ਆਖ਼ਰ ਆ ਹੀ ਗਈ, ਲੀਡਰਾਂ ਨੂੰ ਹੜ੍ਹ ਪੀੜਤਾਂ ਦੀ ਯਾਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 13 2019 12:21
Reading time: 2 mins, 40 secs

ਹੜ੍ਹ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਆਏ, ਪਰ ਆਏ ਹੜ੍ਹਾਂ ਨੇ ਲੋਕਾਂ ਨੂੰ ਲੱਖਾਂ ਤੋਂ ਕੱਖਾਂ ਦੇ ਕਰਕੇ ਰੱਖ ਦਿੱਤਾ। ਵੇਖਿਆ ਜਾਵੇ ਤਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ, ਪਰ ਸਾਡੇ ਲੀਡਰਾਂ ਦੇ ਵੱਲੋਂ ਹੁਣ ਪਾਣੀ ਸੁੱਕਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਲੋਕ ਆਖ ਰਹੇ ਹਨ ਕਿ ਪਾਣੀ ਸੁੱਕਣ ਤੋਂ ਬਾਅਦ ਹੀ ਹੁਣ ਲੀਡਰਾਂ ਨੂੰ ਹੜ੍ਹ ਪੀੜਤਾਂ ਦੀ ਯਾਦ ਆਈ ਹੈ।

ਜੇਕਰ ਹੜ੍ਹਾਂ ਦਾ ਪਾਣੀ ਹਾਲੇ ਵੀ ਨਾ ਨੀਵਾਂ ਹੁੰਦਾ ਤਾਂ ਲੀਡਰ ਕਦੇ ਵੀ ਲੋਕਾਂ ਦਾ ਹਾਲ-ਚਾਲ ਪੁੱਛਣ ਨਾ ਜਾਂਦੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਲੋਕਾਂ ਨੂੰ ਦਰਿਆ ਪਾਰ ਕਰਨ ਦੇ ਲਈ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਕਦੇ ਵੀ ਕਿਸੇ ਸਰਕਾਰ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਨੇ ਉਕਤ ਲੋਕਾਂ ਦੀਆਂ ਸਮੱਸਿਆਵਾਂ ਦੇ ਵੱਲ ਧਿਆਨ ਨਹੀਂ ਸੀ ਮਾਰਿਆ। ਦੱਸ ਦਈਏ ਕਿ ਦਰਜਨਾਂ ਦੀ ਗਿਣਤੀ ਵਿੱਚ ਲੋਕ ਰੋਜ਼ ਹੀ ਬੇੜੀ ਰਾਹੀਂ ਆਉਂਦੇ ਜਾਂਦੇ ਸਨ।

ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਦੱਸ ਦਈਏ ਕਿ ਵਿਧਾਇਕ ਪਿੰਕੀ ਦੇ ਵੱਲੋਂ ਸਤਲੁਜ ਦਰਿਆ ਨੇੜੇ ਵਸੇ ਕਿਸਾਨਾਂ ਲਈ ਦਰਿਆ ਦੇ ਪਾਰ ਆਉਣ-ਜਾਣ ਲਈ ਬੇੜੇ ਦੇਣ ਦਾ ਐਲਾਨ ਕੀਤਾ ਗਿਆ। ਪਿੰਕੀ ਦੇ ਵੱਲੋਂ ਕੀਤੇ ਗਏ ਦੌਰੇ ਤੋਂ ਇਹ ਗੱਲ ਤਾਂ ਸਾਫ਼ ਹੋ ਗਈ ਕਿ ਪਿੰਕੀ ਹੜ੍ਹਾਂ ਦੇ ਪਾਣੀ ਲਹਿ ਜਾਣ ਤੋਂ ਬਾਅਦ ਹੀ ਬੇੜਿਆਂ ਦਾ ਐਲਾਨ ਕਰਨ ਪਹੁੰਚੇ। ਜੇਕਰ ਲੋਕਾਂ ਦੀ ਭੋਰਾ ਫ਼ਿਕਰ ਹੁੰਦੀ ਤਾਂ ਹੜ੍ਹਾਂ ਤੋਂ ਪਹਿਲੋਂ ਇਹ ਐਲਾਨ ਕੀਤੇ ਜਾਂਦੇ।

ਪਰ ਅਜਿਹਾ ਨਹੀਂ ਹੋ ਸਕਿਆ। ਵਿਧਾਇਕ ਪਿੰਕੀ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕੇ ਦੇ ਸ਼ਹਿਰੀ ਦਰਿਆਈ ਇਲਾਕਿਆਂ ਲਈ 7 ਵੱਡੇ ਬੇੜੇ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਲਈ ਮੁੱਖ ਮੰਤਰੀ ਰਾਹਤ ਸਕੀਮ ਵਿੱਚੋਂ 40 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਦਰਿਆ ਪਾਰ ਆਪਣੀ ਫ਼ਸਲ ਦੇਖਣ ਆਉਣ-ਜਾਣ ਲਈ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦਕਿ ਹੁਣ ਬੇੜੇ ਮਿਲ ਜਾਣ ਨਾਲ ਉਨ੍ਹਾਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ।

ਜਾਰੀ ਇੱਕ ਸਰਕਾਰੀ ਪ੍ਰੈਸ ਬਿਆਨ ਵਿੱਚ ਵਿਧਾਇਕ ਪਿੰਕੀ ਨੇ ਕਿਹਾ ਕਿ ਹੜ੍ਹਾਂ ਦੌਰਾਨ ਕੁਝ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਮੁਸ਼ਕਿਲ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਵਿਧਾਇਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਮੁਸ਼ਕਲ ਦੇ ਹੱਲ ਲਈ ਬੇੜਿਆਂ ਦੀ ਮੰਗ ਰੱਖੀ, ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਇਸ ਕੰਮ ਲਈ ਉਨ੍ਹਾਂ ਵੱਲੋਂ ਆਪਣੇ ਰਿਲੀਫ ਫ਼ੰਡ ਵਿੱਚ 40 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਬੇੜੇ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਜਲਦੀ ਹੀ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਉਕਤ ਬੇੜੇ ਕਿਸਾਨਾਂ ਨੂੰ ਸੌਂਪ ਦਿੱਤੇ ਜਾਣਗੇ।

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੁੱਲ 7 ਬੇੜੇ ਕਿਸਾਨਾਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 3 ਬੇੜੇ 6*22 ਅਤੇ 4 ਬੇੜੇ 12*42 ਸਾਈਜ਼ ਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੇੜੇ ਅਲੀ ਕੇ, ਬਸਤੀ ਰਾਮਲਾਲ, ਨਿਹਾਲਾ ਲਵੇਰਾ, ਗੱਟੀਆਂ ਆਦਿ ਦਰਿਆਈ ਇਲਾਕਿਆਂ ਵਿੱਚ ਦਿੱਤੇ ਜਾਣਗੇ। ਦੋਸਤੋਂ, ਚੰਗਾ ਹੁੰਦਾ ਕਿ ਜੇਕਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸਤਲੁਜ ਦਰਿਆ 'ਤੇ ਪੁਲ ਬਣਾਉਣ ਦਾ ਐਲਾਨ ਕਰਦੇ। ਕਿਉਂਕਿ ਬੇੜੇ ਤਾਂ ਕੁਝ ਸਮੇਂ ਬਾਅਦ ਖ਼ਰਾਬ ਹੋ ਜਾਂਦੇ ਹਨ ਅਤੇ ਦਰਿਆ ਵਿੱਚ ਡੁੱਬਣ ਦਾ ਖ਼ਤਰਾ ਵੀ ਰਹਿੰਦਾ ਹੈ। ਜੇਕਰ ਪੁਲ ਬਣਾਉਣ ਦਾ ਐਲਾਨ ਵਿਧਾਇਕ ਪਿੰਕੀ ਕਰਦੇ ਤਾਂ ਕਿਸਾਨਾਂ ਦੇ ਵਿੱਚ ਹੋਰ ਵੀ ਖ਼ੁਸ਼ੀ ਵੇਖਣ ਨੂੰ ਮਿਲਣੀ ਸੀ, ਪਰ ਅਫ਼ਸੋਸ...

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।