ਈਰਾਨ ਤੇ ਅਮਰੀਕੀ ਪਾਬੰਦੀਆਂ ਦਾ ਪੰਜਾਬ 'ਤੇ ਵੀ ਹੋਵੇਗਾ ਸਿੱਧਾ ਅਸਰ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Sep 25 2019 16:48
Reading time: 1 min, 12 secs

ਈਰਾਨ ਅਤੇ ਅਮਰੀਕਾ ਦੇ ਸੰਬੰਧਾਂ 'ਚ ਕਾਫ਼ੀ ਕੁੜੱਤਣ ਆਈ ਹੋਈ ਹੈ ਜਿਸ ਕਰਕੇ ਅਮਰੀਕਾ ਨੇ ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਰੱਦ ਕਰ ਦਿੱਤਾ ਹੈ। ਪ੍ਰਮਾਣੂ ਸਮਝੌਤਾ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਈਰਾਨ ਤੇ ਕਾਫ਼ੀ ਸਾਰੀਆਂ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਭਾਰਤ ਨੂੰ ਵੀ ਅਮਰੀਕਾ ਨੇ ਈਰਾਨ ਤੋਂ ਤੇਲ ਨਾ ਖ਼ਰੀਦਣ ਦੀ ਤਾੜਨਾ ਕੀਤੀ ਹੈ। ਭਾਰਤ ਨੇ ਪਾਬੰਦੀਆਂ ਤੋਂ ਬਚਣ ਲਈ ਅਤੇ ਈਰਾਨ ਤੋਂ ਤੇਲ ਖ਼ਰੀਦਦੇ ਰਹਿਣ ਲਈ ਇੱਕ ਰਾਹ ਕੱਢਿਆ ਸੀ ਜਿਸ ਵਿੱਚ ਭਾਰਤ ਈਰਾਨ ਨਾਲ ਤੇਲ ਦੇ ਬਦਲੇ ਚੌਲ ਦਾ ਵਪਾਰ ਕਰਦਾ ਸੀ। ਪਿਛਲੇ ਵਰ੍ਹੇ ਈਰਾਨ ਨੇ ਭਾਰਤ ਤੋਂ 14,000 ਕਰੋੜ ਰੁਪਏ ਕੀਮਤ ਦੇ 16 ਲੱਖ ਟਨ ਬਾਸਮਤੀ ਚੌਲ਼ ਬਰਾਮਦ ਕੀਤੇ ਸਨ। ਉਨ੍ਹਾਂ ਵਿੱਚੋਂ 45% ਇਕੱਲੇ ਪੰਜਾਬ ਤੋਂ ਸਨ। ਅਮਰੀਕਾ ਨੇ ਈਰਾਨ ਉੱਤੇ ਵਪਾਰਕ ਪਾਬੰਦੀਆਂ ਲਾਈਆਂ ਹੋਈਆਂ ਹਨ ਤੇ ਭਾਰਤ ਨੂੰ ਵੀ ਉਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾ ਤਾਂ ਭਾਰਤ ਇਹਨਾਂ ਪਾਬੰਦੀਆਂ ਦੇ ਚਲਦਿਆਂ ਵੀ ਤੇਲ ਖ਼ਰੀਦ ਰਿਹਾ ਸੀ ਪਰ ਹੁਣ ਅਮਰੀਕਾ ਦੇ ਸਖ਼ਤ ਹੋਣ ਨਾਲ ਭਾਰਤ ਨੂੰ ਵੀ ਈਰਾਨ ਤੋਂ ਤੇਲ ਖ਼ਰੀਦਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਮਾਮਲੇ 'ਤੇ ਈਰਾਨ ਦੇ ਸਫ਼ੀਰ ਡਾ. ਅਲੀ ਚੇਗੇਨੀ ਨੇ ਕੱਲ੍ਹ ਚੰਡੀਗੜ੍ਹ 'ਚ ਸਪਸ਼ਟ ਕਰ ਦਿੱਤਾ ਹੈ ਕਿ ਜੇ ਭਾਰਤ ਉਨ੍ਹਾਂ ਦੇ ਦੇਸ਼ ਤੋਂ ਤੇਲ ਨਹੀਂ ਖ਼ਰੀਦਦਾ, ਤਾਂ ਈਰਾਨ ਕਿਸੇ ਵੀ ਹਾਲਤ 'ਚ ਪੰਜਾਬ ਤੋਂ ਬਾਸਮਤੀ ਚੌਲ਼ ਦਰਾਮਦ ਨਹੀਂ ਕਰੇਗਾ। ਈਰਾਨੀ ਸਫ਼ੀਰ ਇਸ ਬਿਆਨ ਨੇ ਪੰਜਾਬ ਤੇ ਹਰਿਆਣਾ ਦੇ ਬਾਸਮਤੀ ਉਤਪਾਦਕ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਜੇਕਰ ਅਜਿਹਾ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡਾ ਘਾਟਾ ਪਏਗਾ ਜੋ ਇੱਕ ਪਹਿਲਾ ਤੋਂ ਮੁਸ਼ਕਿਲ ਕਿਸਾਨੀ ਲਈ ਬੇਹੱਦ ਮਾੜਾ ਹੋਵੇਗਾ।