ਕਾਂਗਰਸ ਸਰਕਾਰ ਦੇ ਅੱਧੇ ਕਾਰਜਕਾਲ ਦੇ ਬਾਅਦ ਵੀ ਬੇਅਦਬੀ ਮਾਮਲੇ ਅਣਸੁਲਝੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 13:18
Reading time: 1 min, 59 secs

ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਅੱਧੇ ਕਾਰਜਕਾਲ ਨੂੰ ਪੂਰਾ ਕਰ ਲਿਆ ਹੈ ਪਰ ਇਸ ਦੌਰਾਨ ਵੀ ਬੇਅਦਬੀ ਦੇ ਮਾਮਲੇ ਹਾਲੇ ਤੱਕ ਅਣਸੁਲਝੇ ਹੀ ਪਏ ਹਨ। ਕਾਂਗਰਸ ਵੱਲੋਂ ਚੋਣ ਵਾਅਦਿਆਂ ਦੇ ਵਿੱਚ ਸਰਕਾਰ ਆਉਣ ਤੇ ਬੇਅਦਬੀ ਮਾਮਲੇ ਸੁਲਝਾਉਣ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਗੱਲ ਕੀਤੀ ਗਈ ਸੀ ਪਰ ਇਹ ਹਾਲੇ ਤੱਕ ਵੀ ਪੂਰੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਆਉਣ ਦੇ ਬਾਅਦ ਕਾਂਗਰਸ ਨੇ ਪਹਿਲੇ ਹੀ ਮਹੀਨੇ ਵਿੱਚ ਇਨ੍ਹਾਂ ਮਾਮਲਿਆਂ ਦੀ ਜਾਂਚ ਵਾਸਤੇ ਜਸਟਿਸ ਰਣਜੀਤ ਸਿੰਘ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਦੀਆਂ ਰਿਪੋਰਟਾਂ ਦੇ ਆਧਾਰ ਤੇ ਅਕਾਲੀ ਦਲ ਦੇ ਕਈ ਆਗੂਆਂ ਸਮੇਤ ਕਈ ਵੱਡੇ ਪੁਲਿਸ ਅਧਿਕਾਰੀਆਂ ਤੇ ਨਿਸ਼ਾਨਾ ਵੀ ਸਾਧਿਆ ਗਿਆ ਸੀ ਅਤੇ ਇਸ ਨੂੰ ਲੈ ਕੇ ਸਦਨ ਵਿੱਚ ਵੀ ਬਹਿਸ ਹੋਈ ਸੀ। 

ਇਸ ਸਭ ਦੇ ਬਾਵਜੂਦ ਹਾਲੇ ਤੱਕ ਇਸ ਮਾਮਲੇ ਵਿੱਚ ਇੱਕ ਵੀ ਵਿਅਕਤੀ ਨੂੰ ਸਜਾ ਨਹੀਂ ਹੋਈ ਅਤੇ ਮਾਮਲਾ ਸਿਰਫ਼ ਜਾਂਚ ਦੇ ਇਰਦ ਗਿਰਦ ਹੀ ਘੁੰਮ ਰਿਹਾ ਹੈ । ਜੂਨ 2015 ਵਿਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ, ਇਸ ਦੇ ਬਾਅਦ ਅਕਤੂਬਰ 2015 ਵਿੱਚ ਪਿੰਡ ਬਰਗਾੜੀ ਵਿੱਚ ਖਿੱਲਰੇ ਮਿਲੇ ਪਵਿੱਤਰ ਪੰਨੇ ਅਤੇ ਬਾਅਦ ਵਿੱਚ 13 ਤੇ 14 ਅਕਤੂਬਰ 2015 ਨੂੰ ਕੋਟਕਪੂਰਾ ਵਿੱਚ ਗੋਲ਼ੀਬਾਰੀ ਅਤੇ ਪਿੰਡ ਬਹਿਬਲ ਕਲਾਂ ਵਿੱਚ ਦੋ ਲੋਕਾਂ ਨੂੰ ਮਾਰਨ ਵਾਲੀ ਗੋਲ਼ੀਬਾਰੀ ਨੇ ਸਾਰੇ ਮਾਮਲੇ ਨੂੰ ਹੋਰ ਉਲਝਾ ਦਿੱਤਾ ਸੀ। ਇਸ ਦੇ ਤਾਰ ਡੇਰਾ ਸਿਰਸਾ ਨਾਲ ਵੀ ਜੁੜੇ ਤੇ ਘਟਨਾ ਵਾਸਤੇ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਕਿਹਾ ਗਿਆ। 

ਬੇਅਦਬੀ ਮਾਮਲੇ ਵਿੱਚ ਕਈ ਡੇਰਾ ਪ੍ਰੇਮੀ ਫੜੇ ਗਏ ਅਤੇ ਇੱਕ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਇਸੇ ਸਾਲ ਨਾਭਾ ਜੇਲ੍ਹ ਵਿੱਚ ਕਤਲ ਵੀ ਹੋ ਗਿਆ। ਇਸ ਦੇ ਇਲਾਵਾ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਜਾਂਚ ਵਿੱਚ ਕਈ ਵੱਡੇ ਪੁਲਿਸ ਅਧਿਕਾਰੀਆਂ ਤੇ ਮਾਮਲੇ ਦਰਜ ਹੋਏ ਅਤੇ ਕਈ ਨਾਮੀ ਗਰਾਮੀ ਲੋਕਾਂ ਕੋਲੋਂ ਪੁੱਛਗਿੱਛ ਵੀ ਹੋਈ ਪਰ ਇਸ ਸਭ ਦਾ ਕੋਈ ਵੀ ਨਿਚੋੜ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ ਹੈ। ਇਸ ਘਟਨਾ ਦੇ ਗ਼ੁੱਸੇ ਨੇ ਅਜਿਹੀ ਅਕਾਲੀ ਦਲ ਵਿਰੋਧੀ ਲਹਿਰ ਚਲਾਈ ਸੀ ਕਿ ਅਕਾਲੀ ਦਲ ਨੇ ਸੂਬੇ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕੀਤਾ ਤੇ ਸੱਤਾ ਤੋਂ ਬਾਹਰ ਹੋ ਗਏ। ਦੂਜੇ ਪਾਸੇ ਹੁਣ ਢਾਈ ਸਾਲ ਬੀਤਣ ਦੇ ਬਾਅਦ ਇਹ ਮਾਮਲਾ ਹੁਣ ਕਾਂਗਰਸ ਵਾਸਤੇ ਵੀ ਗਲੇ ਦੀ ਹੱਡੀ ਬਣ ਰਿਹਾ ਜਾਪਦਾ ਹੈ ਕਿਉਂਕਿ ਕਾਂਗਰਸ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਫੜ੍ਹ ਕਿ ਸਜਾ ਨਹੀਂ ਕਰਵਾ ਸਕੀ ਹੈ ਅਤੇ ਅਜਿਹੇ ਵਿੱਚ ਆਉਣ ਵਾਲਾ ਸਮਾਂ ਕਾਂਗਰਸ ਦੇ ਲਈ ਵੀ ਇਸ ਮਾਮਲੇ ਤੇ ਜਲਦ ਕਾਰਵਾਈ ਦਾ ਦਬਾਅ ਬਣਾ ਸਕਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।