ਮੈਡੀਕਲ ਕਾਲਜ ਫਰੀਦਕੋਟ ਵਿੱਚ ਸਾਹਮਣੇ ਆਇਆ ਗਿਰੋਹ, ਪੁਲਿਸ ਕੇਸਾਂ ਵਿੱਚ ਝੂਠੀਆਂ ਸੱਟਾਂ ਦਿਖਾਉਣ ਦਾ ਕਰਦੇ ਸੀ ਕੰਮ (ਨਿਊਜ਼ਨੰਬਰ ਖਾਸ ਖਬਰ)

Last Updated: Sep 16 2019 11:21
Reading time: 1 min, 6 secs

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ ਇੱਕ ਗਿਰੋਹ ਵੱਲੋਂ ਪੁਲਿਸ ਕੇਸਾਂ ਵਿੱਚ ਝੂਠੀਆਂ ਸੱਟਾਂ ਦਿਖਾਉਣ ਦਾ ਕੰਮ ਕੀਤਾ ਜਾਂਦਾ ਸੀ l ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਕਟਰ ਡੀ.ਐੱਸ. ਭੁੱਲਰ, ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਇੱਕ ਸਹਾਇਕ ਸਟਾਫ ਮੈਂਬਰ ਵੱਲੋਂ ਬੀਤੀ 8 ਸਤੰਬਰ ਸ਼ਾਮ ਨੂੰ ਇੱਕ ਸਟਾਫ਼ ਮੈਂਬਰ ਦਾ ਕਮਰਾ ਬਿਨ੍ਹਾ ਉਸਦੀ ਇਜਾਜ਼ਤ ਖੋਲ ਇੱਕ ਵਿਅਕਤੀ ਦੇ ਝੂਠੀਆਂ ਸੱਟਾਂ ਅਤੇ ਨਿਸ਼ਾਨ ਬਣਾਉਣ ਦੇ ਵਿੱਚ ਮਦਦ ਕੀਤੀ ਤਾਂ ਕਿ ਪੁਲਿਸ ਕੇਸ ਦੇ ਵਿੱਚ ਉਸਦੇ ਵਿਰੋਧੀਆਂ ਤੇ ਜ਼ਿਆਦਾ ਮਜ਼ਬੂਤ ਕੇਸ ਬਣ ਸਕੇ l ਜਾਣਕਾਰੀ ਅਨੁਸਾਰ ਇਸ ਵਿਅਕਤੀ ਵੱਲੋਂ ਹੁਣ ਤੱਕ 26 ਲੋਕਾਂ ਦੇ ਅਜਿਹੀਆਂ ਝੂਠੀਆਂ ਸੱਟਾਂ ਮਾਰ ਕੇ ਝੂਠੀਆਂ ਐੱਮ.ਐੱਲ.ਆਰ. ਬਣਾਉਣ ਦੇ ਵਿੱਚ ਮਦਦ ਕੀਤੀ ਗਈ ਹੈ l ਹਸਪਤਾਲ ਅਧਿਕਾਰੀਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਮੁਲਜ਼ਮ ਖਿਲਾਫ ਤਰੁੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਅਜਿਹੀ ਘਟਨਾ ਕਾਰਨ ਹਸਪਤਾਲ ਦੇ ਸਨਮਾਨ ਨੂੰ ਪੁੱਜੇ ਠੇਸ ਬਾਰੇ ਵੀ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ l ਜਾਣਕਾਰੀ ਅਨੁਸਾਰ ਝੂਠੀਆਂ ਸੱਟਾਂ ਦੇ ਇਹ ਮਾਮਲਿਆਂ ਵਿੱਚ ਕੁਝ ਔਰਤਾਂ ਨੇ ਵੀ ਆਪਣੇ ਝੂਠੀਆਂ ਸੱਟਾਂ ਲਗਵਾਈਆਂ ਹਨ ਅਤੇ ਪੁਲਿਸ ਵੱਲੋਂ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ l ਦੱਸਿਆ ਜਾ ਰਿਹਾ ਹੈ ਕਿ ਇਹਨਾਂ ਝੂਠੀਆਂ ਐੱਮ.ਐੱਲ.ਆਰ. ਦੇ ਕਾਰਨ ਕਈ ਲੋਕਾਂ ਨੂੰ ਅਦਾਲਤਾਂ ਵਿੱਚੋਂ ਸਜ਼ਾਵਾਂ ਹੋ ਚੁੱਕੀਆਂ ਹਨ ਤੇ ਕਈਆਂ 'ਤੇ ਕੇਸ ਚੱਲ ਰਹੇ ਹਨ l