ਕਰਤਾਰਪੁਰ ਕੋਰੀਡੋਰ ਦੇ ਰਸਤੇ ਤੇ ਲਗਾਏ ਜਾਣਗੇ ਫਲਦਾਰ ਤੇ ਛਾਂਦਾਰ ਪੌਦੇ- ਕੈਬਨਿਟ ਵਜੀਰ ਧਰਮਸੋਤ

Last Updated: Sep 18 2019 12:30
Reading time: 2 mins, 3 secs

ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ਬਣ ਰਹੇ ਰਸਤੇ ਦੇ ਦੋਵੇਂ ਪਾਸੇ ਫਲਦਾਰ ਤੇ ਛਾਂ ਦਾਰ ਪੌਦੇ ਲਗਾਏ ਜਾਣਗੇ। ਉਹ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਉਪਰੰਤ ਉਨ੍ਹਾਂ ਸਥਾਨਕ ਰੈਸਟ ਹਾਊਸ ਵਿਖੇ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਤੇ ਪਠਾਨਕੋਟ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਡਾ. ਰੋਸ਼ਨ ਸ਼ੰਕਾਰੀਆ ਐਡੀਸ਼ਨਲ ਚੀਫ ਸੈਕਰਟਰੀ ਜੰਗਲਾ ਵਿਭਾਗ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਤਿੰਦਰ ਸ਼ਰਮਾ ਪ੍ਰਧਾਨ ਮੁੱਖ ਵਣਪਾਲ ਪੰਜਾਬ, ਨਿਰਮਲਜੀਤ ਸਿੰਘ ਰੰਧਾਵਾ ਵਣਪਾਲ ਈਸਟ, ਮਹਾਂਵੀਰ ਸਿੰਘ ਵਣਪਾਲ ਨਾਰਥ, ਜਰਨੈਲ ਸਿੰਘ ਬਾਠ ਡੀ.ਐਫ.ਓ ਗੁਰਦਾਸਪੁਰ, ਸੁਰਜੀਤ ਸਿੰਘ ਡੀ.ਐਫ.ਓ ਸ੍ਰੀ ਅੰਮ੍ਰਿਤਸਰ, ਸੰਜੀਵ ਤਿਵਾੜੀ ਡੀ.ਐਫ.ਓ ਪਠਾਨਕੋਟ, ਬਿਕਰਮਜੀਤ ਸਿੰਘ ਰੇਂਜ ਅਫਸਰ ਗੁਰਦਾਸਪੁਰ, ਰਛਪਾਲ ਸਿੰਘ ਰੇਂਜ ਅਫਸਰ ਵੀ ਮੌਜੂਦ ਸਨ।

ਕੈਬਨਿਟ ਵਜੀਰ ਧਰਮਸੋਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਮਨਾਉਣ ਲਈ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਜਾਣਗੇ ਤੇ ਰਾਜ ਭਰ ਵਿੱਚ ਜੰਗਲਾਤ ਵਿਭਾਗ ਵੱਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਕਰਤਾਰਪੁਰ ਕੋਰੀਡੋਰ (ਡੇਰਾ ਬਾਬਾ ਨਾਨਕ ) ਰਸਤੇ ਦੀ ਲੰਬਾਈ ਜੋ ਲਗਭਗ 4 ਕਿੱਲੋਮੀਟਰ ਹੈ ਉਸਦੇ ਦੋਵੇਂ ਪਾਸੇ 7-8 ਫੁੱਟ ਦੇ ਫਲਦਾਰ ਤੇ ਛਾਂ ਦਾਰ ਪੌਦੇ ਲਗਾਏ ਜਾਣਗੇ। ਪੌਦਿਆਂ ਦੀ ਸੰਭਾਲ ਲਈ ਟ੍ਰੀ ਗਾਰਡ ਲਗਾਏ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਰਾਜ ਭਰ ਦੇ ਪਿੰਡਾਂ ਅੰਦਰ 550-550 ਪੌਦੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਪੌਦੇ ਲਗਾਉਣ ਤੇ ਪੌਦਿਆਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਕਰਨ ਲਈ ਉਪਦੇਸ਼ ਦਿੱਤਾ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਰਲ ਕੇ ਹੰਭਲਾ ਮਾਰੀਏ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਨ ਦੇਣ ਲਈ ਵੱਧ ਤੋਂ ਵੱਧ ਪੌਦੇ ਲਗਾਈਏ। ਪੌਦਿਆਂ ਦੀ ਸੰਭਾਲ ਕਰੀਏ। ਪਾਣੀ ਦੀ ਦੁਰਵਰਤੋਂ ਨੂੰ ਰੋਕੀਏ। ਆਪਣੇ ਘਰਾਂ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੀਏ।

ਇਸ ਮੌਕੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਗਰੂਕ ਕਰਨ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਵਿੱਢਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਸੂਬੇ ਨੂੰ ਹਰਿਆ ਬਣਾਉਣ ਵਿੱਚ ਕੋਈ ਢਿੱਲਮੱਠ ਨਾ ਵਰਤਣ। ਇਸ ਮੌਕੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਕਾਜਾਂ ਦੀ ਜਾਣਕਾਰੀ ਹਾਸਿਲ ਕੀਤੀ ਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।