ਬੈਂਸ ਗੱਜਣਗੇ ਅੱਜ ਬਟਾਲਾ ਵਿੱਚ, ਕੀ ਪੁਲਿਸ ਕਰੇਗੀ ਗ੍ਰਿਫ਼ਤਾਰ?

Last Updated: Sep 20 2019 11:47
Reading time: 1 min, 40 secs

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਸ ਦਾ ਬੀਤੇ ਦਿਨੀਂ ਬਟਾਲਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪੱਖ ਵਿੱਚ ਆਉਣ ਕਰਕੇ ਡੀ.ਸੀ ਗੁਰਦਾਸਪੁਰ ਨਾਲ ਤਿੱਖਾ ਤਕਰਾਰ ਹੋ ਗਿਆ ਸੀ ਤੇ ਗੱਲ ਏਨੀ ਜ਼ਿਆਦਾ ਵੱਧ ਗਈ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਸਨ ਨੂੰ ਹੁਕਮ ਦੇਣੇ ਪੈ ਗਏ ਸਨ ਕਿ ਬੈਂਸ ਦੇ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਜਾਵੇ। ਜਿਸ ਤੋਂ ਬੈਂਸ ਅਤੇ ਉਸ ਦੇ 20 ਸਾਥੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਸੀ। ਕੇਸ ਦਰਜ਼ ਹੋਣ ਤੋਂ ਬਾਅਦ ਭਾਵੇਂ ਕਿ ਬੈਂਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਅਰਜ਼ੀ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਵਿੱਚ ਲਗਾਈ ਸੀ ਪਰ ਮਾਣਯੋਗ ਅਦਾਲਤ ਵੱਲੋਂ ਬੈਂਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਜਿੱਥੇ ਪਹਿਲਾਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਤੇ ਚਰਚਾਵਾਂ ਚੱਲ ਰਹੀਆਂ ਸਨ ਕਿ ਹੁਣ ਬਟਾਲਾ ਪੁਲਿਸ ਬੈਂਸ ਨੂੰ ਗ੍ਰਿਫ਼ਤਾਰ ਕਰ ਲਵੇਗਾ। ਪਰ ਇਸ ਤੋਂ ਪਹਿਲਾਂ ਕਿ ਬਟਾਲਾ ਪੁਲਿਸ ਬੈਂਸ ਨੂੰ ਗ੍ਰਿਫ਼ਤਾਰ ਕਰਨ ਲਈ ਲੁਧਿਆਣੇ ਜਾਂਦੀ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਨਵਾਂ ਰਾਜਨੀਤਕ ਪੈਂਤੜਾ ਖੇਡਦਿਆਂ ਐਲਾਨ ਕੀਤਾ ਸੀ ਕਿ ਉਹ ਬਟਾਲਾ ਹਾਦਸੇ ਵਿੱਚ ਪੀੜਤ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ 20 ਸਤੰਬਰ ਨੂੰ ਬਟਾਲਾ ਦੇ ਗਾਂਧੀ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਸਬੰਧਿਤ ਅਧਿਕਾਰੀਆਂ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕਾਂ ਨੂੰ ਲਾਮਬੱਧ ਕਰਨਗੇ। ਹੁਣ ਜਾਣਕਾਰੀ ਮਿਲੀ ਹੈ ਕਿ ਬੈਂਸ ਆਪਣੇ ਸਮਰਥਕਾਂ ਦੇ ਨਾਲ ਲੁਧਿਆਣਾ ਤੋਂ ਬਟਾਲਾ ਲਈ ਰਵਾਨਾ ਹੋ ਗਏ ਹਨ ਤੇ ਵੱਡੇ ਕਾਫ਼ਲੇ ਨਾਲ ਉਹ ਵਧਦੇ ਆ ਰਹੇ ਹਨ। ਇਸ ਤੋਂ ਇਲਾਵਾ ਬਟਾਲਾ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਵੇਖਣਾ ਇਹ ਹੋਵੇਗਾ ਕਿ ਹੁਣ ਇਹ ਮਾਮਲਾ ਕਿੱਧਰ ਨੂੰ ਮੋੜ ਲੈਂਦਾ ਹੈ ਕਿਉਂਕਿ ਜੇਕਰ ਅੱਜ ਪੁਲਿਸ ਵੱਲੋਂ  ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਦੇ ਵੱਡੀ ਗਿਣਤੀ ਵਿੱਚ ਸਮਰਥਕ ਹੋ ਸਕਦਾ ਹੈ ਹਿੰਸਕ ਹੋ ਜਾਣ ਤੇ ਜੇਕਰ ਅੱਜ ਬੈਂਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਹ ਪ੍ਰਸ਼ਾਸਨ ਦੀ ਹਿੱਕ ਤੇ ਦਾਲ ਦਲਣ ਵਾਲੀ ਗੱਲ ਹੋਵੇਗੀ। ਇਸ ਲਈ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਇਹੀ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾ ਵਿੱਚ ਬੈਂਸ ਅਤੇ ਡੀਸੀ ਵਿਵਾਦ ਘਟਣ ਦੀ ਬਜਾਇ ਹੋ ਵਧੇਗਾ।