ਕੈਪਟਨ ਦੇ ਅੱਧਾ ਦਰਜਨ ਸਿਆਸੀ ਸਲਾਹਕਾਰਾਂ ਦਾ ਕੈਬਨਿਟ ਅਹੁਦਾ ਸਿਰਫ਼ ਨਾਮ ਦਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 14:49
Reading time: 0 mins, 50 secs

ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ 6 ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਬਣਾ ਕੇ ਕੈਬਨਿਟ ਅਹੁਦੇ ਦੇ ਬਰਾੜ ਦਾ ਦਰਜਾ ਦਿੱਤਾ ਗਿਆ ਸੀ ਪਰ ਇਹ ਕੈਬਨਿਟ ਅਹੁਦਾ ਸਿਰਫ਼ ਨਾਮ ਦਾ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਖ਼ੁਦ ਸਰਕਾਰ ਦੇ ਵੱਲੋਂ ਮਾਨਯੋਗ ਹਾਈਕੋਰਟ ਦੇ ਵਿੱਚ ਕਿਹਾ ਗਿਆ ਹੈ। ਇਨ੍ਹਾਂ 6 ਵਿਧਾਇਕਾਂ ਨੂੰ ਮਿਲੇ ਕੈਬਨਿਟ ਅਹੁਦੇ ਬਾਅਦ ਵਿਰੋਧੀਆਂ ਨੇ ਹਾਈਕੋਰਟ ਪਹੁੰਚ ਕਰ ਕਿਹਾ ਸੀ ਕਿ ਸਰਕਾਰ ਵੱਲੋਂ ਨਿਯਮਾਂ ਦੇ ਉਲਟ ਜਾ ਕੇ ਵੱਧ ਲੋਕਾਂ ਨੂੰ ਕੈਬਨਿਟ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਇਹ ਖ਼ਜ਼ਾਨੇ ਤੇ ਬੋਝ ਬਣਨਗੇ। ਅੱਜ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਨੇ ਜਸਟਿਸ ਅਤੁੱਲ ਨੰਦਾ ਨੂੰ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਵਿਧਾਇਕਾਂ ਵੱਲੋਂ ਕੋਈ ਵੀ ਵਾਧੂ ਸਹੂਲਤ ਨਹੀਂ ਲਈ ਜਾਵੇਗੀ ਅਤੇ ਇਸ ਕਾਰਨ ਇਨ੍ਹਾਂ ਦਾ ਖ਼ਜ਼ਾਨੇ 'ਤੇ ਕੋਈ ਵੀ ਵਾਧੂ ਬੋਝ ਨਹੀਂ ਆਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵਿਧਾਇਕਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਤਰਸੇਮ ਸਿੰਘ ਡੀਸੀ, ਇੰਦਰਬੀਰ ਸਿੰਘ ਬੁਲਾਰੀਆ, ਕੁਲਜੀਤ ਨਾਗਰਾ ਤੇ ਸੰਗਤ ਸਿੰਘ ਗਿਲਜੀਆਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਜੋਂ ਨਿਯੁਕਤ ਕਰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਗਿਆ ਸੀ।