ਏਕਨੂਰ ਖ਼ਾਲਸਾ ਫ਼ੌਜ ਦੇ ਆਗੂਆਂ 'ਤੇ ਲੱਗੇ, ਔਰਤ ਨੂੰ ਡਰਾਉਣ ਧਮਕਾਉਣ ਦੇ ਦੋਸ਼

Last Updated: Sep 07 2019 14:06
Reading time: 1 min, 57 secs

ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰ ਨੰਬਰ 7 ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਇੱਕ ਔਰਤ ਦੇ ਘਰ ਵਿੱਚੋਂ ਜਬਰੀ ਲੰਘਣ ਦੇ ਦੋਸ਼ ਏਕਨੂਰ ਖ਼ਾਲਸਾ ਫ਼ੌਜ ਦੇ ਆਗੂਆਂ 'ਤੇ ਲੱਗੇ ਹਨ। ਭਾਵੇਂ ਕਿ ਉਕਤ ਔਰਤ ਮਾਨਯੋਗ ਅਦਾਲਤ ਵਿਚੋਂ ਕੇਸ ਜਿੱਤ ਚੁੱਕੀ ਹੈ, ਪਰ ਹਾਲੇ ਵੀ ਏਕਨੂਰ ਖ਼ਾਲਸਾ ਫ਼ੌਜ ਦੇ ਆਗੂਆਂ ਉਕਤ ਔਰਤ ਨੂੰ ਡਰਾ ਧਮਕਾ ਰਹੇ ਹਨ। ਏਕਨੂਰ ਖ਼ਾਲਸਾ ਫ਼ੌਜ ਦੇ ਆਗੂਆਂ ਦੇ ਵਿਰੁੱਧ ਕਾਰਵਾਈ ਕਰਵਾਉਣ ਲਈ ਔਰਤ ਦੇ ਵੱਲੋਂ ਹੁਣ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਗਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਨੂੰ ਇੱਕ ਦਰਖ਼ਾਸਤ ਸੌਂਪਣ ਤੋਂ ਬਾਅਦ 'ਨਿਊਜ਼ਨੰਬਰ' ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੁਲਦੀਪ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 14/16 ਬਾਜ਼ਾਰ ਨੰਬਰ 7 ਕੈਂਟ ਫ਼ਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਉਸ ਦੇ ਘਰ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਦੋਵਾਂ ਪਾਸਿਆਂ ਤੋਂ ਗਲੀ ਲੱਗਦੀ ਹੈ, ਪਰ ਲਖਬੀਰ ਸਿੰਘ ਵਾਸੀ ਪਿੰਡ ਮਹਾਲਮ, ਅਮਰੀਕ ਸਿੰਘ ਅਤੇ ਇਨ੍ਹਾਂ ਦੇ 15-20 ਸਾਥੀ ਉਸ ਦੇ ਘਰ ਵਿਚੋਂ ਲੰਘ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਨ। 

ਕੁਲਦੀਪ ਕੌਰ ਨੇ ਦੋਸ਼ ਲਗਾਇਆ ਕਿ ਉਸ ਨੇ ਕਈ ਵਾਰ ਉਕਤ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ। ਕੁਲਦੀਪ ਕੌਰ ਮੁਤਾਬਿਕ ਉਸ ਦੇ ਵੱਲੋਂ ਇਸ ਸਬੰਧੀ ਮਾਨਯੋਗ ਅਦਾਲਤ ਵਿੱਚ ਕੇਸ ਵੀ ਪਾਇਆ ਹੋਇਆ ਹੈ, ਜੋ ਕਿ ਮੇਰੇ ਹੱਕ ਵਿੱਚ ਹੋ ਗਏ ਹਨ। ਇਸ ਦੇ ਬਾਵਜੂਦ ਵੀ ਉਕਤ ਲਖਬੀਰ ਸਿੰਘ ਵਾਸੀ ਪਿੰਡ ਮਹਾਲਮ, ਅਮਰੀਕ ਸਿੰਘ ਅਤੇ ਇਨ੍ਹਾਂ ਦੇ 15-20 ਅਣਪਛਾਤੇ ਲੋਕ ਉਸ ਦੇ ਘਰੋਂ ਲੰਘਦੇ ਹਨ ਅਤੇ ਧਮਕੀਆਂ ਦਿੰਦੇ ਹਨ ਅਤੇ ਚੰਗਾ ਮੰਦਾ ਬੋਲਦੇ ਹਨ। 

ਉਨ੍ਹਾਂ ਨੇ ਦੋਸ਼ ਲਗਾਇਆ ਕਿ 19 ਅਗਸਤ 2019 ਨੂੰ ਉਕਤ ਲਖਬੀਰ ਸਿੰਘ ਵਾਸੀ ਪਿੰਡ ਮਹਾਲਮ, ਅਮਰੀਕ ਸਿੰਘ ਅਤੇ ਇਨ੍ਹਾਂ ਦੇ 15-20 ਅਣਪਛਾਤੇ ਵਿਅਕਤੀ ਉਸ ਦੇ ਘਰ ਨੰਗੀਆਂ ਤਲਵਾਰਾਂ ਤੇ ਅਸਲਾ ਲੈ ਕੇ ਆ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਤੇ ਗਾਲ਼ੀ ਗਲੋਚ ਕਰਨ ਤੋਂ ਇਲਾਵਾ ਡਰਾਉਣ ਧਮਕਾਉਣ ਲੱਗ ਪਏ। ਕੁਲਦੀਪ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦੁਆਇਆ ਜਾਵੇ। 

ਦੂਜੇ ਪਾਸੇ ਜਦੋਂ ਇਸ ਸਬੰਧੀ ਲਖਬੀਰ ਸਿੰਘ ਮਹਾਲਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਹ ਕਦੇ ਵੀ ਕੁਲਦੀਪ ਕੌਰ ਦੇ ਘਰ ਨੰਗੀਆਂ ਤਲਵਾਰਾਂ ਲੈ ਕੇ ਨਹੀਂ ਗਏ। ਲਖਬੀਰ ਸਿੰਘ ਮਹਾਲਮ ਨੇ ਦੋਸ਼ ਲਗਾਉਂਦਿਆਂ ਇਹ ਵੀ ਕਿਹਾ ਕਿ ਕੁਲਦੀਪ ਕੌਰ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਵਿੱਚੋਂ ਨਜਾਇਜ਼ ਤੌਰ 'ਤੇ ਕੰਧ ਕੱਢਣਾ ਚਾਹੁੰਦੀ ਹੈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਦਾ ਕੋਰਟ ਕੇਸ ਵੀ ਚੱਲ ਰਿਹਾ ਹੈ ਅਤੇ ਜੋ ਵੀ ਕੋਰਟ ਫ਼ੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।