ਰਿਸ਼ਵਤ ਲੈਂਦਾ ਪੰਜਾਬ ਰੋਡਵੇਜ਼ ਦਾ ਸਬ ਇੰਸਪੈਕਟਰ ਚੜ੍ਹਿਆ ਵਿਜੀਲੈਂਸ ਹੱਥੇ !!!

Last Updated: Sep 16 2019 18:14
Reading time: 1 min, 12 secs

ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ ਵੱਲੋਂ ਅੱਜ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਵਿਜੀਲੈਂਸ ਟੀਮ ਦੇ ਇੰਸਪੈਕਟਰ ਸਤਪ੍ਰੇਮ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੰਡਕਟਰ ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨ੍ਹਾਂ ਦਿਨਾਂ ਵਿੱਚ ਉਸਦੀ ਡਿਊਟੀ ਰੋਡਵੇਜ਼ ਵਿਭਾਗ ਨੇ ਤੇਲ ਦੇ ਡਿਪੂ 'ਤੇ ਲਗਾਈ ਹੈ।

ਕੰਡਕਟਰ ਨੇ ਦਿੱਤੀ ਦਰਖਾਸਤ ਦੇ ਵਿੱਚ ਦੋਸ਼ ਲਗਾਇਆ ਸੀ ਕਿ 9 ਸਤੰਬਰ 2019 ਨੂੰ ਰੋਡਵੇਜ਼ ਦੇ ਸਬ ਇੰਸਪੈਕਟਰ ਨੇ ਤੇਲ ਦੇ ਡਿਪੂ ਦੀ ਜਾਂਚ ਕਰਕੇ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ, ਜਿਸ ਵਿੱਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਸੀ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਇੰਸਪੈਕਟਰ ਨੇ ਕਿਹਾ ਸੀ ਕਿ ਉਹ ਉਸ ਦੀ ਰੋਡਵੇਜ਼ ਦੇ ਉੱਚ ਅਧਿਕਾਰੀ ਦੇ ਨਾਲ ਸੈਟਿੰਗ ਕਰਵਾ ਦੇਣਗੇ ਤਾਂ ਜੋ ਅੱਗੇ ਕਾਰਵਾਈ ਨਾ ਹੋ ਸਕੇ, ਪਰ ਇਸਦੇ ਬਦਲੇ 10 ਹਜ਼ਾਰ ਰੁਪਏ ਲੱਗਣਗੇ।

ਗੁਰਚਰਨ ਸਿੰਘ ਨੇ ਦੱਸਿਆ ਕਿ 10 ਹਜ਼ਾਰ ਰੁਪਏ ਦੇਣ ਦਾ ਦਿਨ 16 ਸਤੰਬਰ ਮਿੱਥਿਆ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੁਰਚਰਨ ਸਿੰਘ ਦੇ ਹੱਥ ਰੰਗੇ ਹੋਏ ਨੋਟ ਭੇਜ ਕੇ ਬੱਸ ਅੱਡੇ ਦੇ ਸਬ ਇੰਸਪੈਕਟਰ ਕੋਲ ਰਿਸ਼ਵਤ ਦੇਣ ਵਾਸਤੇ ਭੇਜਿਆ ਗਿਆ ਸੀ। ਅਧਿਕਾਰੀਆਂ ਮੁਤਾਬਿਕ ਜਦੋਂ ਅੱਜ ਗੁਰਚਰਨ ਸਿੰਘ ਬੱਸ ਅੱਡਾ ਫਿਰੋਜ਼ਪੁਰ ਵਿੱਚ ਤਾਇਨਾਤ ਆਪਣੇ ਦਫਤਰ ਵਿੱਚ ਬੈਠੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਪੈਸੇ ਦੇ ਕੇ ਆਇਆ ਤਾਂ ਉਨ੍ਹਾਂ ਨੇ ਸਰਕਾਰੀ ਗਵਾਹਾਂ ਦੇ ਸਾਹਮਣੇ ਗੁਰਮੇਜ ਦੇ ਕਬਜ਼ੇ ਵਿੱਚੋਂ 10 ਹਜ਼ਾਰ ਰੁਪਏ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੇ ਸਬ ਇੰਸਪੈਕਟਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।