ਦੇਸ਼ ਦੀ ਲਗਭਗ ਅੱਧੀ ਆਬਾਦੀ ਅਨੀਮੀਆ ਨਾਲ ਪੀੜਤ.!!

Last Updated: Sep 18 2019 16:40
Reading time: 2 mins, 54 secs

ਗਰਭਵਤੀ ਔਰਤਾਂ, ਬੱਚਿਆਂ ਸਮੇਤ ਹਰ ਵਰਗ ਵਿੱਚ ਵੱਧ ਰਹੀ ਅਨੀਮੀਆ ਦੀ ਸਮੱਸਿਆ ਨੂੰ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ ਤਾਂ ਜੋ ਪੰਜਾਬ ਨੂੰ ਅਨੀਮੀਆ ਮੁਕਤ ਬਣਾ, ਤੰਦਰੁਸਤ ਪੰਜਾਬ ਮੁਹਿੰਮ ਨੂੰ ਬੂਰ ਪੈ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰਜਿੰਦਰ ਮਨਚੰਦਾ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਮਮਦੋਟ ਵੱਲੋਂ ਅੱਜ ਅਨੀਮੀਆ ਮੁਕਤ ਪੰਜਾਬ ਮਿਸ਼ਨ ਤਹਿਤ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ 'ਚ ਗਰਭਵਤੀ ਮਹਿਲਾਵਾਂ ਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਦੇ ਹਮੋਗਲੋਬਿਨ ਦੀ ਜਾਂਚ ਕਰਨ ਮੌਕੇ ਕੀਤਾ ਗਿਆ। ਅੱਜ ਲਗਾਏ ਗਏ ਇਸ ਕੈਂਪ ਵਿੱਚ 150 ਗਰਭਵਤੀ ਮਹਿਲਾਵਾਂ ਤੇ 150 ਕਿਸ਼ੋਰੀਆਂ ਦੇ ਹਮੋਗਲੋਬਿਨ ਦੀ ਜਾਂਚ ਕੀਤੀ ਗਈ। ਸੀਐੱਚਸੀ ਮਮਦੋਟ 'ਚ ਜਾਗਰੂਕ ਸੈਮੀਨਾਰ 'ਚ ਬੋਲਦਿਆਂ ਡਾ. ਰਜਿੰਦਰ ਮਨਚੰਦਾ ਸੀਨੀਅਰ ਮੈਡੀਕਲ ਅਫ਼ਸਰ, ਹਰੀਸ਼ ਕਟਾਰੀਆ ਡੀਪੀਐੱਮ ਅਤੇ ਅੰਕੁਸ਼ ਭੰਡਾਰੀ ਬੀਈਈ ਨੇ ਸਪਸ਼ਟ ਕੀਤਾ ਕਿ ਅਨੀਮੀਆ ਰੋਗ ਦਾ ਮੁੱਖ ਕਾਰਨ ਖ਼ੂਨ ਦੀ ਕਮੀ ਹੈ।

ਸਿਹਤ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਨੀਮੀਆ ਰੋਗ ਗਰਭਵਤੀ ਔਰਤਾਂ, ਬੱਚਿਆਂ ਸਮੇਤ ਕਿਸੇ ਵੀ ਵਰਗ ਦੇ ਮਨੁੱਖ ਨੂੰ ਹੋ ਸਕਦਾ ਹੈ। ਅਨੀਮੀਆ ਰੋਗ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਡਾ. ਮਨਚੰਦਾ ਨੇ ਕਿਹਾ ਕਿ ਰੋਜ਼ਾਨਾ ਦੀ ਖ਼ੁਰਾਕ ਵਿੱਚ ਆਇਰਨ ਦੀ ਘੱਟ ਮਾਤਰਾ ਲੈਣਾ, ਆਇਰਨ ਦਾ ਸਰੀਰ ਵਿੱਚ ਘੱਟ ਪਚਣਾ ਮੁੱਖ ਕਾਰਨ ਹਨ। ਉਨ੍ਹਾਂ ਨੇ ਕਿਹਾ ਕਿ ਬਚਪਨ ਜਾਂ ਕਿਸ਼ੋਰ ਅਵਸਥਾ ਅਤੇ ਗਰਭ ਅਵਸਥਾ ਦੌਰਾਨ ਆਇਰਨ ਦੀ ਲੋੜ ਦਾ ਵੱਧ ਜਾਣਾ, ਪੇਟ ਦੇ ਕੀੜਿਆਂ ਅਤੇ ਮਹਾਵਾਰੀ ਕਾਰਨ ਸਰੀਰ ਵਿੱਚੋਂ ਆਇਰਨ ਦੀ ਮਾਤਰਾ ਘੱਟ ਜਾਣਾ ਵੀ ਅਨੀਮੀਆ ਰੋਗ ਦੇ ਪੀੜਤ ਦੀ ਨਿਸ਼ਾਨੀ ਹੈ, ਜਿਸ ਦਾ ਸਮਾਂ ਰਹਿੰਦੇ ਹੀ ਇਲਾਜ ਕਰਵਾਉਣਾ ਅਤਿ ਜ਼ਰੂਰੀ ਹੈ। ਅਨੀਮੀਆ ਬਿਮਾਰੀ ਨਾਲ ਬਹੁਤੇ ਲੋਕਾਂ ਦੇ ਪੀੜਤ ਹੋਣ ਦੀ ਗੱਲ ਕਰਦਿਆਂ ਡਾ. ਮਨਚੰਦਾ ਨੇ ਕਿਹਾ ਕਿ ਅਨੀਮੀਆ ਮੁਕਤ ਪੰਜਾਬ ਮਿਸ਼ਨ ਤਹਿਤ ਪੂਰੇ ਬਲਾਕ ਮਮਦੋਟ ਵਿੱਚ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਡਾ. ਹੀਨਾ ਅਤੇ ਬੀਈਈ ਅੰਕੁਸ਼ ਭੰਡਾਰੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਹਰੇਕ ਮਨੁੱਖ ਨੂੰ ਵਿਟਾਮਿਨ ਅਤੇ ਆਇਰਨ ਭਰਪੂਰ ਖਾਣਯੋਗ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਮਨੁੱਖ ਨੂੰ ਹਰ ਬਿਮਾਰੀ ਨਾਲ ਲੜਨ ਦੇ ਸਮਰੱਥ ਬਣਾਉਂਦੀਆਂ ਹਨ। ਭੰਡਾਰੀ ਨੇ ਆਖਿਆ ਕਿ ਰੋਜ਼ਾਨਾ ਦੇ ਖਾਣੇ ਵਿੱਚ ਪੇਠਾ, ਗਾਜਰ, ਮੂਲੀ, ਸੋਇਆ ਬੀਨ, ਕਾਲੇ ਚਨੇ, ਅਰਹਰ ਅਤੇ ਉਰਦ ਦੀ ਦਾਲ, ਅੰਡਾ, ਮੀਟ, ਤਿਲਗੁੜ ਆਦਿ ਦੀ ਵਰਤੋਂ ਕਰਨੀ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਔਰਤ ਦੇ ਇਸ ਬਿਮਾਰੀ ਨਾਲ ਪੀੜਤ ਹੋਣ ਤੇ ਜਿੱਥੇ ਉਸ ਦੀ ਸਰੀਰ ਇਫੈਕਟ ਹੋਵੇਗਾ, ਉੱਥੇ ਪਲ ਰਿਹਾ ਬੱਚਾ ਵੀ ਰੋਗੀ ਪੈਦਾ ਹੋ ਸਕਦਾ ਹੈ। ਅਨੀਮੀਆ ਰੋਗ ਨਾਲ ਪੀੜਤ ਬੱਚਿਆਂ ਦੀ ਗੱਲ ਕਰਦਿਆਂ ਅੰਕੁਸ਼ ਭੰਡਾਰੀ ਨੇ ਕਿਹਾ ਕਿ ਅਜਿਹਾ ਹੋਣ ਨਾਲ ਬੱਚੇ ਦੀ ਸਿੱਖਣ ਦੀ ਸਮੰਤਾ ਘਟਦੀ ਹੈ ਅਤੇ ਇਕਾਗਰਤਾ ਘੱਟਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਰ ਵੇਲੇ ਥਕਾਵਟ ਪ੍ਰਤੀਕ ਕਰਨ ਵਾਲੇ ਬੱਚੇ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਕਮਜ਼ੋਰ ਹੋ ਜਾਂਦੇ ਹਨ, ਜੋ ਇਸੀ ਬਿਮਾਰੀ ਦੇ ਲੱਛਣ ਹਨ ਅਤੇ ਅਨੀਮੀਆ ਸਦਕਾ ਮਨੁੱਖ ਵਿੱਚ ਹੀ ਹਮੋਗਲੋਬਿਨ ਦੀ ਵੀ ਆ ਕਮੀਆਂ ਜਾਂਦੀ ਹੈ, ਜਿਸ ਕਰਕੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘੱਟਦੀ ਹੈ। ਆਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਕਰਦਿਆਂ ਡਾ. ਮਨਚੰਦਾ ਨੇ ਸਪਸ਼ਟ ਕਿਹਾ ਕਿ ਹਰ ਵਿਅਕਤੀ ਨੂੰ ਆਇਰਨ ਭਰਪੂਰ ਸੰਤੁਲਿਤ ਖ਼ੁਰਾਕ ਲੈਣੀ ਚਾਹੀਦੀ ਹੈ, ਹਫ਼ਤਾ ਵਾਰੀ ਆਇਰਨ ਫੌਲਿਕ ਐਸਿਡ ਦੀਆਂ ਗੋਲੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਐਲਬੈਂਡਾਜੋਲ ਗੋਲੀ ਜ਼ਰੂਰ ਖਵਾਉਣੀ ਚਾਹੀਦੀ ਹੈ, ਜਿਸ ਨਾਲ ਮਨੁੱਖ ਬਿਮਾਰੀਆਂ ਨਾਲ ਲੜਨ ਦੇ ਨਾਲ-ਨਾਲ ਤੰਦਰੁਸਤ ਸਰੀਰ ਦਾ ਮਾਲਕ ਬਣ ਸਕਦਾ ਹੈ। ਇਸ ਮੌਕੇ ਕਮਿਊਨਿਟੀ ਹੈੱਲਥ ਸੈਂਟਰ ਦੇ ਡਾਕਟਰਾਂ, ਸਟਾਫ਼, ਨਰਸਾਂ ਅਤੇ ਆਸ਼ਾ ਵਰਕਰਾਂ ਨੇ ਹਸਪਤਾਲ ਵਿੱਚ ਆਉਂਦੇ ਮਰੀਜ਼ਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਇਲਾਜ ਲਈ ਵੀ ਪ੍ਰੇਰਿਤ ਕਰਨ ਦਾ ਅਹਿਦ ਲਿਆ। ਇਸ ਕੈਂਪ ਵਿੱਚ ਡਾ. ਹੀਨਾ, ਹਰੀਸ਼ ਕਟਾਰੀਆ ਡੀਪੀਐਮ, ਅੰਕੁਸ਼ ਭੰਡਾਰੀ ਬੀਈਈ, ਮੁਕੇਸ਼, ਮੈਡਮ ਸ਼ਿਵਾਲੀ ਅਤੇ ਗੁਰਪਾਲ ਐੱਲਟੀ, ਅਮਰਜੀਤ ਸਿੰਘ, ਜਜਬੀਰ ਐੱਮਪੀਐੱਮਐੱਚ ਡਬਲਯੂ ਮੇਲ, ਮੈਡਮ ਰਿੰਪਲ, ਮੈਡਮ ਲਖਵੀਰ ਏਐੱਨਐੱਮ ਸਮੇਤ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸੀ।