ਕੈਪਟਨ ਦੇ ਖਿਲਾਫ ਹਾਈਕਮਾਨ ਤੋਂ ਇਲਾਵਾ ਹਾਈਕੋਰਟ ਵੀ ਜਾਣਗੇ ਪ੍ਰਤਾਪ ਬਾਜਵਾ !

Last Updated: Sep 18 2019 13:41
Reading time: 3 mins, 32 secs

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਜੋ ਅਕਸਰ ਹੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ ਦਿੰਦੇ ਹਨ ਨੇ ਇੱਕ ਵਾਰ ਮੁੜ ਕੈਪਟਨ ਵਿਰੁੱਧ ਮੋਰਚਾ ਸੰਭਾਲ ਲਿਆ ਹੈ ਤੇ ਇਸ ਵਾਰ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਪਾਰਟੀ ਹਾਈਕਮਾਨ ਤੋਂ ਇਲਾਵਾ ਮਾਣਯੋਗ ਹਾਈਕੋਰਟ ਵਿੱਚ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।

ਕਿਸ ਮੁੱਦੇ ਨੂੰ ਲੈ ਕੇ ਬਾਜਵਾ ਨੇ ਇੰਝ ਕਿਹਾ: ਬੀਤੀ 4 ਸਤੰਬਰ ਨੂੰ ਬਟਾਲਾ ਵਿੱਚ ਚੱਲ ਰਹੀ ਇੱਕ ਪਟਾਕਾ ਫੈਕਟਰੀ ਵਿੱਚ ਅਚਾਨਕ ਧਮਾਕਾ ਹੋ ਗਿਆ ਸੀ ਜਿਸ ਵਿੱਚ ਕੰਮ ਕਰ ਰਹੇ ਲੋਕਾਂ ਤੋਂ ਇਲਾਵਾ ਰਾਹਗੀਰ ਅਤੇ ਆਸ ਪਾਸ ਦੇ ਘਰਾਂ ਦੇ ਲੋਕ ਚਪੇਟ ਵਿੱਚ ਆ ਗਏ ਸਨ। ਇਸ ਦਰਦਨਾਕ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਲਗਭਗ ਇਨੇ ਹੀ ਜ਼ਖਮੀ ਵੀ ਹੋ ਗਏ ਸਨ। ਜਿਸ ਨੂੰ ਲੈ ਕੇ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮ੍ਰਿਤਕ ਪਰਿਵਾਰਾਂ ਨੂੰ ਅਤੇ ਜ਼ਖਮੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਜਵਾ ਵੱਲੋਂ ਇਹ ਰਾਹਤ ਬਹੁਤ ਘੱਟ ਗਰਦਾਨੀ ਗਈ ਸੀ ਤੇ ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲਾ ਨੂੰ ਮੁੜ ਵਿੱਚਾਰਨ ਲਈ ਕਿਹਾ ਸੀ।

ਬਾਜਵਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪ੍ਰੈਸ ਕਾਨਫਰੰਸ: ਹਾਦਸੇ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬਟਾਲਾ ਵਿਖੇ ਆ ਕੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਇਆ ਸੀ ਇਸ ਹਾਦਸੇ ਲਈ ਸਰਕਾਰੀ ਤੰਤਰ ਨੂੰ ਹੀ ਜ਼ਿੰਮੇਵਾਰ ਗਰਦਾਨਿਆ ਸੀ। ਇਸ ਕੜੀ ਤਹਿਤ ਹੀ ਪ੍ਰਤਾਪ ਸਿੰਘ ਬਾਜਵਾ ਨੇ ਵੀ 9 ਸਤੰਬਰ ਨੂੰ ਬਟਾਲਾ ਵਿਖੇ ਹਾਜ਼ਰੀ ਭਰੀ ਸੀ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਪ੍ਰੈਸਵਾਰਤਾ ਵਿੱਚ ਬਾਜਵਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਖ਼ੂਬ ਭੜਾਸ ਕੱਢੀ ਸੀ ਤੇ ਸਿੱਧਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਗਰਦਾਨਿਆ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਇੱਥੇ ਹੀ ਬੱਸ ਨਹੀਂ ਬਾਜਵਾ ਨੇ ਤਾਂ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਤਲ ਦੀ ਧਾਰਾ ਲਗਾ ਕੇ ਕੇਸ ਦਰਜ਼ ਕਰਨ ਦੀ ਵੀ ਵਕਾਲਤ ਕਰ ਦਿੱਤੀ ਸੀ।

ਸਰਕਾਰ ਦੀ ਐਸ.ਆਈ.ਟੀ ਨੂੰ ਵੀ ਬਾਜਵਾ ਨੇ ਕੀਤਾ ਰਿਜੈਕਟ: ਇਸ ਹਾਦਸੇ ਦੀ ਜਾਂਚ ਕਰਨ ਲਈ ਭਾਵੇਂ ਕਿ ਕੈਪਟਨ ਵੱਲੋਂ ਆਦੇਸ਼ ਜਾਰੀ ਕਰਦਿਆਂ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਸੀ ਪਰ ਇਸ ਹਾਦਸੇ ਦੀ ਜਾਂਚ ਲਈ ਬਣੀ ਟੀਮ ਨੂੰ ਬਾਜਵਾ ਨੇ ਨਕਾਰ ਦਿੱਤਾ ਸੀ। ਬਾਜਵਾ ਦਾ ਤਰਕ ਸੀ ਕਿ ਜੂਨੀਅਰ ਅਧਿਕਾਰੀ ਕਦੇ ਵੀ ਆਪਣੇ ਸੀਨੀਅਰ ਅਧਿਕਾਰੀ ਦੇ ਖਿਲਾਫ ਨਿਰਪੱਖ ਜਾਂਚ ਨਹੀਂ ਕਰ ਸਕੇਗਾ ਜਿਸ ਲਈ ਬਾਜਵਾ ਨੇ ਇਸ ਹਾਦਸੇ ਦੀ ਜਾਂਚ ਮਾਣਯੋਗ ਹਾਈਕੋਰਟ ਦੇ ਕਿਸੇ ਰਿਟਾਇਰਡ ਜਸਟਿਸ ਕੋਲੋਂ ਕਰਵਾਉਣ ਦੀ ਮੰਗ ਕੀਤੀ ਸੀ।

ਮੁਆਵਜ਼ੇ ਰਾਸ਼ੀ ਨਾਲ ਵੀ ਬਾਜਵਾ ਨਹੀਂ ਹਨ ਸੰਤੁਸ਼ਟ: ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਈਆ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਜਵਾ ਨੇ ਸਰਕਾਰ ਦੀ ਇਸ ਮੁਆਵਜ਼ਾ ਰਾਸ਼ੀ ਨਿਗੂਣਾ ਹੀ ਦੱਸਿਆ ਸੀ ਤੇ ਮੰਗ ਕੀਤੀ ਸੀ ਕਿ ਮ੍ਰਿਤਕਾਂ ਕੇ ਪਰਿਵਾਰਾਂ ਨੂੰ 25-25 ਲੱਖ ਰੁਪਏ ਤੇ ਸਰਕਾਰੀ ਨੌਕਰੀ ਅਤੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣ। ਬਾਜਵਾ ਦੀ ਇਸ ਮੰਗ ਵੱਲ ਕਿਸੇ ਨੇ ਵੀ ਅਜੇ ਤੱਕ ਧਿਆਨ ਨਹੀਂ ਦਿੱਤਾ ਹੈ।

ਬਾਜਵਾ ਨੇ ਲਿਖੀ ਕੈਪਟਨ ਨੂੰ ਚਿੱਠੀ: ਮੀਡੀਆ ਰਾਹੀ ਰੱਖੀ ਆਪਣੀ ਮੰਗ ਨੂੰ ਨਾ ਪੂਰਾ ਹੁੰਦਾ ਵੇਖਦਿਆਂ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਇਸ ਮੰਦਭਾਗੇ ਹਾਦਸੇ ਦੀ ਜਾਂਚ ਕਰਵਾਉਣ ਤੇ ਮੁਆਵਜ਼ਾ ਰਾਸ਼ੀ ਵਧਾਉਣ ਲਈ ਕਿਹਾ ਹੈ।

ਹਾਈਕਮਾਨ ਅਤੇ ਹਾਈਕੋਰਟ ਵੀ ਜਾ ਸਕਦੇ ਹਨ ਬਾਜਵਾ: ਬਾਜਵਾ ਨੇ ਕੈਪਟਨ ਨੂੰ ਚਿੱਠੀ ਲਿਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਉਹ ਬਟਾਲਾ ਦੇ ਲੋਕਾਂ ਨਾਲ ਡੱਟ ਕੇ ਖੜੇ ਰਹਿਣਗੇ। ਬਾਜਵਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਾਰਾ ਮਸਲਾ ਪਹਿਲਾ ਪਾਰਟੀ ਹਾਈਕਮਾਨ ਤੱਕ ਲੈ ਕੇ ਜਾਣਗੇ ਤੇ ਜੇਕਰ ਉੱਥੋਂ ਵੀ ਇਨਸਾਫ ਨਾ ਮਿਲਿਆ ਤਾਂ ਲੋਕਾਂ ਦੇ ਹਿੱਤਾਂ ਲਈ ਉਹ ਮਾਣਯੋਗ ਹਾਈਕੋਰਟ ਵਿੱਚ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।

ਕੈਪਟਨ ਖੇਮਾ ਨਹੀਂ ਦਿੰਦਾ ਬਾਜਵਾ ਦੇ ਬਿਆਨਾਂ ਨੂੰ ਤਵੱਜੋਂ: ਵੇਖਣ ਵਿੱਚ ਮਿਲਿਆ ਹੈ ਕਿ ਜਦੋਂ ਵੀ ਬਾਜਵਾ, ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਦੇ ਖਿਲਾਫ ਕੋਈ ਮੋਰਚਾ ਖੋਲਦੇ ਹਨ ਤਾਂ ਕੈਪਟਨ ਸਮੇਤ ਉਨ੍ਹਾਂ ਦੇ ਖੇਮੇ ਦਾ ਕੋਈ ਵੀ ਆਗੂ ਬਾਜਵਾ ਦੇ ਬਿਆਨਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੰਦਾ ਹੈ। ਹੁਣ ਵੀ ਜਦੋਂ ਬਾਜਵਾ ਨੇ ਮੁਆਵਜ਼ੇ ਰਾਸ਼ੀ ਨੂੰ ਵਧਾਉਣ ਦੀ ਮੰਗ ਕੀਤੀ ਸੀ ਤਾਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਹਿ ਦਿੱਤਾ ਸੀ ਕਿ ਜੋ ਸਰਕਾਰ ਨੇ ਕਿਹਾ ਹੈ ਉਨ੍ਹਾਂ ਹੀ ਮੁਆਵਜ਼ਾ ਦਿੱਤਾ ਜਾਵੇਗਾ। ਜਿਸ ਤੋਂ ਸਪਸ਼ਟ ਹੈ ਕਿ ਇੱਕ ਵਾਰ ਫੇਰ ਬਾਜਵਾ ਦੀ ਇਸ ਮੰਗ ਤੇ ਪੰਜਾਬ ਸਰਕਾਰ ਅਤੇ ਕੈਪਟਨ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਾ ਗੌਰ ਨਹੀਂ ਕੀਤਾ ਜਾਵੇਗਾ। ਜਿਸ ਕਰਕੇ ਹੋ ਸਕਦਾ ਹੈ ਬਾਜਵਾ ਮੁੜ ਮੀਡੀਆ ਦੇ ਮੁਖਾਤਿਬ ਹੋ ਕੇ ਆਪਣੀ ਸਰਕਾਰ ਨੂੰ ਮੁੜ ਭੰਡਣ।