ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ, ਮੁੰਡੇ ਨੂੰ ਕੀਤਾ ਗੰਭੀਰ ਜ਼ਖਮੀ, ਮੌਕੇ ਤੋਂ ਫ਼ਰਾਰ

Last Updated: Sep 20 2019 18:08
Reading time: 0 mins, 54 secs

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਅਤੇ ਮੁੰਡੇ ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਸਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੁੰਡਾ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਮੱਤਾ ਰੋਡ ਵਾਸੀ ਮਿੱਠੂ ਸਿੰਘ ਵੱਲੋਂ ਬੀਤੀ ਰਾਤ ਆਪਣੀ ਪਤਨੀ ਮਲਕੀਤ ਕੌਰ (60) ਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸਦੇ ਬਾਅਦ ਉਸ ਨੇ ਆਪਣੇ ਮੁੰਡੇ ਗੁਰਤੇਜ ਸਿੰਘ (20) ਦੇ ਵੀ ਸਿਰ ਤੇ ਵਾਰ ਕੀਤਾ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਇਸਦੇ ਬਾਅਦ ਉਕਤ ਮੁਲਜ਼ਮ ਮਿੱਠੂ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸਦੇ ਦੂਜੇ ਮੁੰਡੇ ਵੱਲੋਂ ਲੋਕਾਂ ਨੂੰ ਇਕੱਠਾ ਕੀਤਾ ਗਿਆ। ਫ਼ਿਲਹਾਲ ਜੈਤੋ ਪੁਲਿਸ ਵੱਲੋਂ ਐੱਸ.ਐਚ.ਓ. ਮੁਖ਼ਤਿਆਰ ਸਿੰਘ ਗਿੱਲ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਮਿੱਠੂ ਸਿੰਘ ਦੀ ਸ਼ਰਾਬ ਦੀ ਮਾੜੀ ਆਦਤ ਅਤੇ ਪਰਿਵਾਰ ਵੱਲੋਂ ਬਾਹਰ ਨਰਮ ਚੁਗਣ ਜਾਣ ਸਮੇਂ ਮਿੱਠੂ ਸਿੰਘ ਨੂੰ ਨਾਲ ਨਹੀਂ ਲੈ ਕੇ ਜਾਣ ਦੇ ਕਾਰਨ ਵਾਪਰੀ ਦੱਸੀ ਜਾਂਦੀ ਹੈ।