ਅੱਧਾ ਦਰਜਨ ਕੈਬਨਿਟ ਰੈਂਕ ਦੇਣ ਨਾਲ ਖ਼ਾਲੀ ਖ਼ਜ਼ਾਨੇ ਦਾ ਰੋਣਾ ਰੋਣ ਵਾਲੀ ਸਰਕਾਰ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 10 2019 16:55
Reading time: 1 min, 39 secs

2017 ਤੋਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਸੇ ਸਮੇਂ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਕੋ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਸਰਕਾਰ ਨੂੰ ਪੰਜਾਬ ਦੇ ਵਿਕਾਸ ਜਾਂ ਕੰਮ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਇੱਕੋ ਜਵਾਬ ਮਿਲਦਾ ਹੈ ਕਿ ਖ਼ਜ਼ਾਨਾ ਖ਼ਾਲੀ ਹੈ। ਹਰ ਸਮੇਂ ਖ਼ਾਲੀ ਖ਼ਜ਼ਾਨੇ ਦਾ ਰੋਣਾ ਰੋਣ ਵਾਲੀ ਸਰਕਾਰ ਨੇ ਲੋਕਾਂ ਉੱਪਰ ਇੱਕ ਹੋਰ ਬੋਝ ਪਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅੱਧੀ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਆਪਣੇ ਸਲਾਹਕਾਰ ਨਿਯੁਕਤ ਕਰਕੇ ਉਨ੍ਹਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦੇ ਦਿੱਤਾ ਹੈ।

ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰਹਿੰਦ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ (ਯੋਜਨਾ), ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ, ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਇੰਦਰਬੀਰ ਸਿੰਘ ਬੁਲਾਰੀਆ ਨੂੰ ਕੈਬਨਿਟ ਰੈਂਕ ਤੇ ਵਿਧਾਇਕ ਤਰਸੇਮ ਨੂੰ ਡੀਸੀ (ਯੋਜਨਾ) ਦਰਜਾ  ਦਿੱਤਾ ਗਿਆ। ਡੀਸੀ ਨੂੰ ਰਾਜ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਲਈ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਰੁੱਸੇ ਹੋਏ ਵਿਧਾਇਕਾਂ ਨੂੰ ਮਨਾਉਣ ਲਈ ਇਹ ਰੈਂਕ ਦੇ ਰਹੇ ਹਨ ਪਰ ਆਪਣੇ ਨਾਲ ਨਰਾਜ਼ਗੀ ਦੂਰ ਕਰਨ ਲਈ ਪੰਜਾਬ ਦੇ ਲੋਕਾਂ ਤੇ ਭੱਜ ਪਾਉਣਾ ਕਿੰਨਾ ਕੁ ਜਾਇਜ਼ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਸਲਾਹਕਾਰਾਂ ਨੂੰ ਕੈਬਨਿਟ ਰੈਂਕ ਦੇ ਵੱਡੀ ਫ਼ੌਜ ਤਿਆਰ ਕੀਤੀ ਹੋਈ ਹੈ। ਸਰਕਾਰ ਦੇ ਇਸ ਕਦਮ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਪ ਨਾਲ ਜ਼ਿਆਦਾ ਮੁਹੱਬਤ ਲੱਗਦੀ ਹੈ ਇਸ ਲਈ ਉਹ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ। ਜੇਕਰ ਪੰਜਾਬ ਦੇ ਲੋਕ ਉਨ੍ਹਾਂ ਤੋਂ ਪੰਜਾਬ ਦੇ ਕੰਮ ਬਾਰੇ ਪੁੱਛ ਲੈਣ ਤਾਂ ਖ਼ਜ਼ਾਨਾ ਖ਼ਾਲੀ ਹੁੰਦਾ ਹੈ ਜੇਕਰ ਆਪਣੇ ਆਪ ਦੇ ਫ਼ਾਇਦੇ ਲਈ ਵਿਧਾਇਕਾਂ ਨੂੰ ਖ਼ੁਸ਼ ਕਰਨਾ ਹੋਵੇ ਤਾਂ ਖ਼ਜ਼ਾਨਾ ਭਰਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।