ਆਖ਼ਰ ਕਦੋਂ ਤੱਕ ਰਿਸ਼ਵਤਖ਼ੋਰ ਅਫ਼ਸਰ ਲਗਾਉਂਦੇ ਰਹਿਣਗੇ ਚੂਨਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 11:11
Reading time: 2 mins, 58 secs

ਅੱਜ ਹਰ ਸਰਕਾਰੀ ਦਫ਼ਤਰ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪੰਜਾਬ ਸਮੇਤ ਕੇਂਦਰ ਦਾ ਕੋਈ ਵੀ ਅਜਿਹਾ ਸਰਕਾਰੀ ਦਫ਼ਤਰ ਨਹੀਂ ਬਚਿਆ ਹੁਣ ਤੱਕ, ਜਿੱਥੇ ਰਿਸ਼ਵਤ ਨਾ ਚੱਲਦੀ ਹੋਵੇ। ਹਰ ਜਗ੍ਹਾ 'ਤੇ ਰਿਸ਼ਵਤ ਦੇ ਕੇ ਹੀ ਕੰਮ ਕਰਵਾਏ ਜਾਂਦੇ ਹਨ। ਸਿੱਧਾ ਕੰਮ ਕਰਵਾਉਣ ਲੱਗਿਆ, ਜਿੱਥੇ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ, ਉੱਥੇ ਹੀ ਪੁੱਠੇ ਕੰਮਾਂ 'ਤੇ ਤਾਂ ਦੁੱਗਣਾ ਪੈਸਾ ਖ਼ਰਚਿਆਂ ਜਾਂਦਾ ਹੈ। ਵੈਸੇ ਤਾਂ, ਰਿਸ਼ਵਤ ਲੈਣ ਵਾਲਾ ਵੀ ਉਨ੍ਹਾਂ ਹੀ ਦੋਸ਼ੀ ਹੁੰਦਾ ਹੈ, ਜਿਨ੍ਹਾਂ ਰਿਸ਼ਵਤ ਦੇਣ ਵਾਲਾ।

ਪਰ ਸਾਡੇ ਸਮਾਜ ਦੇ ਅੰਦਰ ਇਸ ਤੋਂ ਕੁਝ ਉਲਟ ਚੱਲ ਰਿਹਾ ਹੈ। ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਮੰਗਣ ਵਾਲਿਆਂ ਨੂੰ ਜਿੱਥੇ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਰਿਸ਼ਵਤ ਦੇਣ ਵਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਭਾਵੇਂ ਹੀ ਕਿਸੇ ਗਲਤ ਕੰਮ ਨੂੰ ਕਰਵਾਉਣ ਬਦਲੇ ਕੋਈ ਅਧਿਕਾਰੀ ਰਿਸ਼ਵਤ ਲੈਂਦਾ ਹੋਵੇ, ਪਰ ਵਿਜੀਲੈਂਸ ਦੇ ਵਲੋਂ ਰਿਸ਼ਵਤ ਦੇਣ ਵਾਲੇ ਨੂੰ ਨਹੀਂ, ਬਲਕਿ ਰਿਸ਼ਵਤ ਲੈਣ ਵਾਲੇ ਨੂੰ ਹੀ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਆਪਣੀਆਂ ਜੇਬਾਂ ਗਰਮ ਕਰਨ ਵਾਲੇ ਹੁਣ ਤੱਕ ਕਈ ਅਧਿਕਾਰੀ ਸਲਾਖ਼ਾਂ ਪਿੱਛੇ ਪਹੁੰਚ ਚੁੱਕੇ ਹਨ।

ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਫ਼ਿਰੋਜ਼ਪੁਰ ਰੋਡਵੇਜ਼ ਡਿਪੂ ਵਿੱਚ ਕੰਮ ਕਰਦਾ ਇੱਕ ਸਬ ਇੰਸਪੈਕਟਰ, ਜਿਸ ਨੇ ਆਪਣੇ ਹੀ ਕਰਮਚਾਰੀ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲਈ ਸੀ, ਜਿਸ ਨੂੰ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੇ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਬ ਇੰਸਪੈਕਟਰ ਨੂੰ ਜਦੋਂ ਵਿਜੀਲੈਂਸ ਦੇ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਰੋਡਵੇਜ਼ ਦਾ ਜੀਐਮ ਅਤੇ ਇੱਕ ਹੋਰ ਅਧਿਕਾਰੀ ਆਪਣੇ ਦਫ਼ਤਰ ਵਿੱਚੋਂ ਗ਼ਾਇਬ ਹੋ ਗਏ ਸਨ। ਜਿਸ ਤੋਂ ਵਿਜੀਲੈਂਸ ਨੂੰ ਸ਼ੱਕ ਪੈ ਗਿਆ ਸੀ ਕਿ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ।

ਰੋਡਵੇਜ਼ ਦਾ ਜੀਐਮ, ਜਿਸ ਦੀ ਇੱਕ ਲੱਖ ਦੇ ਕਰੀਬ ਤਨਖ਼ਾਹ ਹੋਣੀ ਹੈ, ਉਹ ਫਿਰ ਵੀ ਰਿਸ਼ਵਤ ਲੈਣ ਤੋਂ ਬਾਜ਼ ਨਹੀਂ ਆ ਰਿਹਾ। ਦੱਸ ਦੇਈਏ ਕਿ ਰੋਡਵੇਜ਼ ਦੇ ਸਬ ਇੰਸਪੈਕਟਰ ਜਿਸ ਨੂੰ ਬੀਤੇ ਦਿਨੀਂ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਦੇ ਹੱਥਾਂ 'ਤੇ ਲੱਗੀ ਰਿਸ਼ਵਤ ਦਾ ਰੰਗ ਤਾਂ ਹਾਲੇ ਫਿੱਕਾ ਨਹੀਂ ਪਿਆ ਹੋਣਾ ਕਿ ਪੰਜਾਬ ਰੋਡਵੇਜ਼ ਦਾ ਜੀ.ਐਮ ਅਤੇ ਇੱਕ ਹੋਰ ਸਬ ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੇ ਹੱਥੇ ਚੜ੍ਹ ਗਏ। ਵਿਜੀਲੈਂਸ ਵਲੋਂ ਦੋਵਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।

ਬੀਤੀ ਦਰਮਿਆਨੀ ਰਾਤ ਨੂੰ ਵਿਜੀਲੈਂਸ ਬਿਊਰੋ ਵਲੋਂ ਰੋਡਵੇਜ਼ ਦਫ਼ਤਰ 'ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਪੰਜਾਬ ਰੋਡਵੇਜ਼ ਦੇ ਫ਼ਿਰੋਜ਼ਪੁਰ ਡਿਪੂ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਸ਼ਿਕਾਇਤਕਰਤਾ ਗੁਰਚਰਨ ਸਿੰਘ ਕੰਡਕਟਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਅਧਿਕਾਰੀਆਂ ਦੇ ਦੱਸਿਆ ਕਿ ਗੁਰਚਰਨ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਸੀ ਕਿ ਸਬ ਇੰਸਪੈਕਟਰ ਗੁਰਮੇਜ ਸਿੰਘ ਦੇ ਵੱਲੋਂ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਡਿਪੂ ਦੇ ਡੀਜ਼ਲ ਪੰਪ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਉਪਰੰਤ ਮੁੱਦਈ ਉੱਪਰ ਕੋਈ ਕਾਰਵਾਈ ਨਾ ਕਰਨ ਅਤੇ ਉਸ ਦੀ ਕਿਸੇ ਹੋਰ ਸ਼ਾਖਾ ਵਿੱਚ ਕਰਵਾਉਣ ਬਦਲੇ 16000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 10,000 ਰੁਪਏ ਵਿੱਚ ਤੈਅ ਹੋਇਆ ਹੈ। ਵਿਜੀਲੈਂਸ ਵਲੋਂ ਤੱਥਾਂ ਪੜਤਾਲ ਉਪਰੰਤ ਉਕਤ ਸਬ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਤਫ਼ਤੀਸ਼ ਦੌਰਾਨ ਦੋਸ਼ੀ ਸਬ ਇੰਸਪੈਕਟਰ ਨੇ ਖ਼ੁਲਾਸਾ ਕੀਤਾ ਕਿ ਰਿਸ਼ਵਤ ਦੀ ਇਹ ਰਾਸ਼ੀ ਉਸ ਨੇ ਆਪਣੇ ਜਨਰਲ ਮੈਨੇਜਰ ਚਰਨਜੀਤ ਸਿੰਘ ਬਰਾੜ ਦੇ ਕਹਿਣ 'ਤੇ ਲਈ ਸੀ।

ਰਿਸ਼ਵਤਖ਼ੋਰ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਨੂੰ ਇਹ ਵੀ ਦੱਸਿਆ ਕਿ ਉਹ ਪਹਿਲਾਂ ਵੀ ਡਿਪੂ ਦੇ ਹੋਰਨਾਂ ਮੁਲਾਜ਼ਮਾਂ ਕੋਲੋਂ ਪੈਸੇ ਇਕੱਠੇ ਕਰਕੇ ਆਪਣੇ ਜੀ.ਐਮ ਨੂੰ ਦਿੰਦਾ ਰਹਿੰਦਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਅਤੇ ਹੱਥ ਲੱਗੇ ਸਬੂਤਾਂ ਦੇ ਆਧਾਰ 'ਤੇ ਰੋਡਵੇਜ਼ ਦੇ ਜੀਐਮ ਚਰਨਜੀਤ ਸਿੰਘ ਬਰਾੜ ਨੂੰ ਵੀ ਰਿਸ਼ਵਤ ਦੇ ਕੇਸ ਵਿੱਚ ਕਾਬੂ ਕੀਤਾ ਗਿਆ। ਦੋਸਤੋ, ਇਹ ਤਾਂ ਇੱਕ ਮਾਮਲਾ ਹੈ, ਐਹੋਂ ਜਿਹੇ ਪਤਾ ਨਹੀਂ ਹੋਰ ਕਿੰਨੇ ਮਾਮਲੇ ਹਨ, ਜੋ ਸਰਕਾਰੀ ਅਫ਼ਸਰਾਂ ਦੇ ਦਬਾਅ ਕਾਰਨ ਦੱਬੇ ਹੀ ਰਹਿ ਜਾਂਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।