...ਤੇ ਜਦੋਂ, ਨਸ਼ੇ ਖੁਣੋਂ ਤੜਫਦੇ ਪੁੱਤ ਨੂੰ ਸਲਾਖ਼ਾਂ ਪਿੱਛੇ ਦੇਣ ਆਈ ਮਾਂ ਨਸ਼ਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 17 2019 13:13
Reading time: 2 mins, 48 secs

ਨਸ਼ੇ ਨੇ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਭਾਵੇਂ ਹੀ ਇਸ ਦੇ ਵਿੱਚ ਸਰਕਾਰਾਂ ਦੋਸ਼ੀ ਹਨ, ਪਰ ਲੋਕ ਵੀ ਇਸ ਦੇ ਵਿੱਚ ਦੋਸ਼ ਹਨ, ਜੋ ਭ੍ਰਿਸ਼ਟ ਸਰਕਾਰਾਂ ਨੂੰ ਚੁਣ ਕੇ ਗੰਦ ਪਵਾਉਂਦੇ ਹਨ। ਦੱਸ ਦਈਏ ਕਿ ਨਸ਼ੇ ਦੇ ਕਾਰਨ ਹੁਣ ਤੱਕ ਕਈ ਨੌਜਵਾਨ ਮਰ ਚੁੱਕੇ ਹਨ, ਪਰ ਸਾਡੀਆਂ ਸਰਕਾਰਾਂ ਚੁੱਪੀ ਵੱਟੀ ਬੈਠੀਆਂ ਹਨ ਅਤੇ ਤਮਾਸ਼ਾ ਵੇਖ ਰਹੀਆਂ ਹਨ। ਨਸ਼ਾ ਇੱਕ ਅਜਿਹੀ ਭੈੜੀ ਬਿਮਾਰੀ ਹੈ, ਜੋ ਕਿ ਲੀਡਰਾਂ ਨੂੰ ਨਹੀਂ, ਬਲਕਿ ਜਨਤਾ ਨੂੰ ਲੱਗਦੀ ਹੈ।

ਜਦੋਂ ਨਸ਼ਾ ਜਨਤਾ ਨੂੰ ਲੱਗ ਜਾਂਦਾ ਹੈ ਤਾਂ ਉਹ ਸਰਕਾਰਾਂ ਵੱਲੋਂ ਕੀਤੇ ਵਾਅਦੇ ਨੂੰ ਭੁੱਲ ਜਾਂਦੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਜਿੱਥੇ ਪਹਿਲੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ, ਉੱਥੇ ਹੀ ਬਾਹਰੋਂ ਨਸ਼ਾ ਹੋਰ ਜੇਲ੍ਹਾਂ ਦੇ ਅੰਦਰ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਪਹੁੰਚਾਇਆ ਜਾ ਰਿਹਾ ਹੈ। ਜੇਲ੍ਹਾਂ ਦੇ ਅੰਦਰ ਬੰਦ ਗੈਂਗਸਟਰ, ਨਸ਼ੇੜੀ ਅਤੇ ਬਦਮਾਸ਼ ਮਹਿੰਗੇ ਨਸ਼ਿਆਂ ਦੇ ਸ਼ੌਕੀਨ ਹੋ ਚੁੱਕੇ ਹਨ ਅਤੇ ਉਹ ਜੇਲ੍ਹਾਂ ਦੇ ਅੰਦਰ ਬੈਠ ਕੇ ਹੀ ਨਸ਼ਾ ਮੰਗਵਾ ਰਹੇ ਹਨ।

ਦੱਸ ਦਈਏ ਕਿ ਬੀਤੇ ਦਿਨ ਇੱਕ ਮਾਂ ਆਪਣੇ ਹਵਾਲਾਤੀ ਪੁੱਤ ਦੀ ਮੁਲਾਕਾਤ ਕਰਨ ਵਾਸਤੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਅੰਦਰ ਆਈ। ਮਾਂ ਨੇ ਤਾਂ ਹਾਲੇ ਮੁਲਾਕਾਤ ਕੀਤੀ ਹੀ ਨਹੀਂ ਸੀ ਕਿ ਉਹ ਪਹਿਲੋਂ ਹੀ ਜੇਲ੍ਹ ਅਧਿਕਾਰੀਆਂ ਦੇ ਹੱਥੇ ਚੜ੍ਹੇ ਗਈ ਅਤੇ ਉਹ ਵੀ ਨਸ਼ੇ ਸਮੇਤ। ਪੁੱਤ ਦੀ ਮੁਲਾਕਾਤ ਤੋਂ ਪਹਿਲੋਂ ਗ੍ਰਿਫ਼ਤਾਰ ਕੀਤੀ ਗਈ ਮਾਂ ਦੇ ਵਿਰੁੱਧ ਭਾਵੇਂ ਹੀ ਸਿਟੀ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ.!! ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਲ੍ਹ ਦੇ ਅੰਦਰ ਪਹਿਲੋਂ ਪਿਆ ਨਸ਼ਾ ਕਦੋਂ ਖ਼ਤਮ ਹੋਵੇਗਾ?

ਬਾਹਰੋਂ ਮੁਲਾਕਾਤ ਕਰਨ ਆਈ ਮਾਂ ਨੂੰ ਤਾਂ ਜੇਲ੍ਹ ਅਧਿਕਾਰੀਆਂ ਨੇ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰ ਲਿਆ, ਪਰ ਜਿਹੜਾ ਜੇਲ੍ਹ ਦੇ ਅੰਦਰ ਰੋਜ਼ ਨਸ਼ਾ ਮਿਲ ਰਿਹਾ ਹੈ, ਉਹ ਕਦੋਂ ਤੱਕ ਮਿਲਦਾ ਰਹੇਗਾ, ਇਹ ਇੱਕ ਆਪਣੇ ਆਪ ਵਿੱਚ ਹੀ ਵੱਡਾ ਸਵਾਲ ਹੈ। ਭਾਵੇਂ ਹੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਅੱਧਾ ਗ੍ਰਾਮ ਨਸ਼ਾ ਫੜ ਕੇ ਬੜੀ ਵਾਹ-ਵਾਹ ਖੱਟੀ ਜਾ ਰਹੀ ਹੈ, ਪਰ ਜੇਲ੍ਹਾਂ ਦੀ ਅਸਲੀਅਤ ਕਿਸੇ ਤੋਂ ਲੁਕੀ ਛਿਪੀ ਨਹੀਂ। ਜੇਲ੍ਹਾਂ ਦੇ ਅੰਦਰ ਜੋ ਕਾਲਾ ਕਾਰੋਬਾਰ ਚਿੱਟੇ ਦਿਨਾਂ ਦੇ ਵਿੱਚ ਚੱਲਦਾ ਹੈ, ਉਹ ਸਭ ਨੂੰ ਪਤਾ ਹੈ।

ਪੁੱਤ ਨਾਲ ਮੁਲਾਕਾਤ ਕਰਨ ਆਈ ਮਾਂ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਾਊਡਰ ਬਰਾਮਦ ਹੋਣ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਬੰਦ ਹਵਾਲਾਤੀ ਸੁਨੀਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੌਜਮ ਥਾਣਾ ਸਦਰ ਫ਼ਾਜ਼ਿਲਕਾ ਨਾਲ ਮੁਲਾਕਾਤ ਕਰਨ ਬੀਤੇ ਦਿਨ ਉਸ ਦੀ ਮਾਂ ਸ਼ੀਲਾ ਰਾਣੀ ਉਰਫ਼ ਸ਼ੀਲਾ ਆਈ ਸੀ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜਦੋਂ ਸੁਨੀਲ ਸਿੰਘ ਦੀ ਮਾਂ ਸ਼ੀਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਮੂੰਹ ਵਿੱਚੋਂ ਮੋਮੀ ਲਿਫ਼ਾਫ਼ਾ ਮਿਲਿਆ।

ਸਹਾਇਕ ਸੁਪਰਡੈਂਟ ਮੁਤਾਬਿਕ ਜਦੋਂ ਉਕਤ ਮੋਮੀ ਲਿਫ਼ਾਫ਼ੇ ਨੂੰ ਖੋਲ੍ਹਿਆ ਗਿਆ ਤਾਂ, ਉਸ ਵਿੱਚੋਂ ਅੱਧਾ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਹੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਸ਼ੀਲਾ ਦੇ ਕਬਜ਼ੇ ਵਿੱਚੋਂ ਪਾਊਡਰ ਬਰਾਮਦ ਕਰ ਲਿਆ ਗਿਆ, ਪਰ ਸ਼ੀਲਾ ਨੇ ਜੇਲ੍ਹ ਅਧਿਕਾਰੀਆਂ ਅੱਗੇ ਕਾਫ਼ੀ ਮਿੰਨਤਾਂ ਤਰਲੇ ਕੀਤੇ ਕਿ ਉਸ ਨੂੰ ਆਪਣੇ ਪੁੱਤ ਨੂੰ "ਛਟਾਕੀ" ਨਸ਼ਾ ਦੇ ਕੇ ਆਉਣ ਦਿਓ। ਕਿਉਂਕਿ ਨਸ਼ਾ ਨਾ ਮਿਲਣ ਦੇ ਕਾਰਨ ਉਸ ਦਾ ਪੁੱਤਰ ਕਾਫ਼ੀ ਜ਼ਿਆਦਾ ਤੜਫ਼ ਰਿਹਾ ਹੈ।

ਦੂਜੇ ਪਾਸੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੀਲਾ ਦੇ ਵਿਰੁੱਧ ਪੁਲਿਸ ਕਾਰਵਾਈ ਕਰਨ ਸਬੰਧੀ ਸਿਟੀ ਫ਼ਿਰੋਜ਼ਪੁਰ ਪੁਲਿਸ ਨੂੰ ਲਿਖਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਸ਼ੀਲਾ ਰਾਣੀ ਉਰਫ਼ ਸ਼ੀਲਾ ਪਤਨੀ ਬਲਵੰਤ ਸਿੰਘ ਵਾਸੀ ਪਿੰਡ ਮੌਜਮ ਥਾਣਾ ਸਦਰ ਫ਼ਾਜ਼ਿਲਕਾ ਦੇ ਵਿਰੁੱਧ ਪਰੀਸੰਨਜ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।