ਆਪਣੀ ਸਰਕਾਰ ਤੇ ਕਾਂਗਰਸ ਸਰਕਾਰ ਦਾ ਇਹੀ ਫ਼ਰਕ ਹੈ- ਸੁਖਬੀਰ ਬਾਦਲ

Last Updated: Sep 19 2019 14:34
Reading time: 1 min, 9 secs

ਸਾਂਸਦ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਬਾਦਲ ਦੇ ਰਾਜ 'ਚ ਨਾ ਬਿਜਲੀ ਦੇ ਬਿੱਲ ਤੁਸੀਂ ਭਰਦੇ, ਮੋਟਰਸਾਈਕਲਾਂ ਤੇ ਨੰਬਰ ਨਹੀਂ ਸੀ ਲਿਖਦੇ, ਪਰ ਕੋਈ ਪੁੱਛਦਾ ਵੀ ਨਹੀਂ ਸੀ, ਬਸ ਇਹੀ ਫ਼ਰਕ ਹੈ ਆਪਣੀ ਤੇ ਕਾਂਗਰਸ ਦੀ ਸਰਕਾਰ 'ਚ। ਇਹ ਪ੍ਰਗਟਾਵਾ ਉਨ੍ਹਾਂ ਨੇ ਬੀਤੇ ਦਿਨੀਂ ਜਲਾਲਾਬਾਦ ਦੇ ਹਲਕੇ 'ਚ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡਾਂ 'ਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਇਨ੍ਹਾਂ ਬਿਆਨਾਂ 'ਤੇ ਪਹਿਲਾਂ ਵੀ ਕਾਂਗਰਸ ਨੇ ਉਨ੍ਹਾਂ ਨੂੰ ਆੜੇ ਹੱਥ ਲਿਆ ਸੀ ਅਤੇ ਬਿਆਨ 'ਤੇ ਪ੍ਰਤੀਕ੍ਰਿਆਵਾਂ ਆਈਆਂ ਸਨ ਅਤੇ ਆਗੂਆਂ ਨੇ ਕਿਹਾ ਸੀ ਕਿ ਅਕਾਲੀ ਸਰਕਾਰ ਦੌਰਾਨ ਕਿਵੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਇਹ ਇਸ ਦਾ ਸਬੂਤ ਹੈ ਜਿਸ ਨੂੰ ਖ਼ੁਦ ਪਾਰਟੀ ਪ੍ਰਧਾਨ ਮਨ ਰਹੇ ਹਨ।

ਹੁਣ ਇੱਕ ਵਾਰ ਫਿਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਕੇ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਕਿਵੇਂ ਅਕਾਲੀ-ਭਾਜਪਾ ਸਰਕਾਰ ਦੌਰਾਨ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਰਿਹਾ ਹੈ। ਸ. ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੀ ਸਰਕਾਰ 'ਚ ਕੋਈ ਪ੍ਰਵਾਹ ਨਹੀਂ ਹੁੰਦੀ ਸੀ ਅਤੇ ਨਾ ਹੀ ਕੋਈ ਪੁੱਛਦਾ ਸੀ। ਇਸ ਲਈ ਆਪਣੀ ਸਰਕਾਰ ਲਿਆਉਣ ਦਾ ਸੱਦਾ ਉਨ੍ਹਾਂ ਨੇ ਲੋਕਾਂ ਨੂੰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਮਨੀ ਚੋਣਾਂ ਦੌਰਾਨ ਹਲਕਾ ਜਲਾਲਾਬਾਦ ਤੋਂ ਅਕਾਲੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਅਤੇ ਆਉਂਦੇ ਵਿਧਾਨਸਭਾ ਚੋਣਾਂ ਦੌਰਾਨ ਆਪਣੀ ਸਰਕਾਰ (ਅਕਾਲੀ ਸਰਕਾਰ) ਲਿਆਉਣ ਦੀ ਹਿੰਮਤ ਵਿਖਾਉਣ।