ਕੀ, ਬਾਕੀ ਵਿਧਾਇਕਾਂ ਨੂੰ ਵੀ ਬਣਾਇਆ ਜਾਵੇਗਾ ਸਲਾਹਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 10 2019 12:48
Reading time: 2 mins, 5 secs

ਆਰਥਿਕ ਤੰਗੀ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਭਾਰ ਪਾ ਲਿਆ ਹੈ। ਸਰਕਾਰ ਨੇ 6 ਵਿਧਾਇਕਾਂ ਨੂੰ ਆਉਣ ਵਾਲੀ ਵਿਧਾਨਸਭਾ ਚੋਣਾਂ ਤੱਕ ਸੱਤਾ ਦਾ ਸੁੱਖ ਭੋਗਣ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਬਣਾਇਆ ਹੈ ਅਤੇ ਉਨ੍ਹਾਂ ਨੂੰ ਕੈਬਿਨੇਟ ਰੈਂਕ ਦੇ ਕੇ ਹਰ ਸੁੱਖ ਸਹੂਲਤ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਰਕਾਰ ਹੋਰਨਾਂ ਮੁੱਦਿਆਂ ਸਣੇ ਇਸ ਮਾਮਲੇ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਉਨ੍ਹਾਂ ਵਿਧਾਇਕਾਂ ਨੂੰ ਖ਼ੁਸ਼ ਕਰਨ ਲਈ ਕੀਤਾ ਗਿਆ ਹੈ ਜਿਨ੍ਹਾਂ ਦੀ ਮੁੱਖਮੰਤਰੀ ਨਾਲ ਤਲਖ਼ੀ ਚੱਲ ਰਹੀ ਸੀ, ਪਰ ਸਰਕਾਰ ਨੇ ਅਜਿਹਾ ਕਰਕੇ ਪੰਜਾਬ ਦੀ ਜਨਤਾ 'ਤੇ ਵਾਧੂ ਭਾਰ ਪਾਇਆ ਹੈ।

ਦੱਸ ਦਈਏ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਬਣਾਇਆ ਹੈ ਅਤੇ ਉਨ੍ਹਾਂ ਨੂੰ ਕੈਬਿਨੇਟ ਰੈਂਕ ਦਿੱਤਾ ਹੈ। ਇਨ੍ਹਾਂ ਵਿੱਚ ਵਿਧਾਇਕ ਰਾਜਾ ਵੜਿੰਗ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਇੰਦਰਬੀਰ ਬੁਲਾਰੀਆ, ਵਿਧਾਇਕ ਪ੍ਰਗਟ ਸਿੰਘ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਮੁੱਖਮੰਤਰੀ ਦੇ ਇਸ ਫ਼ੈਸਲੇ 'ਤੇ ਵਿਰੋਧੀਆਂ ਦੀਆਂ ਪ੍ਰਤੀਕ੍ਰਿਆ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਸ ਮਾਮਲੇ 'ਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਧਾਨਸਭਾ ਹਲਕਾ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਪਹਿਲਾਂ ਹੀ ਆਰਥਿਕ ਤੰਗੀ ਦਾ ਰੋਣਾ ਰੋ ਰਹੀ ਹੈ ਅਤੇ ਅਜਿਹੇ 'ਚ ਇਸ ਤਰ੍ਹਾਂ ਦਾ ਫ਼ੈਸਲਾ ਸਾਬਤ ਕਰਦਾ ਹੈ ਕਿ ਮੁੱਖਮੰਤਰੀ ਸਾਹਿਬ ਨੂੰ ਸਿਰਫ਼ ਆਪਣੀ ਹੀ ਫ਼ਿਕਰ ਹੈ, ਕਿਉਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਵਿਧਾਇਕ ਉਹ ਹਨ ਜਿਨ੍ਹਾਂ ਦੀ ਮੁੱਖਮੰਤਰੀ ਨਾਲ ਨਰਾਜ਼ਗੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ, ਅਜਿਹੇ 'ਚ ਇਨ੍ਹਾਂ ਨੂੰ ਸਲਾਹਕਾਰ ਬਣਾ ਕੇ ਕੈਬਿਨੇਟ ਰੈਂਕ ਦੇਣਾ ਸਾਬਤ ਕਰਦਾ ਹੈ ਕਿ ਮੁੱਖਮੰਤਰੀ ਨੇ ਇਹ ਫ਼ੈਸਲਾ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਲਿਆ ਹੈ ਜਦੋਂ ਕਿ ਇਨ੍ਹਾਂ ਨੂੰ ਕੋਈ ਵਿਭਾਗ ਨਹੀਂ ਦਿੱਤਾ।

ਵਿਧਾਇਕ ਕਹਿੰਦੇ ਹਨ ਕਿ ਹੁਣ ਕੈਬਿਨੇਟ ਰੈਂਕ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਵੱਡੀਆਂ ਗੱਡੀਆਂ, ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ, ਤਨਖ਼ਾਹ 'ਚ ਵਾਧਾ ਸਮੇਤ ਹੋਰ ਸਹੂਲਤਾਂ ਮਿਲਣੀਆਂ ਲਾਜ਼ਮੀ ਹਨ ਜਿਸ ਤੇ ਹੋਣ ਵਾਲਾ ਖ਼ਰਚ ਦਾ ਬੋਝ ਆਖ਼ਰਕਾਰ ਸਰਕਾਰੀ ਖ਼ਜ਼ਾਨੇ 'ਤੇ ਹੀ ਪਵੇਗਾ ਅਤੇ ਇਹ ਬੋਝ ਪੰਜਾਬ ਦੀ ਜਨਤਾ ਦੀਆਂ ਜੇਬਾਂ 'ਤੇ ਆਵੇਗਾ। ਜਦੋਂ ਕਿ ਅੱਜ ਹਾਲਾਤ ਇਹ ਹਨ ਕਿ ਸਫ਼ਾਈ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਅਤੇ ਸਰਕਾਰ ਬਚਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਮੁੱਖਮੰਤਰੀ ਦੇ ਇਸ ਫ਼ੈਸਲੇ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਕਥਨੀ ਤੇ ਕਰਨੀ 'ਚ ਦਿਨ ਰਾਤ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਆਪਣੇ 77 ਵਿਧਾਇਕਾਂ 'ਚੋਂ ਖ਼ਾਸ ਚਹੇਤੇ ਮਨ ਕੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਸਲਾਹਕਾਰ ਬਣਾ ਕੇ ਕੈਬਿਨੇਟ ਰੈਂਕ ਦਾ ਦਰਜਾ ਦਿੱਤਾ ਹੈ ਤਾਂ ਫਿਰ ਕੀ ਹੁਣ ਬਾਕੀ ਵਿਧਾਇਕਾਂ ਨੂੰ ਵੀ ਸਲਾਹਕਾਰ ਬਣਾਇਆ ਜਾਵੇਗਾ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।