੱਧਾ-ਸਿੱਧਾ ਵਿਰੋਧ ਕਰਕੇ ਵਿਟਾਮਿਨ ਭਰਪੂਰ ਹਰੀਆਂ ਸਬਜ਼ੀਆਂ ਤੇ ਫਲ ਦਾ ਸੇਵਨ ਕਰਨ ਲਈ ਪ੍ਰੇਰਿਤ ਕਰਨਗੀਆਂ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਅਤੇ ਨਾਲ ਲੱਗਦੀਆਂ ਡਿਸਪੈਂਸਰੀਆਂ ਦਾ ਸਟਾਫ ਵੀ ਹਾਜ਼ਰ ਸੀ।