ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦੇਣ ਵਾਲੀ ਸਕੀਮ ਹੋ ਗਈ ਬੰਦ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 10 2019 12:17
Reading time: 3 mins, 53 secs

ਇੱਕ ਪਾਸੇ ਤਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਹਿਲੋਂ ਮਿਲ ਰਹੀਆਂ ਸਕੀਮਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਜੀ ਹਾਂ, ਅਕਾਲੀ ਦਲ ਸਰਕਾਰ ਦੇ ਸਮੇਂ ਸ਼ੁਰੂ ਹੋਈ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦੇਣ ਵਾਲੀ ਸਕੀਮ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਹੈ। ਭਾਵੇਂ ਹੀ ਪਿਛਲੇ ਸਾਲ ਕੁਝ ਕੁ ਸਕੂਲਾਂ ਵਿੱਚ ਸਾਈਕਲਾਂ ਵੰਡੀਆਂ ਗਈਆਂ ਸਨ।

ਪਰ ਇਸ ਵਾਰ ਤਾਂ ਅੱਧਾ ਸਾਲ ਬੀਤ ਚੁੱਕਿਆ ਹੈ, ਪਰ ਕਿਸੇ ਵੀ ਸਕੂਲ ਵਿੱਚ ਸਾਈਕਲਾਂ ਆਉਣ ਦੀ ਗੱਲ ਸਾਹਮਣੇ ਨਹੀਂ ਆ ਰਹੀ। ਵੇਖਿਆ ਜਾਵੇ ਤਾਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਬਾਦਲ ਸਰਕਾਰ ਦੇ ਵੱਲੋਂ ਜੋ ਬੱਚੀਆਂ ਨੂੰ ਸਾਈਕਲਾਂ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਦੇ ਬਦਲੇ ਉਹ ਬੱਚੀਆਂ ਨੂੰ ਸਕੂਟਰੀਆਂ ਲੈ ਕੇ ਦੇਣਗੇ ਤਾਂ ਜੋ ਬੱਚੀਆਂ ਟਾਈਮ ਸਿਰ ਸਕੂਲ ਪਹੁੰਚ ਸਕਣ।

ਪਰ ਕੈਪਟਨ ਸਾਹਿਬ ਜਦੋਂ ਸੱਤਾ ਵਿੱਚ ਆ ਗਏ ਤਾਂ ਉਹ ਆਪਣੇ ਕੀਤੇ ਵਾਅਦੇ ਤੋਂ ਇੰਜ ਭੱਜ ਗਏ, ਜਿਵੇਂ ਉਨ੍ਹਾਂ ਨੇ ਕੋਈ ਚੋਣ ਵਾਅਦਾ ਕੀਤਾ ਹੀ ਨਹੀਂ ਹੁੰਦਾ। ਕੈਪਟਨ ਸਰਕਾਰ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪੰਜਾਬ ਦੀ ਸੱਤਾ ਵਿੱਚ ਆਇਆ ਨੂੰ, ਪਰ ਹੁਣ ਤੱਕ ਕੋਈ ਵੀ ਸਰਕਾਰ ਦੀ ਸਕੀਮ ਸਿਰੇ ਨਹੀਂ ਚੜ ਸਕੀ, ਇੱਥੋਂ ਤੱਕ ਕਿ ਬਾਦਲ ਸਰਕਾਰ ਸਮੇਂ ਸ਼ੁਰੂ ਹੋਈਆਂ ਸਕੀਮਾਂ ਨੂੰ ਵੀ ਕੈਪਟਨ ਨੇ ਬੰਦ ਕਰ ਦਿੱਤਾ ਹੈ। ਭਾਵੇਂ ਹੀ ਬਾਦਲ ਅਤੇ ਕੈਪਟਨ ਇੱਕੋ ਜਿਹੇ ਹੀ ਹਨ, ਪਰ ਪੰਜਾਬ ਦੇ ਲੋਕਾਂ ਦਾ ਮੋਹ ਹੁਣ ਕੈਪਟਨ ਤੋਂ ਭੰਗ ਹੋ ਚੁੱਕਿਆ ਹੈ।

ਲੋਕਾਂ ਦੀ ਮੰਨੀਏ ਤਾਂ ਪਹਿਲੋਂ ਬਾਦਲਾਂ ਦੀ ਸ਼ੁਰੂ ਕੀਤੀ ਪਾਣੀ ਬੱਸ ਨੂੰ ਕੈਪਟਨ ਨੇ ਬੰਦ ਕੀਤਾ, ਫਿਰ ਸੇਵਾ ਕੇਂਦਰਾਂ ਨੂੰ ਤਾਲੇ ਲਗਵਾਏ ਅਤੇ ਹੁਣ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਨੂੰ ਮਿਲ ਰਹੀਆਂ ਸਾਈਕਲਾਂ ਵਾਲੀ ਸਕੀਮ ਨੂੰ ਬੰਦ ਕਰਕੇ ਕੈਪਟਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕ ਵਿਰੋਧੀ ਸਰਕਾਰ ਹੈ। ਵੇਖਿਆ ਜਾਵੇ ਤਾਂ, ਹਰ ਸਿਆਸੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਪਹਿਲੋਂ ਉਹ ਹੀ ਵਾਅਦੇ ਕਰਨੇ ਚਾਹੀਦੇ ਹਨ, ਜੋ ਉਹ ਸੱਤਾ ਸੰਭਾਲਣ ਤੋਂ ਬਾਅਦ ਪੂਰੇ ਕਰ ਸਕੇ। ਝੂਠ ਮਾਰ ਕੇ ਸੱਤਾ ਹਥਿਆਉਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

ਦੋਸਤੋਂ, ਅਕਾਲੀ ਦਲ ਦੇ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਨੇ ਬੀਤੇ ਦਿਨ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਈ ਭਾਗੋ ਵਿੱਦਿਆ ਸਕੀਮ, ਜਿਸ ਸਕੀਮ ਤਹਿਤ ਸੂਬੇ ਦੇ ਸਾਰੇ ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ 'ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦਿੱਤੇ ਜਾਂਦੇ ਸਨ, ਉਸ ਸਕੀਮ ਨੂੰ ਬੰਦ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਮਾਈ ਭਾਗੋ ਸਕੀਮ ਹੀ ਬੰਦ ਕਰ ਦਿੱਤੀ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 2011-12 ਵਿੱਚ ਬੱਚੀਆਂ ਨੂੰ ਮੁਫ਼ਤ ਸਾਈਕਲ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਕਾਂਗਰਸ ਨੇ ਬੰਦ ਕਰ ਦਿੱਤਾ ਹੈ। ਇਸ ਸਕੀਮ ਤਹਿਤ ਪਹਿਲਾਂ 11ਵੀਂ ਅਤੇ 12ਵੀਂ ਕਲਾਸ ਦੀਆਂ ਲੜਕੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਾਸਤੇ ਉਤਸ਼ਾਹਿਤ ਕਰਨ ਅਤੇ ਵਿੱਚ ਵਿੱਚਾਲੇ ਪੜ੍ਹਾਈ ਛੱਡਣ ਦੀ ਦਰ ਘਟਾਉਣ ਲਈ ਸਾਇਕਲ ਦਿੱਤੇ ਗਏ ਸਨ ਅਤੇ ਬਾਅਦ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲੈ ਲਿਆ ਗਿਆ ਸੀ।

ਕਾਂਗਰਸ ਸਰਕਾਰ ਸਮਾਜ ਦੇ ਬਾਕੀ ਵਰਗਾਂ ਵਾਂਗ ਹੁਣ ਵਿਦਿਆਰਥਣਾਂ ਨਾਲ ਵੀ ਵਿਤਕਰਾ ਕਰ ਰਹੀ ਹੈ। ਪਹਿਲਾਂ ਇਸ ਨੇ ਇਸ ਸਕੀਮ ਨੂੰ ਸਿਰਫ 9ਵੀਂ ਕਲਾਸ ਦੀਆਂ ਵਿਦਿਆਰਥਣਾਂ ਤਕ ਸੀਮਤ ਕਰ ਦਿੱਤਾ ਅਤੇ ਹੁਣ ਇਨ੍ਹਾਂ ਵਿਦਿਆਰਥਣਾਂ ਨੂੰ ਵੀ ਸਾਇਕਲ ਦੇਣ ਤੋਂ ਭੱਜ ਰਹੀ ਹੈ। ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਦੋਸ਼ ਲਗਾਇਆ ਕਿ ਅੱਧਾ ਅਕਾਦਮਿਕ ਵਰ੍ਹਾ ਲੰਘ ਜਾਣ ਤੱਕ ਵੀ ਕਾਂਗਰਸ ਨੇ ਇਸ ਸਕੀਮ ਲਈ ਲੋੜੀਂਦੇ 30 ਕਰੋੜ ਰੁਪਏ ਅਜੇ ਤੱਕ ਜਾਰੀ ਨਹੀਂ ਕੀਤੇ ਹਨ, ਜਿਨ੍ਹਾਂ ਨਾਲ ਇੱਕ ਲੱਖ ਲੜਕੀਆਂ ਨੂੰ ਸਾਇਕਲ ਦਿੱਤੇ ਜਾਣੇ ਸਨ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਮਲਕੀਤ ਦੀ ਮੰਨੀਏ ਤਾਂ ਉਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਵਰਗੀ ਹੀ ਕਾਂਗਰਸ ਪਾਰਟੀ ਹੈ। ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਪੰਜਾਬ ਵਾਸੀਆਂ ਦੇ ਨਾਲ 10 ਸਾਲ ਸਿਰਫ਼ ਵਾਅਦੇ ਕਰਕੇ ਲੁੱਟਿਆ, ਜਦੋਂ ਕਿ ਚਵਨੀ ਵੀ ਪੰਜਾਬ ਵਾਸੀਆਂ ਦਾ ਫ਼ਾਇਦਾ ਨਹੀਂ ਕੀਤਾ ਅਤੇ ਉਸੇ ਰਾਹ 'ਤੇ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਜਿਸ ਤੋਂ ਹਰ ਵਰਗ ਤੰਗ ਹੈ।

ਆਪ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਸਾਈਕਲ ਸਕੀਮ ਨੂੰ ਬੰਦ ਕੀਤਾ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਕਾਂਗਰਸ ਪਾਰਟੀ ਸਿਰਫ਼ ਤੇ ਸਿਰਫ਼ ਪੈਸਾ ਬਚਾ ਕੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜੇਬਾਂ ਭਰਨ ਦੇ ਵਿੱਚ ਲੱਗੀ ਹੋਈ ਹੈ ਅਤੇ ਜਨਤਾ ਤੋਂ ਟੈਕਸਾਂ ਰੂਪੀ ਪੈਸਾ ਇਕੱਠਾ ਕਰਕੇ ਆਪਣੇ ਮਹਿਲ ਅਤੇ ਫੈਕਟਰੀ ਆਦਿ ਬਣਾਈਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਵਾਸੀਆਂ ਦੇ ਨਾਲ ਧੋਖਾ ਹੈ। ਆਗੂ ਨੇ ਮੰਗ ਕੀਤੀ ਕਿ ਸਾਈਕਲ ਸਕੀਮ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਬੱਚੀਆਂ ਨੂੰ ਲਾਭ ਪ੍ਰਾਪਤ ਹੋ ਸਕੇ ਅਤੇ ਉਹ ਪੜ੍ਹਾਈ ਨੂੰ ਅੱਗੇ ਤੱਕ ਜਾਰੀ ਰੱਖ ਸਕਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।