ਕੈਪਟਨ ਰਾਜ 'ਚ, ਇਨਸਾਫ਼ ਖ਼ਾਤਰ ਸੰਘਰਸ਼ ਕਰਨ ਵਾਲਿਆਂ 'ਤੇ ਹੋਣ ਲੱਗੇ ਪਰਚੇ ਦਰਜ.!!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 09 2019 18:42
Reading time: 3 mins, 13 secs

ਪੰਜਾਬ ਦੇ ਵਿੱਚ ਇਨਸਾਫ਼ ਖ਼ਾਤਰ ਸੰਘਰਸ਼ ਕਰਨ ਵਾਲਿਆਂ ਨੂੰ ਹੁਣ ਸੰਘਰਸ਼ ਕਰਨਾ ਮਹਿੰਗਾ ਪੈ ਸਕਦਾ ਹੈ। ਕਿਉਂਕਿ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਹੁਣ ਸੰਘਰਸ਼ ਕਰਨ ਵਾਲਿਆਂ 'ਤੇ ਪਰਚੇ ਦਰਜ ਕਰਨ ਦਾ ਪਲਾਨ ਤਿਆਰ ਕਰ ਲਿਆ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਕੁਝ ਸੁਣਨ ਨੂੰ ਮਿਲ ਰਿਹਾ ਸੀ ਕਿ ਇਨਸਾਫ਼ ਖ਼ਾਤਰ ਸੰਘਰਸ਼ ਕਰਨ ਵਾਲਿਆਂ 'ਤੇ ਪੁਲਿਸ ਅਤੇ ਪ੍ਰਸ਼ਾਸਨ ਸਰਕਾਰ ਦੀ ਸ਼ਹਿ 'ਤੇ ਜ਼ੁਲਮ ਢਾਹੁੰਦੀ ਹੈ, ਪਰ ਫ਼ਿਰੋਜ਼ਪੁਰ ਪ੍ਰਸ਼ਾਸਨ ਨੇ ਸਾਬਤ ਕਰ ਦਿੱਤਾ ਕਿ ਸੰਘਰਸ਼ ਕਰਨ ਵਾਲਿਆਂ ਨੂੰ ਅਵਾਜ਼ ਚੁੱਕਣ ਨਹੀਂ ਦਿੱਤੀ ਜਾਵੇਗੀ।

ਜੀ ਹਾਂ, ਫ਼ਿਰੋਜ਼ਪੁਰ ਦੇ ਪਿੰਡ ਗੱਟਾ ਬਾਦਸ਼ਾਹ ਵਿਖੇ ਬਣੇ ਧੁੱਸੀ ਬੰਨ੍ਹ, ਜੋ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਖੁਰਦਾ ਜਾ ਰਿਹਾ ਸੀ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਜਦੋਂ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸਾਨ ਖ਼ੁਦ ਮੈਦਾਨ ਵਿੱਚ ਉਤਰ ਆਏ ਅਤੇ ਉਨ੍ਹਾਂ ਦੇ ਵੱਲੋਂ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ। ਪਰ ਐਸਡੀਐਮ ਜ਼ੀਰਾ, ਜਿਨ੍ਹਾਂ ਦੇ ਅਧੀਨ ਗੱਟਾ ਬਾਦਸ਼ਾਹ ਪਿੰਡ ਆਉਂਦਾ ਸੀ, ਉਨ੍ਹਾਂ ਦੇ ਵੱਲੋਂ ਕਥਿਤ ਤੌਰ 'ਤੇ ਕਿਸਾਨਾਂ ਨੂੰ ਬੰਨ੍ਹ, ਨੂੰ ਮਜ਼ਬੂਤ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਦੇ ਨਾਲ ਕਥਿਤ ਤੌਰ 'ਤੇ ਬਦ-ਸਲੂਕੀ ਕੀਤੀ।
ਜਿਸ ਤੋਂ ਮਗਰੋਂ ਐਸਡੀਐਮ ਨੇ ਸੱਚੇ ਹੋਣ ਦੇ ਲਈ ਪੁਲਿਸ ਥਾਣਾ ਮੱਖੂ ਨੂੰ ਇੱਕ ਪੱਤਰ ਲਿਖ ਕੇ ਕਿਸਾਨਾਂ ਦੇ ਵਿਰੁੱਧ ਹੀ ਪਰਚਾ ਦਰਜ ਕਰ ਦਿੱਤਾ ਗਿਆ। ਦੱਸ ਦੇਈਏ ਕਿ ਐਸਡੀਐਮ 'ਤੇ ਇਹ ਦੋਸ਼ 'ਨਿਊਜ਼ਨੰਬਰ' ਨਹੀਂ ਲਗਾ ਰਿਹਾ, ਸਗੋਂ ਕਿਸਾਨਾਂ ਦੇ ਵੱਲੋਂ ਖ਼ੁਦ ਪ੍ਰੈਸ ਬਿਆਨ ਜਾਰੀ ਕਰਦਿਆਂ ਲਗਾਏ ਗਏ ਹਨ। ਦੱਸ ਇਹ ਵੀ ਦੇਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਅੰਗਰੇਜ਼ ਸਿੰਘ ਬੂਟੇਵਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ ਖੱਚਰਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਆਦਿ ਕਿਸਾਨ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗੱਟਾ ਬਾਦਸ਼ਾਹ ਨਜ਼ਦੀਕ ਬੰਨ੍ਹ ਨੂੰ 25 ਅਗਸਤ ਤੋਂ ਲਗਾਤਾਰ ਢਾਅ ਲੱਗੀ ਹੋਈ ਸੀ।

ਇਸ ਬੰਨ੍ਹ 'ਤੇ ਪਿੰਡਾਂ ਦੇ ਆਮ ਲੋਕ ਅਤੇ ਕਿਸਾਨ ਬੰਨ੍ਹ ਨੂੰ ਬਚਾਉਣ ਲਈ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਬੰਗਾਲੀ ਵਾਲੇ ਪੁਲ ਅਤੇ ਮੁੱਖ ਰੋਡ ਕਿਸਾਨਾਂ ਦੇ ਵੱਲੋਂ ਜਾਮ ਕਰਨ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ 1 ਸਤੰਬਰ ਨੂੰ 70 ਮਨਰੇਗਾ ਮਜ਼ਦੂਰ ਭੇਜੇ ਸਨ, ਜਦੋਂਕਿ 500 ਦੇ ਕਰੀਬ ਕਿਸਾਨ ਮਜ਼ਦੂਰ ਲਗਾਤਾਰ ਉੱਥੇ ਬੰਨ੍ਹ 'ਤੇ ਮਿੱਟੀ ਪਾ ਰਹੇ ਸਨ। 3 ਸਤੰਬਰ ਨੂੰ ਡੀਸੀ ਫ਼ਿਰੋਜ਼ਪੁਰ ਨੇ ਮੌਕੇ 'ਤੇ ਪਹੁੰਚ ਕੇ ਦਰਿਆ ਦੇ ਦੂਜੇ ਪਾਸੇ ਪਈ ਰੇਤ ਮਿੱਟੀ ਚੁਕਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਫ਼ੌਜ ਰਾਹੀਂ ਕੰਮ ਕਰਵਾਉਣ ਲਈ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਸੀ, ਪਰ 5 ਸਤੰਬਰ ਤੱਕ ਰੇਤ ਅਤੇ ਮਿੱਟੀ ਨਾ ਚੁੱਕਣ ਕਰਕੇ ਬੰਨ੍ਹ ਨੂੰ ਲਗਾਤਾਰ ਢਾਅ ਲੱਗ ਰਹੀ ਸੀ।

ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ 5 ਸਤੰਬਰ ਨੂੰ ਸ਼ਾਮ ਨੂੰ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਉੱਥੇ ਪਹੁੰਚਿਆ ਅਤੇ ਬੰਨ੍ਹ 'ਤੇ ਮਿੱਟੀ ਪਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਬਦਸਲੂਕੀ ਤੇ ਦੁਰਵਿਹਾਰ ਕਰਨ ਤੋਂ ਇਲਾਵਾ ਰੇਤ ਤੇ ਮਿੱਟੀ ਚੁੱਕਣ ਤੋਂ ਇਨਕਾਰ ਕਰ ਦਿੱਤਾ। ਪੀੜਤ ਕਿਸਾਨਾਂ ਮਜ਼ਦੂਰਾਂ ਵੱਲੋਂ ਐੱਸਡੀਐੱਮ ਦੀ ਗੱਡੀ ਅੱਗੇ ਬੈਠ ਕੇ ਸ਼ਾਂਤਮਈ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਗਿਆ ਅਤੇ ਬਾਅਦ ਐੱਸਡੀਐੱਮ ਨੇ, ਉੱਥੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਆਪਣੀ ਗ਼ਲਤੀ ਮਹਿਸੂਸ ਕੀਤੀ ਅਤੇ ਅੱਗੇ ਤੋਂ ਆਪਣਾ ਵਿਵਹਾਰ ਠੀਕ ਕਰਨ ਅਤੇ ਆਮ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਉਣ ਦਾ ਵਿਸ਼ਵਾਸ ਦੁਆਇਆ।

ਕਿਸਾਨ ਆਗੂਆਂ ਨੇ ਦੱਸਿਆ ਕਿ ਥਾਣਾ ਮੱਖੂ ਵਿੱਚ ਐੱਸਡੀਐੱਮ ਵੱਲੋਂ ਪੰਜ ਕਿਸਾਨ ਆਗੂਆਂ 'ਤੇ ਲਾਗਤਬਾਜ਼ੀ ਨਾਲ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ, ਜੋ ਕਿ ਬਿਲਕੁਲ ਗ਼ਲਤ ਪਰਚਾ ਦਰਜ ਹੋਇਆ ਹੈ। ਕਿਸਾਨ ਆਗੂ ਉਕਤ ਦਰਜ਼ ਪਰਚੇ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਆਈਜੀ ਫ਼ਿਰੋਜ਼ਪੁਰ ਮੁਖਵਿੰਦਰ ਸਿੰਘ ਛੀਨਾ ਨੂੰ ਮਿਲੇ, ਜਿਨ੍ਹਾਂ ਨੇ ਮਾਮਲਾ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਿਸਾਨ ਆਗੂਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਇਹ ਵੀ ਮੰਨਿਆ ਹੈ ਕਿ ਗ਼ਲਤੀ ਦੋਵੇਂ ਪਾਸੇ ਹੋਈ ਹੈ।

ਕਿਸਾਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਭ੍ਰਿਸ਼ਟਾਚਾਰ ਅਤੇ ਨੀਂਦ ਵਿੱਚ ਸੁੱਤੀ ਹੋਣ ਦੇ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਅਤੇ ਲੋਕਾਂ ਨਾਲ ਬਦਸਲੂਕੀ ਕਰਕਨ ਵਾਲੇ ਐੱਸਡੀਐੱਮ ਜ਼ੀਰਾ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਆਗੂਆਂ 'ਤੇ ਝੂਠਾ ਪਰਚਾ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਐੱਸਡੀਐੱਮ ਜ਼ੀਰਾ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਅਤੇ ਕਿਸਾਨ ਆਗੂਆਂ 'ਤੇ ਝੂਠਾ ਪਰਚਾ ਰੱਦ ਕਰਨ ਵਿੱਚ ਢਿੱਲ ਮੱਠ ਪ੍ਰਸ਼ਾਸਨ ਨੇ ਵਿਖਾਈ ਗਈ ਤਾਂ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ।