ਡੀਸੀ ਨਾਲ ਪੰਗਾ ਲੈ ਕੇ ਬੁਰੇ ਤਰ੍ਹਾਂ ਫਸੇ ਵਿਧਾਇਕ ਬੈਂਸ, ਹੁਣ ਹਾਈਕੋਰਟ ਦਾ ਹੀ ਰਹਿ ਗਿਆ ਆਸਰਾ !!!

Last Updated: Sep 17 2019 12:53
Reading time: 2 mins, 26 secs

ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬਟਾਲਾ ਫੇਰੀ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਉਲਝਣਾ ਮਹਿੰਗਾ ਪਿਆ ਸੀ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਵਿਧਾਇਕ ਬੈਂਸ ਦੇ ਵਿਰੁੱਧ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬੈਂਸ ਵੱਲੋਂ ਆਪਣੀ ਅਗਾਊਂ ਜ਼ਮਾਨਤ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਮਾਣਯੋਗ ਸੈਸ਼ਨ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਜਿਸ ਨੂੰ ਲੈ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨ ਬੈਂਸ ਲਈ ਹੋਰ ਮੁਸੀਬਤ ਭਰੇ ਹੋਣਗੇ।

ਕੀ ਹੈ ਸਾਰਾ ਮਾਮਲਾ: 4 ਸਤੰਬਰ ਨੂੰ ਬਟਾਲਾ ਵਿੱਚ ਨਜਾਇਜ਼ ਤੌਰ ਤੇ ਚੱਲ ਰਹੀ ਇੱਕ ਪਟਾਕਾ ਫ਼ੈਕਟਰੀ ਵਿੱਚ ਇੰਨਾ ਵੱਡਾ ਵਿਸਫੋਟ ਹੋਇਆ ਸੀ ਕਿ ਪਟਾਕਾ ਫ਼ੈਕਟਰੀ ਪੂਰੀ ਤਰ੍ਹਾਂ ਮਲਬਾ ਬਣ ਗਈ ਸੀ ਇਸ ਦੇ ਨਾਲ ਹੀ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਉਸ ਫ਼ੈਕਟਰੀ ਵਿੱਚ ਹੋਏ ਧਮਾਕੇ ਦੀ ਚਪੇਟ ਵਿੱਚ ਆ ਗਈਆਂ ਸਨ। ਇਸ ਧਮਾਕੇ ਵਿੱਚ 24 ਲੋਕ ਮਾਰੇ ਗਏ ਸਨ ਤੇ ਲਗਭਗ ਇੰਨੇ ਹੀ ਜ਼ਖ਼ਮੀ ਵੀ ਹੋਏ ਸਨ ਜਿਸ ਤੋਂ ਬਾਅਦ ਹਸਪਤਾਲਾਂ ਵਿੱਚ ਜ਼ਖ਼ਮੀਆਂ ਨੂੰ ਵੇਖਣ ਵਾਲਿਆਂ ਅਤੇ ਸਿਆਸੀ ਰੋਟੀਆਂ ਸੇਕਣ ਵਾਲੇ ਲੀਡਰਾਂ ਦਾ ਤਾਂਤਾ ਜਿਹਾ ਲੱਗ ਗਿਆ ਸੀ। ਇਸੇ ਕੜੀ ਤਹਿਤ ਹੀ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਆਏ ਸਨ ਜ਼ਖਮੀਆਂ ਦਾ ਹਾਲ ਜਾਣਨ ਬਟਾਲਾ ਵਿੱਚ। 

ਡੀਸੀ ਨਾਲ ਹੋ ਗਈ ਸੀ ਤਕਰਾਰ: ਜਦੋਂ ਵਿਧਾਇਕ ਬੈਂਸ ਬਟਾਲਾ ਆਏ ਸਨ ਤਾਂ ਇੱਕ ਲਾਸ ਨੂੰ ਲੈ ਕੇ ਬੈਂਸ ਦੀ ਡੀਸੀ ਨਾਲ ਤਕਰਾਰ ਹੋ ਗਈ ਸੀ ਤੇ ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਸੀ ਬੈਂਸ ਆਪਣਾ ਆਪਾ ਖੋ ਬੈਠੇ ਸਨ ਤੇ ਸਾਰੀ ਮਰਿਆਦਾ ਭੁੱਲਦੇ ਹੋਏ ਡੀਸੀ ਨੂੰ ਅਪਸ਼ਬਦ ਬੋਲ ਗਏ ਸਨ। ਇੱਥੇ ਹੀ ਬੱਸ ਨਹੀਂ ਇਸ ਵਾਰਤਾਲਾਪ ਦੀ ਵੀਡੀਓ ਵੀ ਬੈਂਸ ਸਮਰਥਕਾਂ ਵੱਲੋਂ ਰਿਕਾਰਡ ਕਰ ਲਈ ਗਈ ਸੀ ਜਿਸ ਨੂੰ ਬਾਅਦ ਵਿੱਚ ਵਾਇਰਲ ਕਰਦਿਆਂ ਜਨਤਕ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੱਕਜੁੱਟਤਾ ਵਿਖਾਉਂਦੇ ਹੋਏ ਬੈਂਸ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। 

ਬੈਂਸ ਤੇ ਹੋਇਆ ਸੀ ਪਰਚਾ ਦਰਜ: ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਉਸ ਵੀਡੀਓ ਨੂੰ ਵੇਖਿਆ ਤਾਂ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਿੱਠ ਪੂਰਦਿਆਂ ਫ਼ੌਰੀ ਤੌਰ ਤੇ ਵਿਧਾਇਕ ਬੈਂਸ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਤੇ ਬਟਾਲਾ ਪੁਲਿਸ ਨੇ ਸਿਟੀ ਥਾਣੇ ਵਿੱਚ ਬੈਂਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਸੀ।

ਬੈਂਸ ਨੇ ਖੜਕਾਇਆ ਸੀ ਜ਼ਿਲ੍ਹਾ ਅਦਾਲਤ ਦਾ ਬੂਹਾ: ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਵਿਧਾਇਕ ਬੈਂਸ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਸੈਸ਼ਨ ਅਦਾਲਤ ਦਾ ਬੂਹਾ ਖੜਕਾਇਆ ਸੀ ਤਾਂ ਜੋ ਗ੍ਰਿਫ਼ਤਾਰੀ ਤੋਂ ਬਚਿਆ ਜਾ ਸਕੇ ਤੇ ਅਗਾਊਂ ਜ਼ਮਾਨਤ ਮਿਲ ਜਾਵੇ ਪਰ ਅਜਿਹਾ ਨਹੀਂ ਹੋਇਆ ਤੇ ਮਾਣਯੋਗ ਅਦਾਲਤ ਨੇ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। 

ਹੁਣ ਜਾਣਗੇ ਮਾਣਯੋਗ ਹਾਈਕੋਰਟ: ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਹੁਣ ਵਿਧਾਇਕ ਬੈਂਸ ਵੱਲੋਂ ਮਾਣਯੋਗ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ ਤਾਂ ਜੋ ਜ਼ਮਾਨਤ ਮਿਲ ਸਕੇ। ਪਰ ਉਨ੍ਹਾਂ ਨੂੰ ਉੱਥੋਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਇਹ ਤਾਂ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫ਼ਿਲਹਾਲ ਦੀ ਘੜੀ ਬੈਂਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।