ਅੱਧ ਵਾਟੇ

Last Updated: Sep 25 2019 17:59
Reading time: 1 min, 45 secs

ਜਵਾਨੀ ਪਹਿਰੇ ਉਹਦਾ ਤੁਰ ਜਾਣਾ ਮੇਰੇ ਅੰਦਰੋਂ ਬੜੀਆਂ ਰੀਝਾਂ ਨੂੰ ਮਾਰ ਗਿਆ ਸੀ, ਜਦੋਂ ਪੰਜਾਂ ਕੁ ਵਰ੍ਹਿਆਂ ਦੀ ਧੀ ਉਹਦੀ ਫ਼ੋਟੋ ਵੇਖ ਕੇ ਮਾਂ ਕਿਹਾ ਕਰਦੀ ਸੀ ਤਾਂ ਮੈਂ ਦਿਨ 'ਚ ਕਈ ਕਈ ਵਾਰ ਮਰਦਾ ਸੀ, ਮੈਨੂੰ ਅੱਜ ਯਾਦ ਏ ਜਦੋਂ ਉਹਨੂੰ ਪਹਿਲੀ ਵਾਰ ਵੇਖਣ ਗਏ ਸਾਂ, ਫਿੱਕੇ ਅਸਮਾਨੀ ਸੂਟ 'ਚ ਉਹ ਬਹੁਤੀ ਫੱਬਦੀ ਸੀ, ਜ਼ਿੰਦਗੀ ਹਾਲੇ ਉਹਦੇ ਨਾਲ ਤੁਰੀ ਨਹੀਂ ਸੀ ਜਦੋਂ ਤਿੰਨਾਂ ਕੁ ਵਰ੍ਹਿਆਂ ਦੀ ਧੀ ਹੋਣ ਤੋਂ ਬਾਅਦ ਮਾਮੂਲੀ ਜਿਹੇ ਬੁਖ਼ਾਰ ਦਾ ਜ਼ਿਕਰ ਕੀਤਾ ਉਹਨੇਂ ਇੱਕ ਦਿਨ,,ਮੈਂ ਸ਼ਾਮ ਨੂੰ ਹਸਪਤਾਲ ਲਿਜਾਣ ਦਾ ਆਖ ਮੈਂ ਕਿਸੇ ਜਾਣਕਾਰ ਨਾਲ ਉਹਦੀ ਰਿਸ਼ਤੇਦਾਰੀ 'ਚ ਚਲਾ ਗਿਆ ਸੀ, ਪਿੱਛੋਂ ਮਾਂ ਨੇ ਉਹਦੇ ਜ਼ਿਆਦਾ ਢਿੱਲੀ ਹੋਣ ਬਾਰੇ ਫ਼ੋਨ ਕੀਤਾ ਤਾਂ ਮੈਂ ਝੱਟ ਘਰ ਪਹੁੰਚ ਗਿਆ, ਹਸਪਤਾਲ ਜਾਂਦਿਆਂ ਉਹ ਵਾਰ ਵਾਰ ਕਹਿ ਰਹੀ ਸੀ, ਇਹਦਾ ਨਿੱਕੜੀ ਦਾ ਖ਼ਿਆਲ ਰੱਖਿਓ, ਪਤਾ ਨਹੀਂ ਕਿਉਂ ਮੇਰਾ ਦਿਲ ਡੁੱਬ ਰਿਹਾ ਸੀ ਉਹਦੀਆਂ ਗੱਲਾਂ ਸੁਣ ਸੁਣ ਕੇ, ਜਾਂਦਿਆਂ ਹੀ ਕੁੱਝ ਟੈੱਸਟ ਹੋਏ ਤੇ ਉਨ੍ਹਾਂ ਆਖ ਦਿੱਤਾ   "ਇਹ ਤਿੰਨਾਂ ਕੁ ਦਿਨਾਂ ਦੀ ਮਹਿਮਾਨ ਏ, ਕੈਂਸਰ ਸੀ ਅਖੀਰੀ ਘੜੀਆਂ ਤੇ, ਮੈਂ ਤਾਂ ਕੁੱਝ ਬੋਲ ਹੀ ਨਾ ਸਕਿਆ, ਮੈਂ ਉਹਦੇ ਨਾਲ ਲਿਪਟ ਗਿਆ, "ਤੂੰ ਇਉਂ ਨਹੀਂ ਕਰ ਸਕਦੀ ਮੇਰੇ ਨਾਲ, ਰੱਬ ਦਾ ਵਾਸਤਾ ਮੈਨੂੰ ਛੱਡਕੇ ਨਾਂ ਜਾਈਂ, ਮੈਂ ਸੋਚ ਰਿਹਾ ਸੀ ਕਿ ਮੈਂ ਮਰ ਰਿਹਾ ਜਾਂ ਉਹ, ਕੁੱਝ ਪਤਾ ਨਹੀਂ ਸੀ ਚੱਲ ਰਿਹਾ ਮੈਨੂੰ, ਮੈਂ ਤਿੰਨਾਂ ਵਰ੍ਹਿਆਂ ਦੀ ਧੀ ਦਾ ਵਾਸਤਾ ਦਿੱਤਾ, " ਵੇਖ ਇਹਦੇ ਵੱਲ, ਇਹਦਾ ਕੀ ਬਣੂ? ਪਰ ਉਹਦੇ ਵਸ ਦੀ ਥੋੜੀ ਸੀ ਕੋਈ ਗੱਲ, ਅਖੀਰੀ ਪੰਜ ਦਿਨ ਉਹਨੇਂ ਨਿੱਕੜੀ ਨੂੰ ਨਾਲ ਲਪੇਟੀ ਰੱਖਿਆ, ਜਿਵੇਂ ਤਮਾਮ ਉਮਰ ਦਾ ਪਿਆਰ ਉਹਨੂੰ ਪੰਜਾਂ ਦਿਨਾਂ 'ਚ ਹੀ ਦੇ ਦੇਣਾ ਚਾਹੁੰਦੀ ਹੋਵੇ। ਪੰਜਾਂ ਦਿਨਾਂ ਬਾਅਦ ਮੈਂ ਉਹਨੂੰ ਲੱਕੜਾਂ ਦੇ ਹਵਾਲੇ ਕਰ ਆਇਆ, ਤੜਕੇ ਆਥਣੇਂ ਮੈਨੂੰ ਖੋਹ ਜਿਹੀ ਪੈਂਦੀ ਮੈਂ ਸਿਵਿਆਂ ਵੱਲ ਨੂੰ ਹੋ ਤੁਰਦਾ, ਘੰਟਿਆਂ ਬੱਧੀ ਉੱਥੇ ਬੈਠਾ ਰਹਿੰਦਾ, ਆਪਣੀ ਮਾਂ ਨੂੰ ਵਾਰ ਵਾਰ ਪੁੱਛਦਾ, "ਇਹ ਕੀ ਹੋ ਗਿਆ ਮੇਰੇ ਨਾਲ?

ਮੈਂ ਸਭ ਕੁੱਝ ਭੁੱਲ ਜਾਵਾਂਗਾ, ਬਸ ਉਹ ਦੋ ਸ਼ਬਦ ਨਹੀਂ ਭੁੱਲਦਾ, "ਨਿੱਕੀ ਨੂੰ ਕਦੀ ਕੰਡਾ ਵੀ ਚੁਭਣ ਨਾ ਦਿਓ, ਰੋਟੀ ਲਈ ਮੇਰੀ ਧੀ ਨੂੰ ਜਹਿਮਤ ਨਾ ਛੇੜੀਂ, ਵੇਖ ਲਵੀਂ ਮੈਂ ਉੱਪਰੋਂ ਬੈਠੀ ਸਭ ਕੁੱਝ ਵੇਖਾਂਗੀ, ਕਦੀ ਮੁਆਫ਼ ਨੀਂ ਕਰਨਾ ਮੈਂ ਤੈਨੂੰ।

ਤੇ ਮੈਂ ਤਾਂ ਇਹ ਵੀ ਨਾ ਕਹਿ ਸਕਿਆ ਜਾਣ ਲੱਗੀ ਨੂੰ ਵੀ, "ਮੁਆਫ਼ ਤਾਂ ਮੈਂ ਤੈਨੂੰ ਨੀਂ ਕਰ ਸਕਣਾਂ, ਜਿਹੜੀ ਅੱਧ ਵਾਟੇ ਹੀ ਛੱਡ ਗਈ ਏਂ।