ਤਬ ਡਿਗਰੀਆਂ ਕਿਸੀ ਕਾਮ ਨਾ ਆਈ, ਜਬ ਹਕੂਮਤ ਬਈਮਾਨ ਹੋ ਗਈ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 12:45
Reading time: 2 mins, 20 secs

ਤਬ ਡਿਗਰੀਆਂ ਕਿਸੀ ਕਾਮ ਨਾ ਆਈ, ਜਬ ਹਕੂਮਤ ਬਈਮਾਨ ਹੋ ਗਈ। ਜੀ ਹਾਂ, ਦੋਸਤੋਂ, ਇਹ ਲਾਈਨਾਂ ਪੰਜਾਬ ਦੀ ਕੈਪਟਨ ਹਕੂਮਤ 'ਤੇ ਅਹਿਣ ਢੱਕਦੀਆਂ ਹਨ। ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕਈ ਪ੍ਰਕਾਰ ਦੇ ਵਾਅਦੇ ਕਰਨ ਵਾਲਾ ਕੈਪਟਨ ਅੱਜ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਚੁੱਕਿਆ ਹੈ। ਬੀਏ, ਐਮਏ ਤੋਂ ਲੈ ਕੇ ਹੋਰ ਡਿਗਰੀਆਂ ਹਾਂਸਲ ਕਰਨ ਤੋਂ ਇਲਾਵਾ ਕੋਰਸ ਕਰਕੇ ਵੇਹਲੀ ਤੁਰੀ ਫਿਰਦੀ ਜਵਾਨੀ ਹੁਣ ਤਾਂ ਡਿਗਰੀਆਂ ਫੂਕਣ ਨੂੰ ਤਿਆਰ ਹੋ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ਵਿਖੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦੇ ਵੱਲੋਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾਂ ਦੇ ਸ਼ਹਿਰ ਵਿੱਚ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਫੂਕੀਆਂ ਗਈਆਂ। ਵੇਖਿਆ ਜਾਵੇ ਤਾਂ ਕਿੰਨੀਂ ਸ਼ਰਮ ਵਾਲੀ ਗੱਲ ਹੈ ਕਿ ਪੜੀ ਲਿਖੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਹ ਤਾਂ ਹੁਣ ਆਪਣੀ ਕੀਤੀ ਕਰਾਈ ਵੀ ਖ਼ੂਹ ਵਿੱਚ ਪਾ ਰਹੇ ਹਨ, ਮਤਲਬ ਕਿ ਡਿਗਰੀਆਂ ਸਾੜ ਰਹੇ ਹਨ। ਡਿਗਰੀਆਂ ਫੂਕਣ ਦਾ ਕੰਮ ਭਾਵੇਂ ਹੀ ਪਹਿਲੋਂ ਵੀ ਕਈ ਜਥੇਬੰਦੀਆਂ ਕਰ ਚੁੱਕੀਆਂ ਹਨ।

ਪਰ ਇਸ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਪਿਆ। ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਦੇ ਹੱਥ ਹਮੇਸ਼ਾਂ ਹੀ ਨਿਰਾਸ਼ਾ ਲੱਗੀ ਹੈ। ਹਕੂਮਤ ਕਿਸੇ ਵੀ ਪਾਰਟੀ ਦੀ ਹੋਵੇ, ਹਰ ਪਾਰਟੀ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਤਾਂ ਕਈ ਪ੍ਰਕਾਰ ਦੇ ਕੀਤੇ ਜਾਂਦੇ ਹਨ, ਪਰ ਅਫਸੋਸ ਉਨ੍ਹਾਂ ਨੂੰ ਪੂਰਿਆਂ ਨਹੀਂ ਕੀਤਾ ਜਾਂਦਾ। ਜਿਸ ਤੋਂ ਤੰਗ ਆ ਕੇ ਕਈ ਨੌਜ਼ਵਾਨ ਤਾਂ ਖੁਦਕੁਸ਼ੀਆਂ ਦਾ ਰਾਹ ਫੜ ਲੈਂਦੇ ਹਨ ਅਤੇ ਕਈ ਨੌਜਵਾਨ ਪ੍ਰੇਸ਼ਾਨੀਆਂ ਦੇ ਕਾਰਨ ਨਸ਼ਿਆਂ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਨ। ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਬੇਰੁਜ਼ਗਾਰ ਹਮੇਸ਼ਾਂ ਹੀ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਫਸੇ ਹੀ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾ 2017 ਸਮੇਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਕਕਾਰ ਪੰਜਾਬ ਦੀ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਸਭ ਤੋਂ ਪਹਿਲੋਂ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਾ ਹੀ ਕੈਪਟਨ ਨੇ ਇਹ ਵੀ ਵਾਅਦਾ ਕੀਤਾ ਸੀ ਕਿ ''ਘਰ ਘਰ ਨੌਕਰੀ'' ਦਿੱਤੀ ਜਾਵੇਗੀ। ਵੇਖਿਆ ਜਾਵੇ ਤਾਂ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆ ਨੂੰ, ਪਰ ਹੁਣ ਤੱਕ ਘਰ-ਘਰ ਨੌਕਰੀ ਦੇਣ ਦੀ ਮੁਹਿੰਮ ਕਿਤੇ ਵੀ ਚਲਦੀ ਵਿਖਾਈ ਨਹੀਂ ਦੇ ਰਹੀ। ਸਰਕਾਰੀ ਲੱਗ ਰਹੇ ਰੁਜ਼ਗਾਰ ਮੇਲਿਆਂ ਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਪੜੀ ਲਿਖੀ ਨੌਜਵਾਨ ਪੀੜੀ ਨੂੰ ਘੱਟ ਤਨਖ਼ਾਹ 'ਤੇ ਰੱਖਣ ਦਾ ਮਨ ਬਣਾਇਆ ਹੋਇਆ ਹੈ, ਜੋ ਕਿ ਸ਼ਰੇਆਮ ਹੀ ਨੌਜਵਾਨਾਂ ਦੇ ਨਾਲ ਸ਼ੋਸ਼ਨ ਹੋ ਰਿਹਾ ਹੈ। ਦੱਸ ਦਈਏ ਕਿ ਸੰਗਰੂਰ ਵਿਖੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 14 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਈ.ਟੀ.ਟੀ ਅਧਿਆਪਕਾਂ ਨੇ ਬੀਤੇ ਦਿਨ ਬਾਜ਼ਾਰ ਵਿੱਚ ਆਪਣੀਆਂ ਡਿਗਰੀਆਂ ਫੂਕ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੋਸਤੋਂ, ਸਰਕਾਰ ਨੂੰ ਹਾਲੇ ਵੀ ਸੋਚ ਲੈਣਾ ਚਾਹੀਦਾ ਹੈ ਅਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਪੱਕੀਆਂ ਦੇ ਦੇਣੀਆਂ ਚਾਹੀਦੀਆਂ ਹਨ, ਨਹੀਂ ਤਾਂ ਅੱਜ ਜਿਥੇ ਬੇਰੁਜ਼ਗਾਰ ਡਿਗਰੀਆਂ ਫੂਕ ਰਹੇ ਹਨ, ਕਿਤੇ ਕੱਲ੍ਹ ਨੂੰ ਬੇਰੁਜ਼ਗਾਰ ਖੁਦ ਨੂੰ ਅੱਗ ਨਾ ਲਗਾ ਲੈਣ।