ਖ਼ਬਰਦਾਰ, ਚੁੱਕ ਲਿਆ ਕੈਪਟਨ ਨੇ ਡੰਡਾ, ਹੁਣ ਨਹੀਂ ਬੱਚਦੀ, ਲਕੀਰ!!! (ਵਿਅੰਗ)

Last Updated: Sep 07 2019 11:28
Reading time: 2 mins, 1 sec

ਇਤਿਹਾਸ ਗਵਾਹ ਹੈ ਕਿ, ਅਕਸਰ ਸਿਆਸੀ ਪਾਰਟੀਆਂ ਦੇ ਲੀਡਰ ਅਤੇ ਸਮੇਂ ਦੀਆਂ ਸਰਕਾਰਾਂ, ਉਸ ਵੇਲੇ ਹਰਕਤ ਵਿੱਚ ਆਉਂਦੀਆਂ ਹਨ ਜਦੋਂ ਹੋਣੀ ਆਪਣਾ ਭਾਣਾ ਵਰਤਾ ਚੁੱਕੀ ਹੁੰਦੀ ਹੈ। ਸੂਬੇ ਦੀ ਅੱਧੀ ਨਾਲੋਂ ਵੱਧ ਜਵਾਨੀ ਨੂੰ ਨਸ਼ਿਆਂ ਨੇ ਨਿਗਲ ਲਿਆ ਤਾਂ ਸਾਡੇ ਲੀਡਰਾਂ ਨੇ ਸਿੱਧਾ ਗੁਟਕਾ ਸਾਹਿਬ ਨੂੰ ਚੁੱਕ ਕੇ ਮੱਥੇ ਨਾਲ ਲਗਾ ਲਿਆ। ਸਹੁੰ ਖ਼ਾਧੀ ਕਿ ਅਸੀਂ ਚਾਰ ਹਫ਼ਤਿਆਂ 'ਚ ਪੰਜਾਬ ਨੂੰ ਨਸ਼ੇ ਅਤੇ ਨਸ਼ਾ ਤਸਕਰਾਂ ਤੋਂ ਮੁਕਤ ਕਰ ਦਿਆਂਗੇ। 

ਪੰਜਾਬ ਵਿੱਚੋਂ ਕਿੰਨੇ ਕੁ ਨਸ਼ੇ ਖ਼ਤਮ ਹੋਏ ਅਤੇ ਕਿੰਨੇ ਕੁ ਨਸ਼ਾ ਤਸਕਰ, ਇਹ ਦੱਸਣ ਦੀ ਲੋੜ ਨਹੀਂ ਰਹੀ। ਪਰ ਹੋਣੀ ਅੱਜ ਵੀ ਕਹਿਰ ਢਾਹ ਰਹੀ ਹੈ, ਭਾਣੇ ਵਰਤਾ ਰਹੀ ਹੈ। ਨਾ ਹੀ ਪੰਜਾਬ ਨਸ਼ਿਆਂ ਤੋਂ ਮੁਕਤ ਹੋਇਆ ਅਤੇ ਨਾ ਹੀ ਨਸ਼ਾ ਤਸਕਰਾਂ ਤੋਂ ਪਰ ਜੇਕਰ ਇਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਨੌਜਵਾਨਾਂ ਤੋਂ ਮੁਕਤ ਜ਼ਰੂਰ ਹੋ ਜਾਵੇਗਾ। 

ਲੋਕ ਤਾਂ ਹੁਣ ਇਹ ਵੀ ਗੱਲਾਂ ਕਰਨ ਲੱਗ ਪਏ ਹਨ ਕਿ, ਰਾਜਾ ਜੀ ਨੇ ਜਿਸਦੀ ਸਹੁੰ ਖ਼ਾਧੀ ਸੀ ਉਹ ਗੁਟਕਾ ਸਾਹਿਬ ਨਹੀਂ, ਗੁਟਕਾ ਸਾਹਿਬ ਵਰਗੀ ਹੋ ਸਕਦੀ ਹੈ ਕਿਉਂਕਿ ਜੇਕਰ ਉਨ੍ਹਾਂ ਨੇ ਸੱਚੀ- ਮੁੱਚੀ ਹੀ ਗੁਟਕਾ ਸਾਹਿਬ ਦੀ ਸਹੁੰ ਖ਼ਾਧੀ ਹੁੰਦੀ ਤਾਂ ਹੁਣ ਤੱਕ ਮੋਟੇ ਢਿੱਡਾਂ ਵਾਲੇ ਸਾਰੇ ਨਸ਼ਾ ਤਸਕਰ ਸਲਾਖ਼ਾਂ ਪਿੱਛੇ ਹੁੰਦੇ। ਭਲਾ ਕੋਈ ਸੱਚਾ-ਸੁੱਚਾ ਸਿੱਖ਼, ਗੁਰੂ ਜਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਕਿੰਝ ਖ਼ਾ ਸਕਦਾ ਹੈ। ਦੋਸਤ, ਚਲੋ ਛੱਡੋ ਗੱਲਾਂ ਚੂੰਢੀਮਾਰਾਂ ਦੀਆਂ ਇਨ੍ਹਾਂ ਦੀ ਕਿਹੜਾ ਕਿਸੇ ਨੇ ਜੀਭ ਫ਼ੜ ਲੈਣੀ ਹੈ ਬੋਲਦਿਆਂ ਦੀ, ਨਿਊਜ਼ਨੰਬਰ ਨੇ ਕੀ ਲੈਣਾ।

ਆਪਾਂ ਗੱਲ ਕਰਦੇ ਹਾਂ, ਲਕੀਰ ਕੁੱਟਣ ਵਾਲੇ ਮੁੱਦੇ ਦੀ। ਲੰਘੇ ਦਿਨ ਹੀ ਬਟਾਲਾ ਦੀ ਇੱਕ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਦੌਰਾਨ ਹੋਣੀ ਨੇ ਇੱਕ ਵਾਰ ਮੁੜ ਆਪਣਾ ਭਾਣਾ ਵਰਤਾਇਆ। ਭਾਣਾ ਕੀ ਵਰਤਿਆ, ਦਰਜਨਾਂ ਹੀ ਘਰਾਂ ਵਿੱਚ ਸੱਥਰ ਵਿੱਛ ਗਈ। ਗਲ਼ਤੀ ਸਰਕਾਰਾਂ ਦੀ ਤੇ ਖਾਮਿਆਜ਼ਾ ਭੁਗਤਣਾ ਪਿਆ ਗਰੀਬ ਲੋਕਾਂ ਨੂੰ। ਉਨ੍ਹਾਂ ਗਰੀਬਾਂ ਨੂੰ ਜਿਨ੍ਹਾਂ ਵਿੱਚੋਂ ਸ਼ਾਇਦ ਕਈਆਂ ਦੇ ਘਰਾਂ ਦੇ ਚੁੱਲ੍ਹੇ ਹਮੇਸ਼ਾ ਲਈ ਠੰਡੇ ਹੋ ਜਾਣਗੇ। ਕੈਪਟਨ ਸਾਹਿਬ ਦੇ ਹੁਕਮਾਂ ਦੇ ਬਾਅਦ, ਕਈ ਸਾਲ ਪਹਿਲਾਂ ਫ਼ੌਤ ਹੋ ਚੁੱਕੇ ਫ਼ੈਕਟਰੀ ਮਾਲਕ ਦੇ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ, ਉਸਦੀ ਫ਼ੈਕਟਰੀ ਸੀਲ ਕਰ ਦਿੱਤੀ ਗਈ। 

ਖ਼ਬਰਾਂ ਆ ਰਹੀਆਂ ਹਨ ਕਿ ਰਾਜਾ ਜੀ ਨੇ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਚੱਲ ਰਹੀਆਂ ਪਟਾਕਾ ਫ਼ੈਕਟਰੀਆਂ ਦੇ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੋਸਤੋ, ਜਿੰਨੀਆਂ ਮਰਜ਼ੀ ਕਾਰਵਾਈਆਂ ਕਰ ਲਓ, ਜਿੰਨੇ ਮਰਜ਼ੀ ਪਰਚੇ ਦਰਜ ਕਰਵਾ ਲਓ। ਹੁਣ ਕੀ ਫ਼ਰਕ ਪੈਣੈ, ਹੋਣੀ ਤਾਂ ਆਪਣਾ ਭਾਣਾ ਵਰਤਾ ਚੁੱਕੀ ਹੈ। ਹੋਣੀ ਨੇ ਦੋ ਦਰਜਨ ਜਿਉਂਦੇ-ਜਾਗਦੇ ਇਨਸਾਨਾਂ ਨੂੰ ਲੋਥਾਂ ਬਣਾ ਕੇ ਰੱਖ ਦਿੱਤਾ। ਉਨ੍ਹਾਂ ਦੇ ਘਰੋਂ ਕੀਰਨਿਆਂ ਤੇ ਵੈਣਾਂ ਦੀਆਂ ਆਉਂਦੀਆਂ ਆਵਾਜ਼ਾਂ ਨੇ ਧਰਤੀ ਅਤੇ ਅਸਮਾਨ ਨੂੰ ਵੀ ਕੰਬਣੀ ਛਿੜਾ ਦਿੱਤੀ ਹੈ। ਪਰ ਘਬਰਾਓ ਨਾ ਲੋਕੋ ਸਾਡੇ ਰਾਜਾ ਜੀ ਨੇ ਡੰਡਾ ਚੁੱਕ ਲਿਆ ਹੈ, ਸੱਪ ਨਹੀਂ ਲਕੀਰ ਕੁੱਟਣ ਲਈ।