ਲੱਗਦੈ, ਔਖ਼ਾ ਹੋ ਜਾਊ ਕਾਂਗਰਸ ਲਈ 'ਜਲਾਲਾਬਾਦ' ਜਿੱਤਣਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 25 2019 11:13
Reading time: 2 mins, 26 secs

ਜਿਵੇਂ-ਜਿਵੇਂ ਜਿੰਮਨੀ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਹ ਸੁੱਤੇ ਪਏ ਹਨ। ਹਰ ਵਾਰ ਦੀ ਤਰ੍ਹਾਂ ਫਿਰ ਤੋਂ ਝੂਠੇ ਵਾਅਦਿਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ। ਕਾਂਗਰਸ ਦੇ ਵੱਲੋਂ ਆਪਣੇ ਜਿੰਮਨੀ ਚੋਣਾਂ ਦੇ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ, ਜਦੋਂਕਿ ਅਕਾਲੀ ਦਲ ਦੇ ਵੱਲੋਂ ਇਕ ਹੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਲਾਲਾਬਾਦ ਵਿਧਾਨ ਸਭਾ ਹਲਕਾ, ਜਿੱਥੋਂ ਪਹਿਲੋਂ ਵਿਧਾਇਕ ਸੁਖਬੀਰ ਸਿੰਘ ਬਾਲਦ ਸਨ।

ਸੁਖਬੀਰ ਬਾਦਲ ਦੇ ਵੱਲੋਂ ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਇਸ ਵਾਰ ਚੋਣ ਲੜੀ ਗਈ, ਜਿਸ 'ਤੇ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਚੋਖੀਆਂ ਵੋਟਾਂ ਨਾਲ ਹਰਾਇਆ। ਸੁਖਬੀਰ ਬਾਦਲ ਦੇ ਐਮ.ਪੀ. ਬਨਣ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕਾ ਖ਼ਾਲੀ ਸੀ, ਜਿੱਥੇ ਹੁਣ ਜਿੰਮਨੀ ਚੋਣ ਹੋਣ ਜਾ ਰਹੀ ਹੈ। ਅਕਾਲੀ ਦਲ ਦੇ ਵੱਲੋਂ ਜਲਾਲਾਬਾਦ ਤੋਂ ਆਪਣਾ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ, ਜਦੋਂਕਿ ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਰਮਿੰਦਰ ਆਵਲਾ ਨੂੰ ਐਲਾਨਿਆ ਗਿਆ ਹੈ।

ਰਮਿੰਦਰ ਆਵਲਾ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ, ਜਦੋਂਕਿ ਜਲਾਲਾਬਾਦ ਤੋਂ ਟਿਕਟ ਨਾ ਮਿਲਣ ਦੇ ਕਾਰਨ ਟਕਸਾਲੀ ਕਾਂਗਰਸੀ ਆਪਣੇ ਅਸਤੀਫ਼ੇ ਦੇ ਰਹੇ ਹਨ। ਜਿਸ ਦੇ ਕਾਰਨ ਕਾਂਗਰਸ ਦੇ ਲਈ ਔਖ਼ਾ ਹੋਇਆ ਪਿਆ ਹੈ ਜਲਾਲਾਬਾਦ ਵਿਧਾਨ ਸਭਾ ਹਲਕਾ ਜਿੱਤਣਾ। ਦੂਜੇ ਪਾਸੇ ਜੇਕਰ ਆਪਾਂ ਗੱਲ ਲੋਕ ਮਸਲਿਆਂ ਦੀ ਕਰੀਏ ਤਾਂ 2 ਸਾਲ ਸੁਖਬੀਰ ਬਾਦਲ ਜਲਾਲਾਬਾਦ ਤੋਂ ਵਿਧਾਇਕ ਰਹੇ, ਪਰ ਉਨ੍ਹਾਂ ਨੇ ਜਲਾਲਾਬਾਦ ਨੂੰ ਕੁਝ ਵੀ ਨਹੀਂ ਦਿੱਤਾ, ਜਦੋਂਕਿ ਚੋਣ ਜਿੱਤਣ ਤੋਂ ਬਾਅਦ ਜਲਾਲਾਬਾਦ ਵੀ ਬਹੁਤ ਘੱਟ ਆਏ।

ਲੋਕਾਂ ਨੂੰ ਲਾਰੇ ਲਾਉਂਦੇ ਰਹੇ ਕਿ ਉਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਨਹੀਂ, ਇਸ ਲਈ ਵਿਕਾਸ ਹੋਣਾ ਹੁਣ ਔਖ਼ਾ ਹੈ। ਦੂਜੇ ਪਾਸੇ ਲੋਕਾਂ ਨੇ ਵੀ ਸੁਖਬੀਰ ਦੀ ਇਹ ਗੱਲ ਮੰਨ ਲਈ ਅਤੇ ਵਿਕਾਸ ਨਾ ਹੋਣ ਦਾ ਦੋਸ਼ੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਦਿੱਤਾ। ਕੈਪਟਨ ਦਾ ਵਿਰੋਧ ਹੁਣ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਵਰਗ ਆਦਿ ਕਰ ਰਿਹਾ ਹੈ। ਜਿਸ ਦੇ ਚੱਲਦਿਆਂ ਹੋਇਆ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਵਰਗ ਆਦਿ ਦੇ ਵੱਲੋਂ ਜਿੰਮਨੀ ਚੋਣਾਂ ਦੇ ਵਿੱਚ ਸਰਕਾਰ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਜਿੰਮਨੀ ਚੋਣਾਂ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਵਰਗ ਆਦਿ ਵੱਲੋਂ ਜਲਾਲਾਬਾਦ ਸਮੇਤ 4 ਵਿਧਾਨ ਸਭਾ ਹਲਕਿਆਂ ਉਪਰ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਭਾਵੇਂ ਹੀ ਅਕਾਲੀ ਦਲ ਅਤੇ ਕਾਂਗਰਸ ਦੀ ਪਹਿਲੋਂ ਹੀ ਆਪਸ ਵਿੱਚ ਸੀਟਾਂ ਜਿੱਤਣ ਦੀ ਸੈਟਿੰਗ ਹੋਈ ਪਈ ਹੈ। ਹੋਰਨਾਂ ਦਾ ਤਾਂ ਪਤਾ ਨਹੀਂ, ਪਰ ਜਲਾਲਾਬਾਦ ਜਿੱਤਣਾ ਕਾਂਗਰਸ ਪਾਰਟੀ ਦੇ ਲਈ ਔਖ਼ਾ ਹੋਇਆ ਪਿਆ ਹੈ। ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ।

ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਮੁਲਾਜ਼ਮਾਂ 'ਤੇ ਹੀ ਤਸ਼ੱਦਦ ਢਾਹ ਰਹੀ ਹੈ। ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਨ੍ਹਾਂ ਜਿੰਮਨੀ ਚੋਣਾਂ ਦੇ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲ ਸਕਦੀ ਹੈ ਅਤੇ ਬਾਜ਼ੀ ਵੀ ਕੁਲ ਮਿਲਾ ਕੇ ਪਲਟ ਸਕਦੀ ਹੈ। ਕਈ ਧਿਰਾਂ ਵੱਲੋਂ ਕੈਪਟਨ ਵਿਰੁੱਧ ਜਿੰਮਨੀ ਚੋਣਾਂ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਬਾਕੀ ਦੇਖ਼ਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।