30 ਸਤੰਬਰ ਤੱਕ ਲਈ ਜਾ ਸਕਦੀ ਹੈ ਅਕਾਲੀ ਦਲ ਦੀ ਮੈਂਬਰਸ਼ਿਪ- ਬਰਕੰਦੀ

Last Updated: Sep 15 2019 13:40
Reading time: 1 min, 1 sec

ਅਕਾਲੀ ਦਲ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਲੈਣ ਦੇ ਇੱਛੁਕ ਵਿਅਕਤੀ 30 ਸਤੰਬਰ 2019 ਤੋਂ ਪਹਿਲਾਂ-ਪਹਿਲਾਂ ਮੈਂਬਰ ਬਣ ਕੇ ਅਕਾਲੀ ਦਲ ਦੇ ਜੁਝਾਰੂ ਕਾਰਕੁਨ ਬਣ ਸਕਦੇ ਹਨ, ਇਸ ਤੋਂ ਬਾਅਦ ਕਿਸੇ ਵੀ ਵਿਅਕਤੀ ਦੀ ਭਰਤੀ ਨਹੀਂ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ਼੍ਰੀ ਮੁਕਤਸਰ ਸਾਹਿਬ ਦੇ ਅਕਾਲੀ ਵਿਧਾਇਕ ਅਤੇ ਹਲਕਾ ਅਬੋਹਰ ਦੇ ਨਿਯੁਕਤ ਕੀਤੇ ਅਬਜ਼ਰਵਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਅਬੋਹਰ ਵਿਖੇ ਅਕਾਲੀ ਆਗੂਆਂ 'ਤੇ ਕਾਰਕੁਨਾਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।

ਪਾਰਟੀ ਦੀ ਮੈਂਬਰਸ਼ਿਪ ਸਬੰਧੀ ਸ. ਬਰਕੰਦੀ ਨੇ ਕਿਹਾ ਕਿ 2020 'ਚ ਪਾਰਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋ ਰਹੇ ਹਨ ਅਤੇ ਜਿਸ ਤੇਜ਼ੀ ਨਾਲ ਪੰਜਾਬ ਦੇ ਲੋਕਾਂ ਦਾ ਪਾਰਟੀ ਨਾਲ ਜੁੜੇ ਜਾਣ ਦਾ ਸਿਲਸਿਲਾ ਜਾਰੀ ਹੈ ਉਸ ਨੂੰ ਵੇਖ ਕੇ ਜਾਪਦਾ ਹੈ ਕਿ ਪਾਰਟੀ ਬਹੁਤ ਵੱਡੇ ਆਂਕੜੇ ਦੇ ਨਾਲ ਇੱਕ ਮਿਸਾਲ ਪੇਸ਼ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਬੇਹੱਦ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਡਰ ਦੇ ਬਾਵਜੂਦ ਲੋਕ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕਰ ਰਹੇ ਹਨ ਅਤੇ ਜਿਸ ਨੂੰ ਵੇਖਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੈਂਬਰਸ਼ਿਪ ਭਰਤੀ ਦੀ ਤਾਰੀਖ ਇੱਕ ਮਹੀਨੇ ਲਈ ਵਧਾਈ ਗਈ ਸੀ ਜੋ ਹੁਣ 30 ਸਤੰਬਰ ਤੱਕ ਹੀ ਜਾਰੀ ਰਹੇਗੀ।