ਅਬੋਹਰ ਦੀ ਕੁੜੀ ਨੇ ਲਾਇਆ ਹੋਟਲ 'ਚ ਦੋ ਅਫ਼ਸਰਾਂ ਵੱਲੋਂ ਬਲਾਤਕਾਰ ਕਿੱਤੇ ਜਾਣ ਦਾ ਦੋਸ਼!!

Last Updated: Sep 18 2019 12:53
Reading time: 1 min, 11 secs

ਅਬੋਹਰ ਦੀ ਇੱਕ ਕੁੜੀ ਨੂੰ ਬੇਹੋਸ਼ ਕਰਕੇ ਉਸ ਦੇ ਨਾਲ ਦੋ ਵਿਅਕਤੀਆਂ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੀ ਲੜਕੀ ਨੂੰ ਇਸ ਤਰ੍ਹਾਂ ਨਾਲ ਸ਼ਿਕਾਰ ਬਣਾਇਆ ਗਿਆ ਹੈ। ਪ੍ਰੰਤੂ ਇਸ ਮਾਮਲੇ 'ਚ ਇਸ ਘਟਨਾ ਨੂੰ ਅੰਜਾਮ ਦੇਣੇ ਵਾਲੇ ਦੋ ਸਰਕਾਰੀ ਅਫ਼ਸਰਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਮਾਮਲੇ 'ਚ ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ। ਜਾਣਕਾਰੀ ਮੁਤਾਬਿਕ ਅਬੋਹਰ ਦੇ ਨੇੜਲੇ ਸ਼ਹਿਰ ਸ਼੍ਰੀ ਗੰਗਾਨਗਰ ਦੇ ਇੱਕ ਹੋਟਲ 'ਚ ਇਹ ਘਟਨਾ ਵਾਪਰੀ ਹੈ। ਜਿੱਥੇ ਅਬੋਹਰ ਦੀ ਇੱਕ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਸ਼ਿਕਾਰ ਬਣਾਉਣ ਵਾਲੇ ਸਰਕਾਰੀ ਅਫ਼ਸਰ ਦੱਸੇ ਜਾ ਰਹੇ ਹਨ, ਜੋ ਰਾਜਸਥਾਨ ਬਿਜਲੀ ਨਿਗਮ 'ਚ ਤਾਇਨਾਤ ਹਨ, ਜਿਨ੍ਹਾਂ ਦੀ ਪਹਿਚਾਣ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਵਜੋਂ ਦੱਸੀ ਜਾ ਰਹੀ ਹੈ। 23 ਸਾਲਾ ਪੀੜਿਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਵਾਈ ਲੈਣ ਸ਼੍ਰੀ ਗੰਗਾਨਗਰ ਦੇ ਇੱਕ ਹਸਪਤਾਲ 'ਚ ਗਈ ਸੀ ਜਿੱਥੇ ਉਸ ਨੂੰ ਉਸ ਦੀ ਸਹੇਲੀ ਦੀ ਸਹੇਲੀ ਮਿਲ ਗਈ। ਜੋ ਉਸ ਨੂੰ ਹੋਟਲ 'ਚ ਲੈ ਗਈ ਜਿੱਥੇ ਪਹਿਲਾ ਹੀ ਦੋ ਵਿਅਕਤੀ ਮੌਜੂਦ ਸਨ। ਕੁਝ ਖਾਣ ਨੂੰ ਦਿੱਤਾ ਗਿਆ ਜਿਸ ਨੂੰ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਜਿਸਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੁਲਿਸ ਵੱਲੋਂ ਉਕਤ ਹੋਟਲ 'ਚ ਜਾ ਕੇ ਉਸ ਕਮਰੇ ਦੀ ਜਾਂਚ ਕੀਤੀ ਗਈ ਜਿਸ ਵਿੱਚ ਬਲਾਤਕਾਰ ਹੋਣਾ ਦੱਸਿਆ ਜਾ ਰਿਹਾ ਹੈ। ਪੁਲਿਸ ਸੀ.ਸੀ.ਟੀ.ਵੀ ਦੀ ਫੁਟੇਜ ਵੀ ਖੰਘਾਲ ਰਹੀ ਹੈ ਅਤੇ ਮਾਮਲੇ ਦੀ ਗਹਿਨਤਾ ਨਾਲ ਪੜਤਾਲ ਕਰ ਰਹੀ ਹੈ।