ਕਿਸਾਨ ਸਿਖਲਾਈ ਕੈਂਪ ਵਿੱਚ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਦਾ ਦਿੱਤਾ ਭਰੋਸਾ

Last Updated: Sep 15 2019 11:51
Reading time: 2 mins, 5 secs

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੀ ਹਦਾਇਤਾਂ ਨੂੰ ਲਾਗੂ ਕਰਨ ਅਤੇ ਇੰਜ ਡੀ ਪੀ ਐਸ ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਕਪੁਰਥਲਾ ਦੇ ਨਿਰਦੇਸ਼ਾ ਦੀ ਪਾਲਣਾ ਹਿੱਤ ਪਿੰਡ ਬੁਤਾਲਾ ਬਲਾਕ ਢਿਲਵਾਂ ਵਿਖੇ ਫਸਲੀ ਰਹਿੰਦ ਖੂੰਹਦ ਦੀ ਸੰਭਾਲ ਸਬੰਧੀ ਕੈਂਪ ਲਗਾਇਆ ਗਿਆ। ਜਿਸ ਵਿੱਚ ਆਸਪਾਸ ਦੇ ਕਿਸਾਨਾਂ ਨੇ ਭਾਗ ਲਿਆ। ਇਹ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਕਪੂਰਥਲਾ ਤੇ ਮਾਨਵ ਵਿਕਾਸ ਸੰਸਥਾ ਆਈਟੀਸੀ ਕਪੂਰਥਲਾ ਦੇ ਸਾਂਝੇ ਯਤਨਾਂ ਨਾਲ ਆਯੋਜਿਤ ਕੀਤਾ ਗਿਆ।

ਇਸ ਮੌਕੇ ਟਰੇਨਿੰਗ ਅਫਸਰ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਦੀ ਜਮੀਨ ਵਿੱਚ ਮਿਲਾਉਣ ਸਬੰਧੀ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਲਈ ਐਸ.ਐਮ.ਐਸ ਵਾਲੀ ਕੰਬਾਈਨ ਦੀ ਹੀ ਵਰਤੋਂ ਕਰਕੇ ਹੈਪੀਸੀਡਰ ਮਸ਼ੀਨ ਨਾਲ ਬਿਨਾਂ ਪਰਾਲੀ ਸਾੜੇ ਝੋਨੇ ਦੇ ਖੜੇ ਮੁੱਢਾ ਵਿੱਚ ਹੀ ਕਣਕ ਦੀ ਬਿਜਾਈ ਕਰਨ। ਇਸ ਨਾਲ ਖੇਤੀ ਖਰਚਾ ਵੀ ਘੱਟਦਾ ਹੈ ਅਤੇ ਝਾੜ ਵੀ ਪੂਰਾ ਨਿਕਲਦਾ ਹੈ। ਉਨ੍ਹਾਂ ਹੈਪੀਸੀਡਰ ਨਾਲ ਕਣਕ ਬੀਜਣ ਲਈ ਬੀਜ ਦੀ ਮਾਤਰਾ ਆਮ ਬਿਜਾਈ ਨਾਲੋਂ 5 ਕਿਲੋ ਵੱਧ ਵਰਤਣ ਲਈ ਕਿਹਾ। ਸੁਖਦੇਵ ਸਿੰਘ ਖੇਤੀਬਾੜੀ ਸੂਚਨਾ ਅਫਸਰ ਵੱਲੋਂ ਪਰਾਲੀ ਨੁੰ ਜਮੀਨ ਵਿੱਚ ਮਿਲਾਉਣ ਤੇ ਧਰਤੀ ਦੀ ਗੁਣਵੱਤਾ ਵਿੱਚ ਆਉਦੇ ਸੁਧਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਬਾਰੇ ਕਿਹਾ। ਉਨ੍ਹਾਂ ਵਾਤਾਵਰਣ ਅਨੁਸਾਰ ਖੇਤੀ ਕਰਨ ਦੇ ਗੁਰ ਵੀ ਦੱਸੇ। ਇਸ ਮੌਕੇ ਮਨਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਢਿਲਵਾਂ ਨੇ ਕਿਹਾ ਕਿ ਜਲ ਸ਼ਕਤੀ ਅਭਿਆਨ ਤਹਿਤ ਧਰਤੀ ਹੇਠਲੇ ਜਮੀਨੀ ਪਾਣੀ ਨੂੰ ਸੰਜਮ ਨਾਲ ਵਰਤਣ ਬਾਰੇ ਅਪੀਲ ਕੀਤੀ। ਉਨ੍ਹਾਂ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਰਾਏ ਤੇ ਨਵੀਆਂ ਮਸ਼ੀਨਾਂ ਦੀ ਵਰਤੋਂ ਕਰਨਾਂ ਸਮੇਂ ਦੀ ਲੋੜ ਹੈ ਉਨ੍ਹਾਂ ਸਹਿਕਾਰੀ ਸਭਾਵਾਂ ਦੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਜੋਰ ਦਿੱਤਾ। ਉਨ੍ਹਾਂ ਖੇਤੀ ਜਿਨਸ ਖਰਦੇਦੇ ਸਮੇਂ ਬਿੱਲ ਜਰੂਰ ਲੈਣ ਬਾਰੇ ਕਿਹਾ।

ਸ੍ਰੀਰਾਮ ਫਰਟੀਲਾਈਜਰ ਐਡ ਕੈਮੀਕਲਜ ਲਿਮਟਿਡ ਕੰਪਨੀ ਦੇ ਨੁਮਾਇਦੇ ਰਾਜਵਿੰਦਰ ਸਿੰਘ ਅਤੇ ਗਨੇਸ਼ ਸ਼ੁਕਲਾ ਵੱਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਵੱਲੋਂ ਵੀ ਮੱਕੀ ਦੀ ਕਾਸ਼ਤ ਅਤੇ ਕਣਕ ਦੇ ਨਵੇਂ ਬੀਜਾਂ ਬਾਰੇ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਮਾਨਵ ਵਿਕਾਸ ਸੰਸਥਾ ਕਪੂਰਥਲਾ ਦੇ ਕੋਮਲਪ੍ਰੀਤ ਸਿੰਘ, ਸੰਦੀਪ ਕੁਮਾਰ, ਬਲਜੀਤ ਸਿੰਘ ਅਤੇ ਗੁਰਬਖਸ਼ ਸਿੰਘ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਸਿਮਰਜੀਤ ਸਿੰਘ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਕੈਂਪ ਵਿੱਚ ਮੱਖਣ ਸਿੰਘ, ਅਮਨਦੀਪ ਸਿੰਘ, ਮਨਜਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਿਵੰਦਰ ਸਿੰਘ, ਹਰਦੇਵ ਸਿੰਘ, ਸੁਖਰਾਜ ਸਿੰਘ, ਤਰਜਿੰਦਰ ਸਿੰਘ ,ਗੈਵਿਨਜੀਤ ਸਿੰਘ ਅਤੇ ਹੋਰ ਕਿਸਾਨ ਸ਼ਾਮਿਲ ਹੋਏ। ਹਾਜਰ ਕਿਸਾਨਾਂ ਵੱਲੋਂ ਮੰਡ ਇਲਾਕੇ ਵਿੱਚ ਸੂਰਾਂ ਵੱਲੋਂ ਮੱਕੀ ਅਤੇ ਹੋਰ ਫਸਲ ਵੱਲੋਂ ਕੀਤੇ ਜਾਦੇ ਨੁਕਸਾਨ ਬਾਰੇ ਦੱੱਸਿਆ। ਉਨ੍ਹਾਂ ਛੋਟੇ ਕਿਸਾਨਾਂ ਨੂੰ ਕਿਰਾਏ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਬਾਰੇ ਕਿਹਾ। ਇਸ ਮੌਕੇ ਬਿਨਾਂ ਐਸ.ਐਮ.ਐਸ ਕੰਬਾਈਨਾਂ ਚੱਲਣ ਤੇ ਵੀ ਰੋਕ ਲਾਉਣ ਬਾਰੇ ਵੀ ਸੁਝਾਅ ਦਿੱਤਾ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਵਿਸਵਾਸ਼ ਦਿਵਾਇਆ ਗਿਆ।