ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਰਾਹੀਂ ਪਵਿੱਤਰ ਨਗਰੀ ਦੀਆਂ ਸੜਕਾਂ ਤੇ ਗਲੀਆਂ ਨੂੰ ਧੋਤਾ ਗਿਆ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 18:20
Reading time: 2 mins, 21 secs

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆਰੰਭ ਕੀਤੀ ਗਈ ਇਸ ਮੁਹਿੰਮ ਵਿੱਚ 800 ਦੇ ਕਰੀਬ ਕਰਮਚਾਰੀਆਂ ਅਤੇ ਵਲੰਟੀਅਰਾਂ ਨੇ 50-50 ਮੈਂਬਰਾਂ ਦੀਆਂ 16 ਟੀਮਾਂ ਬਣਾ ਕੇ ਸਮੁੱਚੇ ਸ਼ਹਿਰ ਦੀ ਸਫ਼ਾਈ ਕੀਤੀ। ਝਾੜੂਆਂ, ਕਹੀਆਂ, ਤਸਲਿਆਂ, ਬੇਲਚਿਆਂ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਇਨ੍ਹਾਂ ਟੀਮਾਂ ਨੇ ਆਪਣੇ ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਸਾਰੇ ਸ਼ਹਿਰ ਦੀਆਂ ਸੜਕਾਂ, ਗਲੀਆਂ-ਮੁਹੱਲਿਆਂ ਅਤੇ ਬਾਜ਼ਾਰਾਂ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਕਪੂਰਥਲਾ, ਫਗਵਾੜਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਦੀਆਂ 13 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਪੂਰੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਧੋਤਾ ਗਿਆ। ਇਸ ਤੋਂ ਇਲਾਵਾ ਪੰਜ ਟਾਟਾ ਏਸ ਅਤੇ 2 ਟਰੈਕਟਰ-ਟਰਾਲੀਆਂ ਵੀ ਇਸ ਕੰਮ ਵਿੱਚ ਲਗਾਈਆਂ ਗਈਆਂ।

ਜ਼ਿਲ੍ਹਾ ਅਧਿਕਾਰੀਆਂ ਸਮੇਤ ਖ਼ੁਦ ਇਸ ਸਫ਼ਾਈ ਅਭਿਆਨ ਦਾ ਹਿੱਸਾ ਬਣੇ ਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰ ਦੇ ਸੁੰਦਰੀਕਰਨ ਅਤੇ ਸਫ਼ਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਸਫ਼ਾਈ ਅਭਿਆਨ 1 ਨਵੰਬਰ ਤੱਕ ਲਗਾਤਾਰ ਜਾਰੀ ਰਹੇਗਾ ਅਤੇ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਵੱਧ-ਚੜ ਕੇ ਹਿੱਸਾ ਪਾਉਣ ਅਤੇ ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਤੇ ਸਵੱਛ ਬਣਾਉਣ ਵਿੱਚ ਮਦਦ ਕਰਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਮੋਗਲਾ, ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਤਨਾਮ ਸਿੰਘ ਰਿਆੜ, ਈ. ਓ ਨਗਰ ਕੌਂਸਲ ਸੁਲਤਾਨਪੁਰ ਲੋਧੀ ਬਲਜੀਤ ਸਿੰਘ ਬਿਲਗਾ, ਈ. ਓ ਨਗਰ ਕੌਂਸਲ ਕਪੂਰਥਲਾ ਆਦਰਸ਼ ਕੁਮਾਰ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਗੁਰਪ੍ਰਤਾਪ ਸਿੰਘ ਗਿੱਲ, ਐਸ. ਐਚ. ਓ ਸਰਬਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਸਕੱਤਰ ਰੈੱਡ ਕਰਾਸ ਆਰ. ਸੀ. ਬਿਰਹਾ, ਜ਼ਿਲ੍ਹਾ ਮੰਡੀ ਅਫ਼ਸਰ ਰਾਜ ਕੁਮਾਰ ਬਸਰਾ, ਉੱਪ ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ, ਸਹਾਇਕ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸਮਾਜ ਸੇਵਕ ਗੁਰਮੁਖ ਸਿੰਘ ਢੋਡ,  ਰਵਿੰਦਰ ਰਵੀ, ਬਲਜਿੰਦਰ ਸਿੰਘ, ਸਤਬੀਰ ਸਿੰਘ ਚੰਦੀ, ਦਵਿੰਦਰ ਪਾਲ ਸਿੰਘ ਆਹੂਜਾ, ਸਕੱਤਰ ਪੰਜਾਬ ਕਾਂਗਰਸ ਦੀਪਕ ਧੀਰ ਰਾਜੂ, ਸੰਜੀਵ ਮਰਵਾਹਾ, ਸੀਨੀਅਰ ਕੌਂਸਲਰ ਤੇਜਵੰਤ ਸਿੰਘ, ਸੁਰਿੰਦਰਜੀਤ ਸਿੰਘ, ਜਗਪਾਲ ਸਿੰਘ ਚੀਮਾ, ਨਰਿੰਦਰ ਸਿੰਘ ਪੰਨੂ, ਨਵਨੀਤ ਸਿੰਘ ਚੀਮਾ, ਕੌਂਸਲਰ ਜਤਿੰਦਰ ਰਾਜੂ, ਪਵਨ ਕਨੌਜੀਆ, ਕਸ਼ਮੀਰ ਸਿੰਘ ਨੰਬਰਦਾਰ, ਡਾ. ਚੰਦਰ ਮੋਹਨ, ਗੁਰਨਿਹਾਲ ਸਿੰਘ ਚੀਮਾ, ਸ੍ਰੀਮਤੀ ਸੁਨੀਤਾ ਧੀਰ, ਸਰਪੰਚ ਜੋਗਾ ਸਿੰਘ, ਕਸ਼ਮੀਰ ਸਿੰਘ, ਜਸਬੀਰ ਸਿੰਘ ਤਰਫ਼ਹਾਜ਼ੀ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ, ਕਪੂਰਥਲਾ ਸਾਈਕਲਿੰਗ ਕਲੱਬ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।