ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿੱਧੀ ਚੁਨੌਤੀ ਦੇ ਗਏ ਸਿਮਰਜੀਤ ਬੈਂਸ, ਪੁਲਿਸ ਰਹੀ ਹੱਥ ਮੱਲਦੀ !

Last Updated: Sep 20 2019 17:33
Reading time: 3 mins, 36 secs

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਬਟਾਲਾ ਪਹੁੰਚ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੁੱਚੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਿੱਥੇ ਸਿੱਧੀ ਸਿੱਧੀ ਚੁਨੌਤੀ ਦਿੱਤੀ ਉੱਥੇ ਪੁਲਿਸ ਦੀ ਨੱਕ ਥੱਲੇ ਧਰਨਾ ਪ੍ਰਦਰਸ਼ਨ ਕਰਕੇ ਚਲਦੇ ਬਣੇ ਪਰ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਂਦਾ ਆ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਕੁਝ ਵੀ ਨਹੀਂ ਸਕਿਆ ਜਿਸ ਕਰਕੇ ਲੋਕਾਂ ਵਿੱਚ ਜਿੱਥੇ ਬੈਂਸ ਇੱਕ ਹੀਰੋ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਵੀ ਕਈ ਤਰਾਂ ਦੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।

ਬੈਂਸ ਦਾ ਪਿਆ ਸੀ ਡੀ.ਸੀ ਨਾਲ ਪੰਗਾ: ਬੀਤੀ 4 ਸਤੰਬਰ ਨੂੰ ਬਟਾਲਾ ਵਿੱਚ ਵਾਪਰੇ ਮੰਦਭਾਗੇ ਹਾਦਸੇ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਹਮਾਇਤ 'ਤੇ ਪਹੁੰਚੇ ਬੈਂਸ ਦੀ ਉਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨਾਲ ਕਹਾ ਸੁਣੀ ਹੋ ਗਈ ਸੀ ਤੇ ਤਕਰਾਰ ਇਸ ਕਦਰ ਵੱਧ ਗਈ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੈਂਸ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਸੀ।

ਬੈਂਸ ਨੇ ਲਾਏ ਸਨ ਮੁੱਖ ਮੰਤਰੀ 'ਤੇ ਇਲਜ਼ਾਮ: ਕੇਸ ਦਰਜ਼ ਹੋਣ ਤੇ ਬੈਂਸ ਨੇ ਇਸ ਲਈ ਸਿੱਧਾ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਗਾਇਆ ਸੀ ਤੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਉਨ੍ਹਾਂ 'ਤੇ ਕੇਸ ਦਰਜ਼ ਕਰਵਾਇਆ ਹੈ ਜਿਸ ਕਰਕੇ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ।

ਆਪਣੇ ਸਟੈਂਡ 'ਤੇ ਅਜੇ ਹਨ ਅੜੇ: ਬੈਂਸ ਤੇ ਡੀਸੀ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਕੇਸ ਦਰਜ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਬੈਂਸ ਆਪਣੇ ਸ਼ਬਦ ਵਾਪਸ ਲੈ ਲੈਣਗੇ ਜਾਂ ਮੁਆਫ਼ੀ ਮੰਗ ਲੈਣਗੇ ਪਰ ਬੈਂਸ ਵੱਲੋਂ ਕਿਸੇ ਵੀ ਤਰ੍ਹਾਂ ਅਜਿਹਾ ਨਹੀਂ ਕੀਤਾ ਗਿਆ ਬਲਕਿ ਉਹ ਅਜੇ ਵੀ ਆਪਣੇ ਕਹੇ ਸ਼ਬਦਾਂ ਤੇ ਕਾਇਮ ਹਨ ਤੇ ਆਪਣੇ ਸਟੈਂਡ ਤੇ ਪੂਰੀ ਤਰਾਂ ਅੜੇ ਹੋਏ ਹਨ।

ਮੁੱਖ ਮੰਤਰੀ ਨਾਲ ਲਾਇਆ ਹੈ ਮੱਥਾ: ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਬਟਾਲਾ ਵਿਖੇ ਸੰਬੋਧਨ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸਿਟੀ ਸੈਂਟਰ ਵਰਗੇ ਬਹੁ ਕਰੋੜੀ ਘਪਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਧਿਰ ਬਣਦਿਆਂ ਸਿੱਧਾ ਮੱਥਾ ਕੈਪਟਨ ਨਾਲ ਲਾਇਆ ਹੋਇਆ ਹੈ ਜਿਸ ਕਰਕੇ ਉਨ੍ਹਾਂ 'ਤੇ ਝੂਠੇ ਕੇਸ ਦਰਜ਼ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਾਦਲਾਂ ਦੀ ਤੁਲਨਾ ਮੁਗ਼ਲ ਹਾਕਮਾਂ ਨਾਲ ਕਰ ਗਏ: ਆਪਣੇ ਜੋਸ਼ੀਲੇ ਤੇ ਤੇਜ਼ ਤਰਾਰ ਭਾਸ਼ਣਾ ਕਰਕੇ ਜਾਣੇ ਜਾਂਦੇ ਵਿਧਾਇਕ ਬੈਂਸ ਨੇ ਅੱਜ ਬਟਾਲਾ ਵਿਖੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਤੁਲਨਾ ਮੁਗ਼ਲ ਹਾਕਮ ਜਕਰੀਆ ਖਾਨ ਨਾਲ ਕਰ ਦਿੱਤੀ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਤਾਂ ਕਦੇ ਬਾਦਲਾਂ ਦੀਆ ਜ਼ਿਆਦਤੀਆਂ ਤੋਂ ਨਹੀਂ ਸਨ ਡਰੇ ਹੁਣ ਕਿਸ ਤੋਂ ਡਰਨਗੇ।

ਪੁਲਿਸ ਨੂੰ ਦਿੱਤੀ ਸਿੱਧੀ ਚੁਨੌਤੀ: ਵਿਧਾਇਕ ਬੈਂਸ ਜੋ ਆਪਣੇ ਹਜ਼ਾਰਾ ਸਮਰਥਕਾਂ ਨਾਲ ਹਾਦਸਾ ਪੀੜਤਾਂ ਦੇ ਹੱਕ ਵਿੱਚ ਡਟੇ ਹੋਏ ਸਨ ਨੇ ਪੁਲਿਸ ਕਈ ਵਾਰ ਸਿੱਧੀ ਚੁਨੌਤੀ ਦਿੱਤੀ ਤੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

ਪੁਲਿਸ ਗ੍ਰਿਫ਼ਤਾਰੀ ਤੋਂ ਭੱਜਦੀ ਦਿੱਖੀ: ਪਹਿਲਾਂ ਤਾਂ ਦਬਾਅ ਅਧੀਨ ਬਟਾਲਾ ਪੁਲਿਸ ਵੱਲੋਂ ਵਿਧਾਇਕ ਬੈਂਸ ਤੇ ਕੇਸ ਦਰਜ਼ ਕਰ ਲਿਆ ਗਿਆ ਸੀ ਤੇ ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਪੁਲਿਸ ਗ੍ਰਿਫ਼ਤਾਰੀ ਲਈ ਲੁਧਿਆਣੇ ਵੀ ਗਈ ਸੀ ਪਰ ਬੈਂਸ ਦੇ ਬਟਾਲਾ ਵਿਖੇ ਪਹੁੰਚਣ ਤੇ ਬਟਾਲਾ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਗ੍ਰਿਫ਼ਤਾਰੀ ਤੋਂ ਭੱਜਦੀ ਦਿਖਾਈ ਦਿੱਤੀ।

ਜਾਂਚ ਦੀ ਗੱਲ ਕਰਕੇ ਛੜਾਈ ਪੁਲਿਸ ਮੁਖੀ ਨੇ ਆਪਣੀ ਜਾਨ: ਜਦੋਂ ਬੈਂਸ ਦੀ ਗ੍ਰਿਫ਼ਤਾਰੀ ਸਬੰਧੀ ਪੁਲਿਸ ਮੁਖੀ ਬਟਾਲਾ ਨੂੰ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੀ ਜਾਨ ਬਚਾਉਂਦਿਆਂ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ ਜਿਸ ਕਰਕੇ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕਦੀ।

ਮੀਡੀਆ ਨੂੰ ਵੀ ਲੰਬੇ ਹੱਥੀਂ ਲਿਆ ਬੈਂਸ ਨੇ: ਆਪਣੇ ਸੰਬੋਧਨ ਵਿੱਚ ਬੈਂਸ ਨੇ ਮੀਡੀਆ ਦੇ ਇੱਕ ਹਿੱਸੇ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਮੀਡੀਆ ਵੀ ਸੱਤਾਧਾਰੀਆਂ ਦੇ ਹੱਕ ਦੀ ਹੀ ਗੱਲ ਕਰਦੀ ਹੈ ਇਸ ਲਈ ਉਨ੍ਹਾਂ ਨੂੰ ਜ਼ਿਆਦਾ ਭਰੋਸਾ ਹੁਣ ਮੀਡੀਆ 'ਤੇ ਨਹੀਂ ਰਹਿ ਗਿਆ ਹੈ। ਬੈਂਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਮੀਡੀਆ ਨੇ ਨੇਤਾ ਨਹੀਂ ਬਣਾਇਆ ਹੈ ਉਹ ਤਾਂ ਜ਼ਮੀਨ ਨਾਲ ਜੁੜੇ ਹੋਏ ਹਨ।

ਖ਼ੁਦ ਦਰੀਆਂ ਵਿਛਾਉਣ ਲੱਗ ਜਾਂਦੈ: ਬੈਂਸ ਨੇ ਕਿਹਾ ਹੈ ਕਿ ਉਹ ਰਵਾਇਤੀ ਪਾਰਟੀਆਂ ਦੇ ਪ੍ਰਧਾਨਾ ਵਰਗੇ ਨਹੀਂ ਹਨ ਜੋ ਬਾਅਦ ਵਿੱਚ ਆਉਂਦੇ ਹਨ ਉਹ ਤਾਂ ਇੱਕ ਵਰਕਰ ਅਤੇ ਆਪਣੀ ਪਾਰਟੀ ਦੇ ਮੈਂਬਰਾਂ ਨਾਲ ਇੱਕ ਪਰਿਵਾਰ ਵਾਗ ਵਿਚਰਦੇ ਹਨ ਤੇ ਜੇਕਰ ਲੋੜ ਪਵੇ ਤਾਂ ਉਹ ਖ਼ੁਦ ਦਰੀਆਂ ਤੱਕ ਵਿਛਾਉਣ ਲੱਗ ਪੈਂਦੇ ਹਨ।

ਸੋਸ਼ਲ ਮੀਡੀਆ ਦੀ ਕੀਤੀ ਰੱਜ ਕੇ ਤਾਰੀਫ਼: ਅੱਜ ਬੈਂਸ ਨੇ ਜਿੱਥੇ ਹੋਰ ਮੀਡੀਆ ਦੇ ਖ਼ਿਲਾਫ਼ ਭੜਾਸ ਕੱਢੀ ਉੱਥੇ ਸੋਸ਼ਲ ਮੀਡੀਆ ਦੀ ਰੱਜ ਕੇ ਤਾਰੀਫ਼ ਵੀ ਕੀਤੀ । ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਅੱਜ ਸੋਸ਼ਲ ਮੀਡੀਆ ਦਾ ਜੁਗ ਹੈ ਨਹੀਂ ਤਾਂ ਸੱਤਾਧਾਰੀਆਂ ਤੇ ਪੈਸੇ ਵਾਲਿਆਂ ਨੇ ਕਿਸੇ ਦੀ ਖ਼ਬਰ ਵੀ ਨਹੀਂ ਸੀ ਲੱਗਣ ਦੇਣੀ।

ਭਵਿੱਖ ਵਿੱਚ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਰਹਿਣਗੇ ਡਟੇ: ਬੈਂਸ ਨੇ ਕਿਹਾ ਕਿ ਉਹ ਇਮਾਨਦਾਰ ਅਫ਼ਸਰਾਂ ਦੀ ਕਦਰ ਕਰਦੇ ਹਨ ਪਰ ਭ੍ਰਿਸ਼ਟ ਤੇ ਤਾਨਸਾਹੀ ਰਵੱਈਆ ਰੱਖਣ ਵਾਲਿਆਂ ਦੇ ਉਹ ਖ਼ਿਲਾਫ਼ ਹਨ ਤੇ ਭਵਿੱਖ ਵਿੱਚ ਵੀ ਉਹ ਅਜਿਹੇ ਅੰਦੋਲਨ ਜਾਰੀ ਰੱਖਣਗੇ।