ਇੱਕ ਹੋਰ ਅਣਪਛਾਤੀ ਲਾਸ਼ ਦੀ ਪਛਾਣ ਸਤਨਾਮ ਸਿੰਘ ਵਾਸੀ ਕੋਟ ਖ਼ਾਲਸਾ ਅੰਮ੍ਰਿਤਸਰ ਵਜੋਂ ਹੋਈ

Last Updated: Sep 07 2019 12:11
Reading time: 0 mins, 43 secs

ਬਟਾਲਾ ਹਾਦਸੇ ਵਿੱਚ ਮਾਰੇ ਗਏ 23 ਵਿਅਕਤੀਆਂ ਵਿੱਚੋਂ 22 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਐੱਸ.ਐੱਮ.ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਕੁਮਾਰ ਭੱਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੀਆਂ ਦੋ ਲਾਸ਼ਾਂ ਵਿੱਚੋਂ ਇੱਕ ਹੋਰ ਲਾਸ਼ ਦੀ ਪਛਾਣ ਸਤਨਾਮ ਸਿੰਘ ਵਾਸੀ ਕੋਟ ਖ਼ਾਲਸਾ ਅੰਮ੍ਰਿਤਸਰ ਵਜੋਂ ਹੋਈ ਹੈ ਜਦਕਿ ਇੱਕ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਡਾ. ਭੱਲਾ ਨੇ ਅੱਗੇ ਦੱਸਿਆ ਕਿ ਬੀਤੇ ਕੱਲ੍ਹ ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨਾ ਮਿਲਣ ਬਾਰੇ ਇਤਰਾਜ਼ ਕੀਤਾ ਜਾ ਰਿਹਾ ਸੀ, ਪਰ ਜਦੋਂ ਉਨ੍ਹਾਂ ਨੂੰ 2 ਅਣਪਛਾਤੀਆਂ ਲਾਸ਼ਾਂ ਦਿਖਾਈਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਵਿੱਚੋਂ ਇੱਕ ਲਾਸ਼ ਦੀ ਪਛਾਣ ਸਤਨਾਮ ਸਿੰਘ ਵਜੋਂ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਦਾ ਪੋਸਟਮਾਰਟਮ ਵੀ ਕਰ ਦਿੱਤਾ ਗਿਆ ਹੈ ਅਤੇ ਇਹ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੁਣ ਸਿਰਫ਼ ਇੱਕ ਲਾਸ਼ ਦੀ ਪਛਾਣ ਹੋਣੀ ਬਾਕੀ ਰਹਿ ਗਈ ਹੈ।