ਅਕਾਲੀਆਂ ਤੋਂ ਮਗਰੋਂ ਹੁਣ ਕਾਂਗਰਸੀਆਂ ਚਲਾ ਰਹੇ ਨੇ ਵੱਡੇ ਪੱਧਰ 'ਤੇ ਰੇਤ ਦਾ ਨਜਾਇਜ਼ ਕਾਰੋਬਾਰ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 16 2019 12:07
Reading time: 3 mins, 35 secs

ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਕਾਫ਼ੀ ਜ਼ਿਆਦਾ ਰੌਲਾ ਪਿਆ ਸੀ ਕਿ ਅਕਾਲੀ ਦਲ ਦੇ ਆਗੂ ਅਤੇ ਵਰਕਰ ਰੇਤ ਦਾ ਨਜਾਇਜ਼ ਕਾਰੋਬਾਰ ਕਰਕੇ ਮੋਟੀਆਂ ਕਮਾਈਆਂ ਕਰ ਰਹੇ ਹਨ। ਅਕਾਲੀ ਭਾਜਪਾ ਲੀਡਰਾਂ ਦੁਆਰਾ ਨਜਾਇਜ਼ ਰੇਤ ਦੇ ਕਾਰੋਬਾਰ ਤੋਂ ਹੁੰਦੀਆਂ ਕਮਾਈਆਂ ਕਾਂਗਰਸੀਆਂ ਨੂੰ ਟਿਕਣ ਨਹੀਂ ਸੀ ਦੇ ਰਹੀਆਂ। ਆਖ਼ਰ ਵੇਲਾ ਆਇਆ 2017 ਦੀਆਂ ਵਿਧਾਨ ਸਭਾ ਚੋਣਾਂ ਦਾ। ਅਕਾਲੀ ਦਲ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਪਾਰਟੀ ਵੱਡੇ ਪੱਧਰ 'ਤੇ ਜਿੱਤ ਗਈ।

ਅਕਾਲੀ ਦਲ ਭਾਜਪਾ 'ਤੇ ਨਜਾਇਜ਼ ਰੇਤ ਦਾ ਕਾਰੋਬਾਰ ਕਰਨ ਦੇ ਦੋਸ਼ ਲਗਾਉਣ ਵਾਲੇ ਕਾਂਗਰਸੀ ਹੁਣ ਖੁਦ ਰੇਤ ਦੇ ਨਜਾਇਜ਼ ਕਾਰੋਬਾਰ ਵਿੱਚ ਲਿਪਤ ਹੋਏ ਪਏ ਹਨ। ਪੰਜਾਬ ਦੇ ਸਮੂਹ ਕਾਂਗਰਸੀ ਵਿਧਾਇਕ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਛੱਡੇ ਬੰਦਿਆਂ ਤੋਂ ਨਜਾਇਜ਼ ਰੇਤ ਦਾ ਧੰਦਾ ਕਰਵਾ ਰਹੇ ਹਨ। ਦੱਸ ਦਈਏ ਕਿ ਮਾਈਨਿੰਗ ਵਿਭਾਗ ਦੇ ਵੱਲੋਂ ਜੋ ਰਜਿਸਟਰ ਕੀਤੀਆਂ ਗਈਆਂ ਖੱਡਾਂ ਹਨ, ਉਨ੍ਹਾਂ ਤੋਂ ਇਲਾਵਾ ਸੈਂਕੜੇ ਹੀ ਨਜਾਇਜ਼ ਰੇਤ ਦੇ ਖੱਡੇ ਇਸ ਵੇਲੇ ਕਾਂਗਰਸੀ ਵਿਧਾਇਕ ਦੇ ਚੱਲ ਰਹੇ ਹਨ।

ਜਿੱਥੇ ਕਿ ਪੁਲਿਸ ਛਾਪੇਮਾਰੀ ਕਰਨ ਤੋਂ ਵੀ ਗੁਰੇਜ਼ ਕਰ ਰਹੀ ਹੈ। ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ, ਜੋ ਕਿ ਚੋਣਾਂ ਜਿੱਤਣ ਤੋਂ ਬਾਅਦ ਜਨਤਾ ਦੇ ਵਿੱਚ ਹੀ ਨਹੀਂ ਵਿੱਚਰੀ, ਉਸ ਦਾ ਪਤੀ ਜਸਮੇਲ ਸਿੰਘ ਲਾਡੀ ਗਹਿਰੀ, ਜਿਸ ਦੀ ਸ਼ਹਿ 'ਤੇ ਕਸਬਾ ਮਮਦੋਟ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਵਿੱਚ ਰੇਤ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ ਹੈ। ਉਕਤ ਕਾਰੋਬਾਰ ਨੂੰ ਰੋਕਣ ਸਬੰਧੀ ਕਈ ਪਿੰਡਾਂ ਦੇ ਲੋਕਾਂ ਵੱਲੋਂ ਸ਼ਿਕਾਇਤਾਂ ਦਰਜ਼ ਕਰਵਾਈਆਂ ਜਾ ਚੁੱਕੀਆਂ ਹਨ, ਪਰ ਉਸ 'ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ।

ਵਿਧਾਨ ਸਭਾ ਹਲਕਾ ਜ਼ੀਰਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਵਿਧਾਇਕ ਕੁਲਬੀਰ ਜ਼ੀਰਾ ਹਨ, ਜੋ ਕਿ ਨਸ਼ੇ ਦੇ ਮਾਮਲਿਆਂ ਤੋਂ ਇਲਾਵਾ ਰੇਤ ਦੇ ਕਾਰੋਬਾਰ ਦੇ ਕਾਰਨ ਕਾਫ਼ੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਸਨ। ਕੁਲਬੀਰ ਨੇ ਨਸ਼ੇ ਦੇ ਮਾਮਲਿਆਂ ਨੂੰ ਖ਼ੋਲਣ ਤੋਂ ਇਲਾਵਾ ਰੇਤ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਸੀ, ਪਰ!! ਜਦੋਂ ਮਾਮਲੇ ਦੀ ਪੜ੍ਹਤਾਲ ਕੀਤੀ ਗਈ ਤਾਂ ਕੁਲਬੀਰ ਆਪਣੇ ਬੰਦਿਆਂ ਤੋਂ ਰੇਤ ਦਾ ਨਜਾਇਜ਼ ਕਾਰੋਬਾਰ ਕਰਵਾਉਣਾ ਚਾਹੁੰਦਾ ਸੀ, ਪਰ ਅਕਾਲੀ ਦਲ ਭਾਜਪਾ ਵਾਲੇ ਉਨ੍ਹਾਂ ਨੂੰ ਕਾਰੋਬਾਰ ਕਰਨ ਨਹੀਂ ਸੀ ਦੇ ਰਹੇ।

ਜਿਸ ਦੇ ਕਾਰਨ ਕੁਲਬੀਰ ਨੇ ਕਈ ਰੇਤ ਦੀਆਂ ਖੱਡਾਂ ਬੰਦ ਕਰਵਾ ਦਿੱਤੀਆਂ ਸਨ ਅਤੇ ਆਪਣੇ ਚਹੇਤਿਆਂ ਦੀਆਂ ਖੱਡਾਂ ਖੁੱਲਵਾ ਦਿੱਤੀਆਂ ਸਨ। ਤਾਜ਼ਾ ਜੋ ਮਾਮਲੇ ਦੋ ਸਾਹਮਣੇ ਆਏ ਹਨ, ਉਹ ਵੀ ਕਸਬਾ ਜ਼ੀਰਾ ਤੋਂ ਇਲਾਵਾ ਕਸਬਾ ਮਮਦੋਟ ਦੇ ਹੀ ਹਨ। ਨਜਾਇਜ਼ ਰੇਤ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਹੋਇਆ ਭਾਵੇਂ ਹੀ ਪੁਲਿਸ ਥਾਣਾ ਮਮਦੋਟ ਅਤੇ ਜ਼ੀਰਾ ਪੁਲਿਸ ਨੇ ਰੇਤ ਨਾਲ ਭਰੇ ਦੋ ਵਾਹਨਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਜਿਨ੍ਹਾਂ ਵਿਅਕਤੀਆਂ ਦੀ ਜ਼ਮੀਨ ਵਿੱਚੋਂ ਨਜਾਇਜ਼ ਰੇਤ ਨਿਕਲ ਰਹੀ ਸੀ।

ਉਹ ਵਿਅਕਤੀ ਹਾਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। ਇਸ ਸਬੰਧੀ ਵਿੱਚ ਦੋਵਾਂ ਥਾਣਿਆਂ ਦੀ ਪੁਲਿਸ ਵੱਲੋਂ ਚਾਰ ਵਿਅਕਤੀਆਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜ਼ੀਰਾ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਿਰ ਨੇ ਸੂਚਨਾ ਦਿੱਤੀ ਕਿ ਪੰਜਾਬ ਸਿੰਘ ਅਤੇ ਨਾਜ਼ਰ ਸਿੰਘ ਬਿਨਾਂ ਪਰਚੀ ਤੋਂ ਨਜਾਇਜ਼ ਰੇਤਾ ਦੀ ਨਿਵਾਸੀ ਕਰਕੇ ਵੇਚਣ ਦੇ ਆਦੀ ਹਨ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਮੁਖ਼ਬਿਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਨਾਜ਼ਰ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਹੋਇਆ ਉਸ ਦੇ ਕਬਜ਼ੇ ਵਿੱਚੋਂ ਇੱਕ ਟਿੱਪਰ ਰੇਤ ਨਾਲ ਭਰਿਆ ਹੋਇਆ ਬਰਾਮਦ ਕੀਤਾ ਗਿਆ, ਜਦਕਿ ਪੰਜਾਬ ਸਿੰਘ ਭੱਜਣ ਵਿੱਚ ਸਫਲ ਹੋ ਗਿਆ। ਏਐਸਆਈ ਸ਼ਮਸੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਹਾਲਾ ਅਤੇ ਨਾਜ਼ਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਵਿਰੁੱਧ ਆਈਪੀਸੀ ਪਰਚਾ ਦਰਜ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਥਾਣਾ ਮਮਦੋਟ ਦੇ ਏਐਸਆਈ ਰੋਸ਼ਨ ਲਾਲ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਪਿੰਡ ਲੱਖਾ ਹਾਜੀ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਿਰ ਨੇ ਇਤਲਾਹ ਦਿੱਤੀ ਕਿ ਅੰਗਰੇਜ਼ ਸਿੰਘ ਨੇ ਆਪਣੀ ਜ਼ਮੀਨ ਵਿੱਚ ਰੇਤ ਦਾ ਨਜਾਇਜ਼ ਖੱਡਾ ਲਗਾਇਆ ਹੋਇਆ ਹੈ ਅਤੇ ਅੰਗਰੇਜ਼ ਸਿੰਘ ਆਪਣੀ ਜ਼ਮੀਨ ਵਿੱਚੋਂ ਨਜਾਇਜ਼ ਰੇਤਾ ਕੱਢ ਕੇ ਆਪਣੇ ਡਰਾਇਵਰ ਮਹਿਲ ਸਿੰਘ ਦੀ ਮਦਦ ਨਾਲ ਵੱਖ-ਵੱਖ ਵਾਹਨਾਂ ਰਾਹੀਂ ਰੇਤ ਦੀ ਸਪਲਾਈ ਅੱਗੇ ਕਰਦਾ ਹੈ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਮੁਖ਼ਬਿਰ ਤੋਂ ਸੂਚਨਾ ਮਿਲਦਿਆਂ ਸਾਰ ਨਾਕੇਬੰਦੀ ਕਰਕੇ ਮਹਿਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਟਰੈਕਟਰ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਬਰਾਮਦ ਕੀਤੀ ਗਈ। ਪੁਲਿਸ ਮੁਤਾਬਿਕ ਅੰਗਰੇਜ਼ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਫੁੱਲਰਵੰਨ ਅਤੇ ਮਹਿਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਲੱਖਾ ਹਾਜ਼ੀ ਦੇ ਵਿਰੁੱਧ ਆਈਪੀਸੀ ਐਕਟ ਤੋਂ ਇਲਾਵਾ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।