ਕੀ, ਜਾਂਚ ਦੇ ਹੁਕਮ ਹੀ ਕਾਫੀ ਹਨ ਹਾਦਸਿਆਂ ਨੂੰ ਰੋਕਣ ਲਈ ?(ਨਿਊਜ਼ਨੰਬਰ ਖਾਸ ਖਬਰ)

Last Updated: Sep 24 2019 11:45
Reading time: 2 mins, 19 secs

ਪੰਜਾਬ ਦੇ ਜਿਲ੍ਹਾ ਗੁਰਦਸਪੂਰ ਦੇ ਬਟਾਲਾ 'ਚ 4 ਸਤੰਬਰ ਨੂੰ ਰਿਹਾਇਸ਼ੀ ਇਲਾਕੇ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੀ ਗੂੰਜ ਹਲੇ ਵੀ ਕੰਨਾਂ 'ਚ ਗੂੰਜਦੀ ਹੈ ਜਦੋ ਉਸ ਘਟਨਾ ਨੂੰ ਯਾਦ ਕਰਕੇ ਵਿਛੀਆਂ ਮਨੁਖੀ ਲਾਸ਼ਾਂ ਅਤੇ ਉਨ੍ਹਾਂ ਦੇ ਸ਼ਰੀਰਾਂ ਦੇ ਖਿੱਲਰੇ ਹਿੱਸਿਆਂ ਦਾ ਉਹ ਮੰਜਰ ਅਖਾਂ ਸਾਹਮਣੇ ਆਉਂਦਾ ਹੈ। ਬੇਸ਼ਕ ਉਸ ਦਰਦਨਾਕ ਹਾਦਸੇ ਦੇ ਮੌਕੇ ਦੇ ਗਵਾਹ ਉਸ ਇਲਾਕੇ ਦੇ ਫੈਕਟਰੀ ਦੇ ਆਲੇ ਦੁਆਲੇ ਰਹਿੰਦੇ ਲੋਕ ਰਹੇ ਜਿਨ੍ਹਾਂ ਦੀਆਂ ਅਖਾਂ ਮੁਹਰੇ ਇਹ ਹਾਦਸਾ ਵਾਪਰਿਆ ਜਿਸ ਵਿੱਚ ਕਰੀਬ 24 ਜਣਿਆ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਹਾਦਸੇ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਨੂੰ ਹਥ੍ਹਾਂ ਪੈਰਾ ਦੀ ਪੈ ਗਈ ਅਤੇ ਪੁਲਿਸ ਨੇ ਫੈਕਟਰੀ ਸੰਚਾਲਕਾਂ 'ਤੇ ਮੁਕਦਮਾ ਦਰਜ ਕਰ ਲਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਵਜੋ ਮੁਆਵਜੇ ਦਾ ਐਲਾਨ, ਗੰਭੀਰ ਫੱਟੜਾ ਅਤੇ ਮਾਮੂਲੀ ਫੱਟੜਾ ਨੂੰ ਵੀ ਆਰਥਿਕ ਮਦਦ ਦੇ ਨਾਲ ਮੁਫਤ ਇਲਾਜ ਸਣੇ ਸਰਕਾਰ ਵੱਲੋਂ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਗਏ। ਪਟਾਕੇ ਨੂੰ ਸਟੋਰ ਕਰਨ ਅਤੇ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬਿਨਾ ਲਾਈਸੈਂਸ ਕੰਮ ਕਰਨ 'ਤੇ ਕਾਰਵਾਈ ਦੇ ਹੁਕਮ, ਛਾਪੇਮਾਰੀ ਕਰਕੇ ਨਾਜਾਇਜ ਤੌਰ 'ਤੇ ਸਟੋਰ ਕੀਤੇ ਗਏ ਪਟਾਕੇ ਦੇ ਜਖੀਰੇ ਬਰਾਮਦ ਕਰਨ ਦੇ ਨਾਲ ਅਫਸਰਾਂ ਨੇ ਪੂਰਾ ਮਾਹੋਲ ਅਜਿਹਾ ਬਣਾ ਦਿਤਾ ਕਿ ਕਿਸੇ ਘਰ 'ਚ ਪਿਛਲੇ ਸਾਲ ਦੀ ਕੋਈ ਇੱਕ ਅਧੀ ਫੁਲਝੜੀ ਵੀ ਜੇਕਰ ਪਈ ਸੀ ਤਾਂ ਉਸਨੇ ਡਰ ਮਾਰੇ ਉਸਨੂੰ ਵੀ ਕੀਤੇ ਸੁੱਟ ਦਿਤਾ ਪ੍ਰੰਤੂ ਅੱਜ ਲੋਕਾਂ ਤੇ ਪ੍ਰਸ਼ਾਸਨ ਦੇ ਸ਼ਾਇਦ ਧਿਆਨ ਬਟਾਲਾ ਹਾਦਸੇ ਤੋ ਹੱਟ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਕੋਈ ਪਟਾਕਾ ਸਟੋਰ ਕਿੱਤਿਆ ਜਾ ਫਿਰ ਪਟਾਕਾ ਬਣਾਉਣ ਵਾਲੇ ਤੱਕ ਪ੍ਰਸ਼ਾਸਨ ਦੇ ਹੱਥ ਨਹੀ ਪਹੁੰਚੇ ਹਨ। 

ਬਟਾਲਾ ਹਾਦਸੇ ਤੋ ਦੇਸ਼ ਨੂੰ ਸਬਕ ਲੈਣ ਦੀ ਲੋੜ ਸੀ ਪਰ ਲਗਦਾ ਹੈ ਕਿ ਹਰ ਘਟਨਾ ਦੇ ਕੁਛ ਦਿਨਾਂ ਬਾਅਦ ਲੋਕ, ਪ੍ਰਸ਼ਾਸਨ, ਸਰਕਾਰਾਂ ਇਨ੍ਹਾਂ ਘਟਨਾਵਾਂ ਨੂੰ ਭੁਲ ਜਾਂਦੀਆਂ ਹਨ ਜਿਸਦੇ ਚਲਦੇ ਜਦੋ ਘਟਨਾ ਮੁੜ ਵਾਪਰਦੀ ਹੈ ਤਾਂ ਇੱਕ ਵਾਰ ਫਿਰ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਕੇ ਰੋਲਾ ਪਾਇਆ ਜਾਂਦਾ ਹੈ। ਹੁਣ ਬੀਤੇ ਦਿਨ ਏਟਾ ਜਿਲ੍ਹੇ ਦੇ ਮਿਰਹਚੀ ਖੇਤਰ 'ਚ ਇੱਕ ਪਟਾਕਾ ਬਣਾਉਣ ਵਾਲੀ ਫੈਕਟਰੀ 'ਚ ਵਿਸਫੋਟ ਹੋ ਗਿਆ ਅਤੇ ਉਸ ਵਿੱਚ ਕਰੀਬ 7 ਜਣਿਆ ਦੀ ਮੌਤ ਅਤੇ ਦਰਜਨ ਭਰ ਲੋਕ ਫੱਟੜ ਹੋ ਗਏ। ਇਹ ਫੈਕਟਰੀ ਵੀ ਰਿਹਾਇਸ਼ੀ ਇਲਾਕੇ 'ਚ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਬਿਨਾ ਕਿਸੇ ਮੰਜੂਰੀ ਦੇ ਇਸਨੂੰ ਚਲਾਇਆ ਜਾ ਰਿਹਾ ਸੀ। ਹਾਦਸੇ ਤੋ ਬਾਅਦ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ। ਸਿਰਫ ਇਹੀ ਮਾਮਲੇ ਨਹੀ ਹਨ, ਜਿਨ੍ਹਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ਅਕਸਰ ਹੀ ਇਹੀ ਹੁੰਦਾ ਹੈ ਕਿ ਜਿਥੇ ਪ੍ਰਸ਼ਾਸਨ ਜਾ ਫਿਰ ਸਰਕਾਰ 'ਤੇ ਬਣੀ ਹੋਵੇ ਉਥੇ ਜਾਂਚ ਦੇ ਹੁਕਮ ਜਾਰੀ ਕਰਕੇ ਆਪਣੀਆਂ ਜਿੰਮੇਵਾਰੀਆਂ ਤੋ ਕਿਨਾਰਾ ਕਰ ਲਿਆ ਜਾਂਦਾ ਹੈ ਜਦੋ ਕਿ ਹਰ ਨਾਜਾਇਜ ਕੰਮ ਬਾਰੇ ਪ੍ਰਸ਼ਾਸਨ ਤੇ ਸਰਕਾਰ ਦੀ ਨਜਰ ਹੁੰਦੀ ਹੈ ਪ੍ਰੰਤੂ ਉਸਨੂੰ ਅਣਦੇਖਿਆ ਕਰ ਦਿਤਾ ਜਾਂਦਾ ਹੈ। ਇਸਲਈ ਜੇ ਕਰ ਸਰਕਾਰ, ਇਨ੍ਹਾਂ ਦੇ ਨੁਮਾਇੰਦੇ, ਪ੍ਰਸ਼ਾਸਨ ਦੇ ਅਧਿਕਾਰੀ ਆਪਣੀ ਜਿੰਮੇਵਾਰੀ ਨੂੰ ਸਮਝਣ ਤਾਂ ਬਟਾਲਾ ਪਟਾਕਾ ਫੈਕਟਰੀ ਹਾਦਸੇ ਵਰਗੇ ਹਾਦਸਿਆ ਨੂੰ ਹੋਣ ਤੋ ਰੋਕਿਆ ਜਾ ਸਕਦਾ ਹੈ ਅਤੇ ਇਨ੍ਹਾਂ 'ਚ ਜਾਨ ਗਵਾਉਣ ਵਾਲੇ ਬੇਗੁਨਾਹ ਲੋਕਾਂ ਦੀਆਂ ਜ਼ਿੰਦਗਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ।