ਸਤੰਬਰ ਮਹੀਨੇ ਦੌਰਾਨ ਸਬਜ਼ੀਆਂ ਦੀ ਕਾਸ਼ਤ ਸਬੰਧੀ ਬਾਗਬਾਨੀ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ

Last Updated: Sep 16 2019 16:30
Reading time: 2 mins, 43 secs

ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਝੋਨੇ ਦੇ ਰਕਬੇ ਹੇਠੋਂ ਕੁਝ ਰਕਬਾ ਕੱਢ ਕੇ ਸਬਜ਼ੀ ਦਾ ਕਾਸ਼ਤ ਕਰਨ ਜੋ ਕਿ ਉਨ੍ਹਾਂ ਲਈ ਮੁਨਾਫ਼ੇਯੋਗ ਹੋਵੇਗੀ। ਸਬਜ਼ੀ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਸਲਾਹ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਨੇ ਕਿਹਾ ਹੈ ਕਿ ਸਤੰਬਰ ਮਹੀਨਾ ਆਲੂ ਦੀਆਂ ਅਗੇਤੀਆਂ ਕਿਸਮਾਂ ਲਈ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਸਟੋਰ ਵਿੱਚੋਂ ਬੀਜ ਕੱਢ ਦਿਉ ਅਤੇ ਇਸ ਨੂੰ ਹਵਾਦਾਰ ਕਮਰੇ ਵਿੱਚ ਜਿੱਥੇ ਰੌਸ਼ਨੀ ਘੱਟ ਹੋਵੇ ਪਤਲੀ ਤਹਿ ਵਿੱਚ ਵਿਛਾ ਦਿਉ। ਇਨ੍ਹਾਂ ਨੂੰ ਦਿਨ ਵਿੱਚ ਇੱਕ ਵਾਰ ਹਿਲਾਉ ਅਤੇ ਪੁੰਗਰੇ ਹੋਏ ਹਿੱਸੇ ਜਦ 0.5 ਤੋਂ 1.0 ਸੈ.ਮੀ. ਤੱਕ ਲੰਬੇ ਹੋ ਜਾਣ ਤਦ ਬਿਜਾਈ ਕਰੋ। ਬਿਮਾਰੀ ਰਹਿਤ ਨਰੋਆ ਬੀਜ ਵਰਤੋ। ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ 0.25 ਪ੍ਰਤੀਸ਼ਤ ਮੋਨਸਰਨ (2.5 ਮਿ.ਲਿ. ਪ੍ਰਤੀ ਲੀਟਰ ਪਾਣੀ) ਦੇ ਘੋਲ ਵਿੱਚ 10 ਮਿੰਟ ਲਈ ਭਿਉਂ ਕੇ ਸੋਧ ਲਉ। ਬਿਜਾਈ ਸਮੇਂ 80 ਕਿੱਲੋ ਯੂਰੀਆ, 155 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਖੇਤ ਵਿੱਚ 20 ਟਨ ਰੂੜੀ ਜਾਂ ਹਰੀ ਖਾਦ ਪਾਉ। ਨਦੀਨਾਂ ਦੀ ਰੋਕਥਾਮ ਲਈ ਗਰੈਮੋਕਸੋਨ 500 ਮਿ.ਲਿ. ਪ੍ਰਤੀ ਏਕੜ ਜਦੋਂ ਬਹੁਤ ਸਾਰੇ ਨਦੀਨ ਉੱਗ ਆਏ ਹੋਣ ਅਤੇ ਆਲੂਆਂ ਦੀ ਫ਼ਸਲ ਸਿਰਫ਼ 5-10 ਪ੍ਰਤੀਸ਼ਤ ਤੱਕ ਉੱਗੀ ਹੋਵੇ ਤਾਂ ਛਿੜਕਾਅ ਕਰੋ। 250-300 ਲੀਟਰ ਪਾਣੀ ਨੈਪਸੈਕ ਪੰਪ ਲਈ ਅਤੇ 100 ਲੀਟਰ ਪਾਣੀ ਮੋਟਰ ਵਾਲੇ ਪੰਪ ਲਈ ਪ੍ਰਤੀ ਏਕੜ ਵਰਤੋ।

ਮਟਰਾਂ ਦੀ ਬਿਜਾਈ ਬਾਰੇ ਬਾਗਬਾਨੀ ਅਫ਼ਸਰ ਨੇ ਦੱਸਿਆ ਕਿ ਜੇਕਰ ਮਟਰ ਖੇਤ ਵਿੱਚ ਪਹਿਲੀ ਵਾਰ ਬੀਜਣੇ ਹੋਣ ਤਾਂ 45 ਕਿੱਲੋ ਬੀਜ ਜਲਦੀ ਪੱਕਣ ਵਾਲੀਆਂ ਕਿਸਮਾਂ ਮਟਰ ਏ ਪੀ-3, ਅਗੇਤਾ-6, ਮਟਰ ਅਗੇਤਾ-7 ਜਾਂ ਅਰਕਲ ਮਟਰ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਉ। ਬਿਜਾਈ ਸਮੇਂ 45 ਕਿੱਲੋ ਯੂਰੀਆ ਅਤੇ 155 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬਿਜਾਈ ਵੱਤਰ ਜ਼ਮੀਨਾਂ ਵਿੱਚ ਕਰੋ। ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦੀ ਰੋਕਥਾਮ ਲਈ ਅਗੇਤੀ ਬਿਜਾਈ ਨਾ ਕਰੋ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬਿਜਾਈ ਸਮੇਂ 10 ਕਿੱਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿੱਚ ਪਾਓ।

ਲਸਣ: ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਗਲੀ ਸੜੀ ਰੂੜੀ ਦੀ ਖਾਦ 20 ਟਨ ਪ੍ਰਤੀ ਏਕੜ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿੱਚ ਰਲਾ ਦਿਉ। ਫ਼ਸਲ ਨੂੰ 40 ਕਿੱਲੋ ਯੂਰੀਆ ਅਤੇ 155 ਕਿੱਲੋ ਸਿਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਉ। 225 ਤੋਂ 250 ਕਿੱਲੋ ਲਸਣ ਦੀਆਂ ਤੁਰੀਆਂ ਵੱਟਾਂ ਉੱਤੇ ਕੇਰ ਦਿਉ ਜਾਂ ਦਬਾ ਦਿਉ। ਕਤਾਰਾਂ ਦਾ ਫ਼ਾਸਲਾ 15 ਸੈ.ਮੀ. ਅਤੇ ਬੂਟਿਆਂ ਦਾ ਫ਼ਾਸਲਾ 7.5 ਸੈ.ਮੀ. ਹੋਣਾ ਚਾਹੀਦਾ ਹੈ। ਬੀਜਣ ਤੋਂ ਇੱਕ ਦਮ ਬਾਅਦ ਪਾਣੀ ਦਿਉ।
 
ਪਾਲਕ: ਪਾਲਕ ਦੀ ਪੰਜਾਬ ਗਰੀਨ ਕਿਸਮ ਦਾ 4-6 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਓ। ਬੀਜ ਨੂੰ ਕਤਾਰਾਂ ਵਿੱਚ 20 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ 3-4 ਸੈਂਟੀਮੀਟਰ ਡੂੰਘਾ ਵੱਤਰ ਜ਼ਮੀਨ ਵਿੱਚ ਬੀਜੋ।

ਫੁੱਲਗੋਭੀ ਅਤੇ ਹੋਰ ਗੋਭੀ ਦੀਆਂ ਫ਼ਸਲਾਂ: 45 ਕਿੱਲੋ ਯੂਰੀਆ, 155 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਏਕੜ ਪਾਉ। ਫਿਰ ਵੱਟਾਂ ਤੇ 4 ਤੋਂ 6 ਹਫ਼ਤੇ ਦੀ ਗੋਭੀ ਦੀ ਤਿਆਰ ਪਨੀਰੀ ਲਗਾ ਦਿਉ। ਪਿਛੇਤੀ ਗੋਭੀ ਲਈ ਪੂਸਾ ਸਨੋਬਾਲ ਕੇ-1/ਪੂਸਾ ਸਨੋਬਾਲ-1 ਕਿਸਮ ਦਾ 250 ਗ੍ਰਾਮ ਬੀਜ ਇੱਕ ਮਰਲੇ ਵਿੱਚ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ।

ਜੜ੍ਹਦਾਰ ਸਬਜ਼ੀਆਂ: ਮੂਲੀ ਦੀਆਂ ਦੇਸੀ ਕਿਸਮਾਂ ਪੰਜਾਬ ਸਫੇਦ ਮੂਲੀ-2,(ਪੰਜਾਬ ਪਸੰਦ), ਸ਼ਲਗਮ (ਐੱਲ-1) ਅਤੇ ਗਾਜਰ (ਪੰਜਾਬ ਬਲੈਕ ਬਿਊਟੀ ਪੰਜਾਬ ਕੈਰਟ ਰੈੱਡ ਅਤੇ ਪੀ ਸੀ-34) ਦੀ ਬਿਜਾਈ ਸ਼ੁਰੂ ਕਰ ਦਿਓ। ਮੂਲੀ ਅਤੇ ਗਾਜਰ ਦਾ 4-5 ਕਿੱਲੋ ਅਤੇ ਸ਼ਲਗਮ ਦਾ 2-3 ਕਿੱਲੋ ਬੀਜ ਪ੍ਰਤੀ ਏਕੜ ਪਾਓ। ਕਤਾਰਾਂ ਵਿੱਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿੱਚਕਾਰ ਫ਼ਾਸਲਾ 7.5 ਸੈਂਟੀਮੀਟਰ ਰੱਖੋ। ਜੜ੍ਹਦਾਰ ਸਬਜ਼ੀਆਂ ਦੀ ਵੱਟਾਂ ਤੇ ਬੀਜਾਈ ਕਰਨ ਨਾਲ ਵਧੀਆ ਵਾਧਾ, ਝਾੜ ਜ਼ਿਆਦਾ ਅਤੇ ਪੁਟਾਈ ਸੌਖੀ ਹੁੰਦੀ ਹੈ।