ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ !!!

Last Updated: Sep 15 2019 16:41
Reading time: 0 mins, 54 secs

ਵੱਖ-ਵੱਖ ਇਨਕਲਾਬੀ ਜੱਥੇਬੰਦੀਆਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਹਟਾਈ ਗਈ ਧਾਰਾ 370 ਤੇ 35 'ਏ' ਨੂੰ ਬਹਾਲ ਕਰਕੇ ਉੱਥੋਂ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਅਧਿਕਾਰ ਦੇਣ ਅਤੇ ਲੋਕਾਂ 'ਤੇ ਕੀਤਾ ਜਾ ਰਿਹਾ ਫੌਜੀ ਜਬਰ ਬੰਦ ਕਰਵਾਉਣ ਦੇ ਮਕਸਦ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਮੂਹਰੇ ਸੂਬਾ ਪੱਧਰੀ ਧਰਨਾ ਦੇਣ ਲਈ ਉਲੀਕੇ ਪ੍ਰੋਗਰਾਮ ਦੇ ਤਹਿਤ ਅੱਜ ਬਾਘਾਪੁਰਾਣਾ ਤੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਜਦੋਂ ਨਿਕਲਿਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਿਸ ਨੇ ਰਸਤੇ ਵਿੱਚ ਨਾਕੇਬੰਦੀ ਕਰਕੇ ਕਿਸਾਨਾਂ ਦੀ ਬੱਸ ਨੂੰ ਰੋਕ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਉਹ ਮੰਗ ਕਰ ਰਹੇ ਹਨ ਕਿ ਜੰਮੂ-ਕਸ਼ਮੀਰ ਵਿੱਚੋਂ ਹਟਾਈ ਗਈ ਧਾਰਾ 370 ਤੇ 35 'ਏ' ਨੂੰ ਬਹਾਲ ਕਰਕੇ ਉੱਥੋਂ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਅਧਿਕਾਰ ਦਿੱਤਾ ਜਾਵੇ ਅਤੇ ਲੋਕਾਂ 'ਤੇ ਕੀਤਾ ਜਾ ਰਿਹਾ ਫੌਜੀ ਜਬਰ ਬੰਦ ਕਰਵਾਇਆ ਜਾਵੇ।