ਸੇਖਵਾਂ ਨੇ ਅਮਿਤ ਸ਼ਾਹ ਦੇ ਇੱਕ ਭਾਸ਼ਾ ਇੱਕ ਦੇਸ਼ ਬਿਆਨ ਦੀ ਕੀਤੀ ਨਿਖੇਧੀ

Last Updated: Sep 18 2019 18:08
Reading time: 1 min, 54 secs

ਸ਼੍ਰੋ.ਅ.ਦ. ਟਕਸਾਲੀ ਦੇ ਸਕੱਤਰ ਜਰਨਲ ਤੇ ਮੁੱਖ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਅੱਜ ਪ੍ਰੈੱਸ ਬਿਆਨ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਨੇ ਅਮਿਤ ਸ਼ਾਹ ਦੁਆਰਾ ਇੱਕ ਭਾਸ਼ਾ ਇੱਕ ਦੇਸ਼ ਦੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਤੇ ਇਸ ਨੂੰ ਗੈਰ ਵਾਜਿਬ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਸਦੀਆਂ ਤੋਂ ਹੀ ਵੱਖ-ਵੱਖ ਬੋਲੀਆਂ ਅਤੇ ਸੱਭਿਆਚਾਰਾਂ ਦਾ ਦੇਸ਼ ਰਿਹਾ ਹੈ। ਭਾਰਤ ਦੁਨੀਆ ਦਾ ਦੂਜੇ ਨੰਬਰ ਦਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਬੋਲੀਆਂ, ਬੋਲੀਆਂ ਜਾਂਦੀਆਂ ਹਨ। ਇਹੀ ਇਸ ਦੇਸ਼ ਦੀ ਅਸਲ ਖੂਬਸੂਰਤੀ ਹੈ। ਹਰ ਖਿੱਤੇ ਦੀ ਆਪਣੀ ਮਾਂ ਬੋਲੀ ਹੈ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੂਬਿਆਂ ਦੀ ਵੰਡ ਬੋਲੀ ਦੇ ਆਧਾਰ ਤੇ ਹੀ ਕੀਤੀ ਗਈ ਸੀ। ਖਿੱਤੇ ਦੀ ਬੋਲੀ ਦੇ ਅਨੁਸਾਰ ਹੀ ਸੂਬੇ ਬਣਾਏ ਗਏ ਸਨ। ਪਰ ਫੇਰ ਵੀ ਪੰਜਾਬੀ ਸੂਬਾ ਬਣਾਉਣ ਲਈ ਪੰਜਾਬੀਆਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਇਸ ਲੰਮੇ ਸੰਘਰਸ਼ ਤੋਂ ਬਾਅਦ ਵੀ ਇੱਕ ਲੰਗੜਾ ਪੰਜਾਬੀ ਸੂਬਾ ਪੰਜਾਬੀਆਂ ਦੀ ਝੋਲੀ ਪਾਇਆ। ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਵਰਗੇ ਮੁੱਦੇ ਅਜੇ ਤੱਕ ਵੀ ਲਟਕੇ ਹੋਏ ਹਨ। ਹਰ ਬੋਲੀ ਦੀ ਆਪਣੀ ਵਿਲੱਖਣਤਾ ਹੈ ਆਪਣਾ ਹੁਸਨ ਹੈ। ਇੱਕ ਬੋਲੀ ਕਦੇ ਵੀ ਇਸ ਦੇਸ਼ ਨੂੰ ਇੱਕ ਨਹੀਂ ਰੱਖ ਸਕਦੀ। ਕੋਈ ਵੀ ਬੋਲੀ ਮਾੜੀ ਨਹੀਂ ਹੁੰਦੀ ਪਰ ਇੱਕ ਬੋਲੀ ਨੂੰ ਬਾਕੀ ਬੋਲੀਆਂ ਅਤੇ ਖਿੱਤਿਆਂ ਤੇ ਥੋਪਣਾ ਬਿਲਕੁਲ ਵੀ ਵਾਜਿਬ ਨਹੀਂ ਹੋਵੇਗਾ। ਇਹ ਇਸ ਦੇਸ਼ ਦੇ ਸੱਭਿਆਚਾਰਾਂ ਨੂੰ ਨਸ਼ਟ ਕਰ ਦੇਵੇਗਾ। ਹਰ ਖਿੱਤੇ ਹਰ ਬੋਲੀ ਦਾ ਆਪਣਾ ਸੱਭਿਆਚਾਰ ਤੇ ਆਪਣੀਆਂ ਮਾਨਤਾਵਾਂ ਹਨ। ਇਹਨਾਂ ਨੂੰ ਕਦੇ ਵੀ ਇੱਕ ਨਹੀਂ ਕੀਤਾ ਜਾ ਸਕਦਾ।

ਸੁਣਨ 'ਚ ਆਇਆ ਹੈ ਕਿ ਹਿੰਦੀ ਦਿਵਸ ਦੇ ਮੌਕੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਕੁਝ ਹਿੰਦੀ ਲੇਖਕਾਂ ਦੁਆਰਾ ਪੰਜਾਬੀ ਭਾਸ਼ਾ ਨੂੰ ਨਿੰਦਿਆ ਗਿਆ। ਜਿਸ ਕਾਰਨ ਪੰਜਾਬ ਵਿੱਚ ਗਹਿਮਾ ਗਹਿਮੀ ਦਾ ਮਹੌਲ ਬਣ ਗਿਆ ਹੈ। ਇੱਕ ਹਿੰਦੀ ਲੇਖਕ ਨੇ ਤਾਂ ਇੱਥੋਂ ਤੱਕ ਧਮਕੀ ਦੇ ਦਿੱਤੀ ਕਿ 2 ਸਾਲਾਂ 'ਚ ਦਿਖਾ ਦਿਆਂਗੇ ਹਿੰਦੀ ਕੀ ਚੀਜ਼ ਹੈ। ਕਿਸੇ ਲੇਖਕ ਦੁਆਰਾ ਇਹੋ ਜਿਹੇ ਬੋਲ ਬਿਲਕੁਲ ਨਹੀਂ ਸ਼ੋਭਦੇ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਅਸੀਂ ਪਹਿਲਾਂ ਹੀ ਦੇਖ ਸਕਦੇ ਹਾਂ ਕਿ ਹਿੰਦੀ ਨੇ ਹਰਿਆਣਵੀ, ਹਿਮਾਚਲੀ, ਰਾਜਸਥਾਨੀ ਵਰਗੀਆਂ ਹੋਰ ਕਈ ਬੋਲੀਆਂ ਉੱਤੇ ਕਬਜ਼ਾ ਕਰ ਲਿਆ ਹੈ।

ਅਮਿਤ ਸ਼ਾਹ ਦਾ ਬਿਆਨ ਕੋਈ ਚੰਗੇ ਸੰਕੇਤ ਨਹੀਂ ਦੇ ਰਿਹਾ। ਇਸ ਲਈ ਸ਼੍ਰੋ.ਅ.ਦ. ਟਕਸਾਲੀ ਇਸ ਗੱਲ ਦੀ ਪੁਰਜ਼ੋਰ ਨਿੰਦਾ ਕਰਦਾ ਹੈ ਅਤੇ ਅਮਿਤ ਸ਼ਾਹ ਨੂੰ ਇਹ ਸਲਾਹ ਦਿੰਦਾ ਹੈ ਕਿ ਹਿੰਦੀ ਬੋਲੀ ਦੇਸ਼ ਵਿੱਚ ਇੱਕ ਸੰਪਰਕ ਦਾ ਜ਼ਰੀਆ ਤਾਂ ਹੋ ਸਕਦੀ ਹੈ ਜਿਵੇਂ ਕਿ ਵਿਸ਼ਵ ਪੱਧਰ ਤੇ ਅੰਗਰੇਜ਼ੀ ਹੈ। ਪਰ ਤੁਸੀਂ ਸੰਵਿਧਾਨ 'ਚ ਮਾਨਤਾ ਪ੍ਰਾਪਤ ਭਾਸ਼ਾਵਾਂ ਉੱਤੇ ਇਕੱਲੀ ਹਿੰਦੀ ਨਹੀਂ ਲਾਗੂ ਕਰ ਸਕਦੇ। ਇਹ ਗੈਰ ਸੰਵਿਧਾਨਿਕ ਅਤੇ ਦੇਸ਼ ਦੀ ਏਕਤਾ ਲਈ ਖਤਰਾ ਹੋਵੇਗਾ।