ਭਗੌੜਿਆਂ ਦੀ ਆਈ ਸ਼ਾਮਤ, ਸੀਆਈਏ ਪੁਲਿਸ ਨੇ ਪੰਜ ਭਗੌੜੇ ਮੁਜਰਮ ਨੱਪਕੇ ਪਹੁੰਚਾਏ ਸਲਾਖ਼ਾਂ ਪਿੱਛੇ

Last Updated: Sep 14 2019 15:47
Reading time: 2 mins, 1 sec

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ 'ਚ ਦਰਜ ਮਾਮਲਿਆਂ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਮੁਜਰਮਾਂ ਦੀ ਸ਼ਾਮਤ ਆ ਗਈ ਹੈ। ਬੀਤੇ ਕਈ ਦਿਨਾਂ ਤੋਂ ਖੰਨਾ ਪੁਲਿਸ ਵੱਲੋਂ ਫ਼ਰਾਰ ਚੱਲ ਰਹੇ ਕਈ ਭਗੌੜਿਆਂ ਨੂੰ ਨੱਪਕੇ ਜੇਲ੍ਹ ਦਾ ਰਸਤਾ ਦਿਖਾਇਆ ਗਿਆ ਹੈ। ਸੀਆਈਏ ਸਟਾਫ਼ ਖੰਨਾ ਦੀਆਂ ਦੋ ਪੁਲਿਸ ਪਾਰਟੀਆਂ ਵੱਲੋਂ ਸ਼ਨੀਵਾਰ ਨੂੰ ਦੋ ਵੱਖ-ਵੱਖ ਮਾਮਲਿਆਂ 'ਚ ਲੌਂੜੀਦੇ ਪੰਜ ਭਗੌੜੇ ਮੁਜਰਮਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਚਾਰ ਵਿਅਕਤੀਆਂ ਖ਼ਿਲਾਫ਼ ਥਾਣਾ ਮਲੌਦ 'ਚ ਮਾਰਕੁੱਟ ਕਰਕੇ ਵਿਅਕਤੀ ਨੂੰ ਜ਼ਖਮੀ ਕਰਨ ਅਤੇ ਪੰਜਵੇਂ ਵਿਅਕਤੀ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ 'ਚ ਮਾਮਲੇ ਦਰਜ ਹਨ। ਗਿਰਫ਼ਤਾਰ ਕੀਤੇ ਵਿਅਕਤੀਆਂ ਤੋਂ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਅਤੇ ਮਾਰਕੁੱਟ ਕਰਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ 'ਚ ਕਰੀਬ 6 ਸਾਲ ਪਹਿਲਾਂ 24 ਜੁਲਾਈ 2013 ਨੂੰ ਥਾਣਾ ਮਲੌਦ 'ਚ ਦਰਜ ਮਾਮਲੇ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਚਾਰ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਅਦਾਲਤ 'ਚ ਚੱਲ ਰਹੀ ਸੁਣਵਾਈ 'ਚ ਸ਼ਾਮਲ ਨਾ ਹੋਣ ਦੇ ਚੱਲਦੇ ਚਾਰਾਂ ਵਿਅਕਤੀਆਂ ਨੂੰ ਸਬੰਧਿਤ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।  

ਉਨ੍ਹਾਂ ਨੇ ਅੱਗੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਨਿਗਰਾਨੀ 'ਚ ਏਐਸਆਈ ਤਰਵਿੰਦਰ ਕੁਮਾਰ ਬੇਦੀ ਨੇ ਮੁਖ਼ਬਰ ਤੋਂ ਗੁਪਤ ਸੂਚਨਾ ਮਿਲਣ ਦੇ ਬਾਅਦ ਪੁਲਿਸ ਪਾਰਟੀ ਦੇ ਵੱਲੋਂ ਸ਼ਨੀਵਾਰ ਨੂੰ ਬੱਸ ਸਟੈਂਡ ਮਲੌਦ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਭਗੌੜਾ ਕਰਾਰ ਚਾਰ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਕਰਨੈਲ ਸਿੰਘ, ਲਾਲੀ, ਪ੍ਰੇਮ ਸਿੰਘ ਅਤੇ ਸੰਦੀਪ ਸਿੰਘ ਉਰਫ਼ ਰੰਗਾ ਵਾਸੀ ਮਲੌਦ ਵਜੋਂ ਹੋਈ ਹੈ। ਗਿਰਫ਼ਤਾਰ ਕੀਤੇ ਚਾਰਾਂ ਵਿਅਕਤੀਆਂ ਖ਼ਿਲਾਫ਼ ਥਾਣਾ ਮਲੌਦ 'ਚ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੂਸਰੇ ਮਾਮਲੇ ਸਬੰਧੀ ਦੱਸਿਆ ਕਿ ਕਰੀਬ ਸਵਾ ਤਿੰਨ ਸਾਲ ਪਹਿਲਾਂ 24 ਜੂਨ 2017 ਨੂੰ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਇਲਜ਼ਾਮ ਤਹਿਤ ਇੱਕ ਵਿਅਕਤੀ ਦੇ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਨਾਮਜ਼ਦ ਮੁਜਰਮ ਪ੍ਰਗਟ ਸਿੰਘ ਵਾਸੀ ਪਿੰਡ ਸੱਦੋਵਾਲ ਜ਼ਿਲ੍ਹਾ ਬਰਨਾਲਾ ਫ਼ਰਾਰ ਚੱਲ ਰਿਹਾ ਸੀ। ਜਿਸ ਨੂੰ ਸਬੰਧਿਤ ਅਦਾਲਤ ਵੱਲੋਂ ਕਾਫ਼ੀ ਸਮਾਂ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਸੀ।

ਸੀਆਈਏ ਸਟਾਫ਼ 'ਚ ਤਾਇਨਾਤ ਏਐਸਆਈ ਪ੍ਰਮੋਦ ਕੁਮਾਰ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਸ਼ਹਿਰ ਦੇ ਸਮਾਧੀ ਰੋਡ ਚੌਂਕ ਕੋਲ ਬੱਸ 'ਚ ਸਵਾਰ ਹੋ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਭਗੌੜਾ ਕਰਾਰ ਪ੍ਰਗਟ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।