ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੀ ਚੇਅਰਪਰਸਨ ਚੁਣੀ ਗਈ ਮਨਦੀਪ ਕੌਰ ਬਧੌਛੀ, ਪ੍ਰਵੀਨ ਰਾਣਾ ਬਣੀ ਵਾਈਸ ਚੇਅਰਪਰਸਨ

Last Updated: Sep 20 2019 19:26
Reading time: 2 mins, 14 secs

ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਅੱਤੇਵਾਲੀ ਸਥਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਅਸਿਸਟੈਂਟ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਐਸ.ਡੀ.ਐਮ ਫ਼ਤਿਹਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਦੀ ਦੇਖ ਰੇਖ ਹੇਠ ਪੂਰੇ ਅਮਨ ਅਮਾਨ ਨਾਲ ਸੰਪੰਨ ਹੋਈ। ਇਸ ਚੋਣ ਦੌਰਾਨ ਸਰਬਸੰਮਤੀ ਦੇ ਨਾਲ ਸ਼੍ਰੀਮਤੀ ਮਨਦੀਪ ਕੌਰ ਬਧੌਛੀ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਸ਼੍ਰੀਮਤੀ ਪ੍ਰਵੀਨ ਰਾਣਾ ਨੂੰ ਵਾਈਸ ਚੇਅਰਪਰਸਨ ਵਜੋਂ ਚੁਣਿਆ ਗਿਆ। ਚੋਣ ਮੌਕੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ, ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਅਤੇ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਸਰਬਸੰਮਤੀ ਨਾਲ ਚੋਣ ਹੋਣ ਉਪਰੰਤ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਨਵਨਿਯੁਕਤ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਹੁਣ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਮੂਹ ਮੈਂਬਰ ਮਿਲ ਕੇ ਵਿਕਾਸ ਕੰਮਾਂ ਪ੍ਰਤੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਸਮੂਹ ਮੈਂਬਰਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਵੀ ਦਿੱਤਾ ਅਤੇ ਸਮੁੱਚੇ ਮੈਂਬਰਾਂ ਨੂੰ ਇੱਕ ਟੀਮ ਦੇ ਤੌਰ ਤੇ ਕੰਮ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਨੂੰ ਪੰਜਾਬ ਦਾ ਮਾਡਲ ਜ਼ਿਲ੍ਹਾ ਬਣਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਵੇਗੀ।

ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਸਮੇਤ ਸਮੁੱਚੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਦੀ ਉਸਾਰੂ ਸੋਚ ਸਦਕਾ ਸਰਬਸੰਮਤੀ ਨਾਲ ਚੋਣ ਹੋਈ ਹੈ। ਜਿਸ ਨਾਲ ਪਾਰਟੀ ਨੂੰ ਹੋਰ ਵੀ ਮਜ਼ਬੂਤੀ ਮਿਲੀ ਹੈ। ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਵਧਾਈ ਦਿੰਦੇ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਸਦਕਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਅਤੇ ਹੁਣ ਇਹ ਸਮੁੱਚੀ ਟੀਮ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗੀ। ਕਾਂਗਰਸ ਪਾਰਟੀ ਨੇ ਹਮੇਸ਼ਾ ਔਰਤਾਂ ਨੂੰ ਮਾਣ ਸਨਮਾਨ ਦੇ ਕੇ ਨਵਾਜਿਆ ਹੈ ਜਿਸ ਤਹਿਤ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਲਈ ਔਰਤਾਂ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਵਜੋਂ ਚੋਣ ਹੋਈ ਹੈ ਅਤੇ ਸਰਬਸੰਮਤੀ ਨਾਲ ਚੋਣ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਹਰਕੰਵਲਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਸਵੀਰ ਸਿੰਘ, ਬਲਿਹਾਰ ਸਿੰਘ, ਪਲਵਿੰਦਰ ਕੌਰ, ਗੁਰਜੀਤ ਸਿੰਘ, ਜਸਵਿੰਦਰ ਕੌਰ, ਕਰਮਜੀਤ ਕੌਰ, ਜੋਗਿੰਦਰ ਸਿੰਘ, ਅਮਰਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਜਸਮੀਤ ਕੌਰ, ਗੁਰਮੇਲ ਸਿੰਘ ਆਦਿ ਤੋਂ ਇਲਾਵਾ ਰਾਮ ਕ੍ਰਿਸ਼ਨ ਭੱਲਾ ਪੀ.ਏ. ਵਿਧਾਇਕ ਰਣਦੀਪ ਸਿੰਘ ਨਾਭਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਭਾਸ਼ ਸੂਦ, ਭੁਪਿੰਦਰ ਸਿੰਘ ਬਧੌਛੀ, ਗੁਰਮੁਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ, ਮੈਂਬਰ ਬਲਾਕ ਸੰਮਤੀ ਜਤਿੰਦਰ ਕੁਮਾਰ ਬੱਬੂ, ਅਮੀ ਚੰਦ, ਸਤਬੀਰ ਸਿੰਘ ਨੌਗਾਵਾਂ, ਰਵਿੰਦਰ ਸਿੰਘ ਮਨੈਲਾ, ਰਜਿੰਦਰ ਸਿੰਘ ਬਿੱਟੂ, ਜਸਮੀਤ ਸਿੰਘ ਰਾਜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਗਬੀਰ ਸਿੰਘ ਸਲਾਣਾ ਬਲਾਕ ਪ੍ਰਧਾਨ, ਮੋਹਣ ਸਿੰਘ ਸਰਪੰਚ, ਬਲਵਿੰਦਰ ਸਿੰਘ ਗੁਰਧਨਪੁਰ, ਸ਼ਰਨ ਭੱਟੀ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।