ਕਿਸਾਨ ਕਰਦਾ ਸੀ ਨਸ਼ਾ ਸਮਗਲਿੰਗ ਦਾ ਧੰਦਾ, ਪੁਲਿਸ ਨੇ ਮਾਰਿਆ ਛਾਪਾ ਤਾਂ ਹੋ ਗਿਆ ਫ਼ਰਾਰ

Last Updated: Sep 14 2019 16:13
Reading time: 1 min, 7 secs

ਮੱਖੂ ਥਾਣੇ ਦੇ ਅਧੀਨ ਆਉਂਦੇ ਪਿੰਡ ਲਹਿਰਾ ਬੇਟ ਦਾ ਰਹਿਣ ਵਾਲਾ ਇੱਕ ਕਿਸਾਨ ਨਸ਼ਾ ਸਮਗਲਿੰਗ ਦਾ ਧੰਦਾ ਕਰਦਾ ਸੀ, ਜਦੋਂ ਪੁਲਿਸ ਨੂੰ ਸੂਚਨਾ ਮਿਲੀ ਅਤੇ ਪੁਲਿਸ ਨੇ ਕਿਸਾਨ ਦੇ ਘਰ 'ਤੇ ਛਾਪੇਮਾਰੀ ਕੀਤੀ ਤਾਂ ਉੱਥੋਂ ਨਸ਼ਾ ਤਾਂ ਬਰਾਮਦ ਹੋ ਗਿਆ, ਪਰ ਕਿਸਾਨ ਭੱਜਣ ਵਿੱਚ ਸਫਲ ਹੋ ਗਿਆ। ਇਸ ਸਬੰਧ ਵਿੱਚ ਭਾਵੇਂ ਹੀ ਮੱਖੂ ਥਾਣੇ ਦੀ ਪੁਲਿਸ ਦੇ ਵਲੋਂ ਐਨਡੀਪੀਐਸ ਐਕਟ ਤਹਿਤ ਉਕਤ ਸਮਗਲਰ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਹਾਲੇ ਤੱਕ ਪੁਲਿਸ ਉਸ ਨੂੰ ਲੱਭ ਨਹੀਂ ਸਕੀ।

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਸਬ ਇੰਸਪੈਕਟਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੇ ਦਿਨ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਸ਼ਾਲ ਸਿੰਘ ਵਾਸੀ ਲਹਿਰਾ ਬੇਟ ਦਾ ਘਰ ਖੇਤਾਂ ਵਿੱਚ ਹੈ, ਉਸ ਨੇ ਘਰ ਦੇ ਇੱਕ ਪਾਸੇ ਬਾਥਰੂਮ ਬਣਾਇਆ ਹੋਇਆ ਹੈ ਅਤੇ ਬਾਥਰੂਮ ਦੀ ਛੱਤ 'ਤੇ ਲਿਫ਼ਾਫ਼ੇ ਵਿੱਚ ਪਾ ਕੇ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਹਨ।

ਸਬ ਇੰਸਪੈਕਟਰ ਗੁਰਬਚਨ ਸਿੰਘ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਰਸ਼ਾਲ ਸਿੰਘ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਰਸ਼ਾਲ ਸਿੰਘ ਦੇ ਬਾਥਰੂਮ ਦੇ ਵਿੱਚੋਂ 900 ਨਸ਼ੀਲੀਆਂ ਗੋਲੀਆਂ ਤਾਂ ਬਰਾਮਦ ਕਰ ਲਈਆਂ ਗਈਆਂ, ਪਰ ਰਸ਼ਾਲ ਸਿੰਘ ਚਕਮਾ ਦੇ ਕੇ ਭੱਜਣ ਵਿੱਚ ਸਫ਼ਲ ਹੋ ਗਿਆ। ਪੁਲਿਸ ਮੁਤਾਬਿਕ ਰਸ਼ਾਲ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਲਹਿਰਾ ਬੇਟ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।