ਆਖ਼ਰ ਕਦੋਂ ਬੰਦ ਹੋਵੇਗਾ ਨਜਾਇਜ਼ ਸ਼ਰਾਬ ਦਾ ਕਾਰੋਬਾਰ.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 13:53
Reading time: 2 mins, 42 secs

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਿਸ਼ੇਸ਼ ਨਸ਼ਾ ਮੁਕਤੀ ਮੁਹਿੰਮ ਵਿੱਢੀ ਹੋਈ ਹੈ। ਪਰ ਮੁਹਿੰਮ ਵਿੱਢੀ ਹੋਣ ਦੇ ਬਾਵਜੂਦ ਵੀ ਨਸ਼ਾ ਮੁਕਤ ਪੰਜਾਬ ਨਹੀਂ ਹੋ ਰਿਹਾ। ਦੱਸ ਦੇਈਏ ਕਿ ਨਸ਼ਾ ਪੰਜਾਬ ਦੇ ਵਿੱਚ ਬਾਹਰੋਂ ਕਿਤੋਂ ਨਹੀਂ ਆ ਰਿਹਾ, ਸਗੋਂ ਪੰਜਾਬ ਦੇ ਅੰਦਰ ਹੀ ਪੈਦਾ ਹੋ ਰਿਹਾ ਹੈ। ਪੰਜਾਬ ਦੇ ਅੰਦਰ ਚੱਲਦੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਲਾਵਾ ਸਰਕਾਰ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।

ਪੰਜਾਬ ਦੇ ਤਕਰੀਬਨ ਹਰ ਪਿੰਡ ਦੇ ਵਿੱਚ ਅੱਜ ਕੱਲ੍ਹ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਨੂੰ ਪੁਲਿਸ ਰੋਕ ਨਹੀਂ ਪਾ ਰਹੀ। ਦੱਸਿਆ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਵੱਡੇ ਪੱਧਰ 'ਤੇ ਜੋ ਵੀ ਨਸ਼ੇ ਦਾ ਕਾਰੋਬਾਰ ਚੱਲਦਾ ਹੈ, ਉਹ ਸਭ ਪੁਲਿਸ ਪ੍ਰਸ਼ਾਸਨ ਦੀ ਸ਼ਹਿ 'ਤੇ ਹੀ ਚੱਲਦਾ ਹੈ। ਕਿਉਂਕਿ ਪੁਲਿਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਉਕਤ ਪਿੰਡ ਦੇ ਵਿੱਚ ਛਾਪੇਮਾਰੀ ਕਰਨਾ ਠੀਕ ਨਹੀਂ ਸਮਝਦੀ। ਦੱਸ ਦੇਈਏ ਕਿ ਬੀਤੇ ਦਿਨ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਦੋ ਵੱਖ-ਵੱਖ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ।

ਪੁਲਿਸ ਥਾਣਾ ਕੈਂਟ ਫ਼ਿਰੋਜ਼ਪੁਰ ਤੋਂ ਇਲਾਵਾ ਘੱਲ ਖ਼ੁਰਦ ਪੁਲਿਸ ਦੇ ਵੱਲੋਂ ਕੀਤੀ ਵੱਖ-ਵੱਖ ਜਗ੍ਹਾਵਾਂ 'ਤੇ ਛਾਪੇਮਾਰੀ ਦੇ ਦੌਰਾਨ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਤੋਂ ਇਲਾਵਾ ਇੱਕ ਚਾਲੂ ਭੱਠੀ ਨਜਾਇਜ਼ ਸ਼ਰਾਬ ਦੀ ਬਰਾਮਦ ਕੀਤੀ ਗਈ। ਪੁਲਿਸ ਦੇ ਵੱਲੋਂ ਇਸ ਛਾਪੇਮਾਰੀ ਦੇ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਦੋ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ। ਪੁਲਿਸ ਦੇ ਵੱਲੋਂ ਉਕਤ 5 ਵਿਅਕਤੀਆਂ ਦੇ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਪਰਚੇ ਦਰਜ ਕਰ ਲਏ ਗਏ ਹਨ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਯਤੀਮਖ਼ਾਨਾ ਰੋਡ ਕੈਂਟ ਫ਼ਿਰੋਜ਼ਪੁਰ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਸ਼ੱਕ ਦੇ ਤਹਿਤ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਇੱਕ ਵਿਅਕਤੀ ਨੂੰ ਰੋਕਿਆ ਗਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ ਵਿੱਚੋਂ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਮੁਤਾਬਿਕ ਨਜਾਇਜ਼ ਸ਼ਰਾਬ ਸਮੇਤ ਫੜੇ ਗਏ ਵਿਅਕਤੀ ਦੀ ਪਛਾਣ ਲਵਜੋਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੈਨਾਲ ਕਲੌਨੀ ਦਾਖ਼ਲ ਪੀਰਾਂ ਵਾਲਾ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਥਾਣਾ ਘੱਲ ਖ਼ੁਰਦ ਦੇ ਏਐਸਆਈ ਰਜਵੰਤ ਕੌਰ, ਏਐਸਆਈ ਮਲਕੀਤ ਚੰਦ, ਏਐਸਆਈ ਜੁਗਰਾਜ ਸਿੰਘ, ਏਐਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਸੋਢੀ ਨਗਰ ਵਿਖੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਬੜੇ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਪਿੰਡ ਸੋਢੀ ਨਗਰ ਵਿਖੇ ਪੁਲਿਸ ਪਾਰਟੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ, ਤਾਂ ਉੱਥੋਂ ਇਕ ਚਾਲੂ ਸ਼ਰਾਬ ਦੀ ਭੱਠੀ ਅਤੇ 246 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ।

ਜਦੋਂਕਿ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਚਾਰ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ ਅਤੇ ਦੋ ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਧੰਨਾ ਪੁੱਤਰ ਦਿਲਾਵਰ ਵਾਸੀ ਸੋਢੀ ਨਗਰ ਅਤੇ ਸੱਤੂ ਪੁੱਤਰ ਦਿਲਾਵਰ ਵਾਸੀ ਸੋਢੀ ਨਗਰ ਵਜੋਂ ਹੋਈ ਹੈ, ਜਦੋਂਕਿ ਫ਼ਰਾਰ ਹੋਏ ਵਿਅਕਤੀਆਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸੋਢੀ ਨਗਰ ਅਤੇ ਰਣਜੋਧ ਸਿੰਘ ਉਰਫ਼ ਜੋਧਾ ਪੁੱਤਰ ਬਲਜਿੰਦਰ ਸਿੰਘ ਵਾਸੀ ਸੋਢੀ ਨਗਰ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਚਾਰੇ ਮੁਲਜ਼ਮਾਂ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਪਰਚੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।