ਫਾਇਨੰਸ ਕੰਪਨੀ ਦੇ ਮੈਨੇਜਰ ਨੂੰ ਲੁੱਟਿਆ

Last Updated: Sep 19 2019 14:49
Reading time: 1 min, 2 secs

ਭਾਰਤ ਫਾਇਨੰਸ ਕੰਪਨੀ ਗੁਰੂਹਰਸਹਾਏ ਵਿਚ ਬਤੌਰ ਸੰਗਮ ਮੈਨੇਜਰ ਦੀ ਲੁੱਟਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਗੁਰੂਹਰਸਹਾਏ ਪੁਲਿਸ ਦੇ ਵੱਲੋਂ ਤਿੰਨ ਅਣਪਛਾਤਿਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੰਬੀਹਾ ਥਾਣਾ ਨੰਦਗੜ੍ਹ ਬਠਿੰਡਾ ਨੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਭਾਰਤ ਫਾਇਨੰਸ ਕੰਪਨੀ ਗੁਰੂਹਰਸਹਾਏ ਵਿਚ ਬਤੌਰ ਸੰਗਮ ਮੈਨੇਜਰ ਲੱਗਾ ਹੋਇਆ ਹੈ। ਪ੍ਰਦੀਪ ਨੇ ਦੋਸ਼ ਲਗਾਇਆ ਕਿ ਉਹ ਬੀਤੇ ਦਿਨ ਲੋਨ ਦੀਆਂ ਕਿਸ਼ਤਾਂ ਦੀ ਕੁਲੈਕਸ਼ਨ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮੱਤੜ ਉਤਾੜ ਤੋਂ ਪਿੰਡ ਕੰਧੇ ਸ਼ਾਹ ਨੂੰ ਜਾ ਰਿਹਾ ਸੀ।

ਜਦੋਂ ਉਹ ਰਾਧਾ ਸਵਾਮੀ ਡੇਰੇ ਦੇ ਕੋਲ ਪਹੁੰਚਿਆ ਤਾਂ ਇਸ ਦੌਰਾਨ ਤਿੰਨ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਉਨ੍ਹਾਂ ਨੇ ਮੁੱਦਈ ਦਾ ਬੈਗ ਝਪਟਮਾਰ ਕੇ ਖ਼ੋਹ ਕੇ ਲੈ ਗਏ। ਪ੍ਰਦੀਪ ਸਿੰਘ ਮੁਤਾਬਿਕ ਬੈਗ ਦੇ ਵਿੱਚ ਕੁਲੈਕਸ਼ਨ ਕੀਤੇ 20,495 ਰੁਪਏ ਤੋਂ ਇਲਾਵਾ ਸੈਮਸੰਗ ਕੰਪਨੀ ਦਾ ਟੈਬ, ਇੱਕ ਬਾਇਓ ਮੈਟ੍ਰਿਕ ਯੰਤਰ, ਇੱਕ ਮੋਬਾਈਲ ਫੋਨ ਤੋਂ ਇਲਾਵਾ ਇੱਕ ਪਰਸ ਸੀ, ਜਿਸ ਦੇ ਵਿੱਚ 5500 ਰੁਪਏ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਝਪਟਮਾਰਾਂ ਦੇ ਵਿਰੁੱਧ ਆਈ ਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।