ਕਿਤੇ ਕ੍ਰਿਕਟ ਵਾਂਗ ਸਰਹੱਦਾਂ ਤੇ ਵੀ ਤਾਂ ਨਹੀਂ ਹੁੰਦੀ ਮੈਚ ਫ਼ਿਕਸਿੰਗ? (ਵਿਅੰਗ)

Last Updated: Sep 05 2019 11:19
Reading time: 2 mins, 15 secs

ਕਦੇ ਤੋਲਾ ਤੇ ਕਦੇ ਮਾਸਾ, ਕੁਝ ਇਹੋ ਜਿਹਾ ਹੀ ਵੇਖ਼ਣ ਨੂੰ ਮਿਲ ਰਿਹਾ ਹੈ, ਪਿਛਲੇ ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਰਿਸ਼ਤਿਆਂ ਦਰਮਿਆਨ ਵੀ। ਕਦੇ ਦੋਵੇਂ ਦੇਸ਼ ਦੇ ਚੋਟੀ ਦੇ ਲੀਡਰ ਆਪਸ ਵਿੱਚ ਜੱਫ਼ੀਆਂ ਪਾਉਣ ਲੱਗ ਪੈਂਦੇ ਹਨ, ਚਾਹ-ਕੌਫ਼ੀ ਦੇ ਕੱਪ ਸਾਂਝੇ ਕਰਨ ਬਹਿ ਜਾਂਦੇ ਹਨ ਅਤੇ ਕਦੇ ਇਹ ਇੱਕ-ਦੂਜੇ ਵੱਲ ਮੂੰਹ ਕਰਕੇ ਤੋਪਾਂ ਬੀੜ ਲੈਂਦੇ ਹਨ।

ਦੋਸਤੋ, ਜੇਕਰ ਭਾਰਤ ਪਾਕਿਸਤਾਨ ਸਰਹੱਦ ਤੇ ਸਮੇਂ-ਸਮੇਂ ਤੇ ਹੁੰਦੀ ਗਰਮਾ ਗਰਮੀ ਅਤੇ ਆਪਸੀ ਖ਼ਹਿਬਾਜ਼ੀਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਕਿ, ਦੋਵੇਂ ਦੇਸ਼ਾਂ ਦੀ ਸਰਕਾਰਾਂ, ਫ਼ੌਜਾਂ ਨੂੰ ਮੂਹਰੇ ਕਰਕੇ ਆਪੋ ਆਪਣੇ ਮੁਲਕਾਂ ਦੀ ਅਵਾਮ ਦਾ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਫ਼ਰੈਂਡਲੀ ਮੈਚ ਨਹੀਂ ਖ਼ੇਡ ਰਹੀਆਂ ਹੋਣਗੀਆਂ।

ਅਲੋਚਕ ਕਹਿੰਦੇ ਹਨ, ਪੁਲਵਾਮਾ ਹਮਲੇ ਦੇ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਹਾਲਾਤ ਪੈਦਾ ਹੋਏ ਉਹ ਕਿਸੇ ਤੋਂ ਵੀ ਛਿਪੇ ਨਹੀਂ ਰਹੇ। ਇਸ ਹਮਲੇ ਦੇ ਬਦਲੇ ਵਿੱਚ ਪਹਿਲਾਂ 26 ਫ਼ਰਵਰੀ ਨੂੰ ਸਾਡੀ ਏਅਰ ਫ਼ੋਰਸ ਨੇ ਬਾਲਾਕੋਟ ਵਿੱਚ ਬੰਬ ਸੁੱਟ ਕੇ ਪਾਕਿਸਤਾਨ ਦੇ ਸਾਰੇ ਅੱਤਵਾਦੀ ਮਾਰ ਦਿੱਤੇ। ਮਹਿਜ਼ 12 ਕੁ ਘੰਟੇ ਦੇ ਬਾਅਦ ਹੀ ਪਾਕਿਸਤਾਨ ਨੇ ਪਲਟਵਾਰ ਕਰਦਿਆਂ 27 ਨੂੰ ਸਾਡੇ ਵਾਲੇ ਪਾਸੇ ਠਾਹ ਠੂਹ ਕਰ ਦਿੱਤੀ।

26 ਦੀ ਏਅਰ ਸਟ੍ਰਾਈਕ ਸਮੇਂ ਪਾਕਿਸਤਾਨ ਨੇ ਸਾਡਾ ਪਾਇਲਟ ਅਭਿਨੰਦਨ ਫ਼ੜ ਲਿਆ ਤੇ ਅਗਲੇ ਹੀ ਦਿਨ ਉਸਨੂੰ ਛੱਡ ਵੀ ਦਿੱਤਾ। ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਪਾਕਿਸਤਾਨ ਨੇ ਭਾਰਤ ਤੋਂ ਡਰਦੇ ਮਾਰੇ ਹੀ ਅਭਿਨੰਦਨ ਨੂੰ ਛੱਡਿਆ ਹੋਵੇਗਾ। ਯਕੀਨ ਨਾਲ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ, ਅਭਿਨੰਦਨ ਨੂੰ ਗ੍ਰਿਫ਼ਤਾਰ ਕਰਨ ਅਤੇ ਉਸਨੂੰ ਤੁਰੰਤ ਛੱਡ ਦਿੱਤਾ ਜਾਣਾ ਵੀ ਫ਼ਰੈਂਡਲੀ ਮੈਚ ਜਾਂ ਫ਼ਿਕਸਿੰਗ ਦਾ ਹਿੱਸਾ ਨਹੀਂ ਹੋਵੇਗਾ।

ਦੋਸਤੋ, ਧਾਰਾ 370 ਦੇ ਟੁੱਟਣ ਦੇ ਬਾਅਦ, ਪਾਕਿਸਤਾਨ ਨੇ ਭਾਰਤ ਨਾਲੋਂ ਆਪਣੇ ਸਾਰੇ ਰਿਸ਼ਤੇ ਨਾਤੇ ਖ਼ਤਮ ਕਰ ਲਏ, ਦਿਨ ਤਿਉਹਾਰਾਂ ਤੇ ਲੱਡੂ, ਜਲੇਬੀਆਂ, ਰਸਗੁੱਲਿਆਂ ਤੇ ਗੁਲਾਬਜ਼ਾਮਨਾਂ ਦਾ ਵਟਾਂਦਰਾ ਵੀ ਬੰਦ ਕਰ ਦਿੱਤਾ ਗਿਆ। ਪ੍ਰਮਾਣੂ ਬੰਬਾਂ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ, ਮਿਜ਼ਾਈਲਾਂ ਦੇ ਟੈਸਟ ਸ਼ੁਰੂ ਹੋ ਗਏ। ਅਸੀਂ ਵੀ ਅਮਰੀਕਾ ਤੋਂ ਅਪਾਚੀ ਹੈਲੀਕਾਪਟਰ ਲੈ ਆਉਂਦੇ, ਪੂਰੇ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਨਾਰੀਅਲ ਭੰਨ ਕੇ ਪਾਕਿਸਤਾਨ ਵੱਲ ਮੋਟੀਆਂ-ਮੋਟੀਆਂ ਅੱਖ਼ਾਂ ਕੱਢੀਆਂ। ਮੁੱਕਦੀ ਗੱਲ ਫ਼ੌਜਾਂ ਆਹੋ ਸਾਹਮਣੇ ਖ਼ੜੀਆਂ ਹੋ ਗਈਆਂ।

ਦੋਸਤੋ, ਮਹੌਲ ਪੂਰੀ ਤਰ੍ਹਾਂ ਨਾਲ ਗਰਮ ਹੈ, ਇੱਕ ਵਾਰ ਤਾਂ ਦੇਖ਼ਣ ਨੂੰ ਇੰਝ ਮਹਿਸੂਸ ਹੋਣ ਲੱਗ ਪਿਐ ਕਿ, ਜੱਫ਼ੀਆਂ ਛੇਤੀ ਹੀ ਜੱਫ਼ ਵਿੱਚ ਬਦਲ ਜਾਵੇਗੀ। ਖ਼ਬਰਾਂ ਆ ਰਹੀਆਂ ਹਨ ਕਿ, ਦੋਹਾਂ ਦੇਸ਼ਾਂ ਦਰਮਿਆਨ ਬੰਬਾਂ ਮੌਰਟਾਰਾਂ ਦੇ ਅਦਾਨ ਪ੍ਰਦਾਨ ਦੇ ਦੌਰਾਨ ਹੀ, ਹੁਣ, ਜੀਵਨ ਰੱਖਿਅਕ ਦਵਾਈਆਂ ਦਾ ਅਦਾਨ ਪ੍ਰਦਾਨ ਵੀ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸਰਕਾਰ ਕਹਿੰਦੀ ਹੈ ਕਿ, ਕਸ਼ਮੀਰ ਵਿਚਲੇ ਹਾਲਾਤ ਵੀ ਨਾਰਮਲ ਹੋਣ ਲੱਗ ਪਏ ਹਨ ਹੁਣ।

ਦੋਸਤੋ, ਜਿਹੜੇ ਲੋਕ ਧਾਰਾ 370 ਦੇ ਟੁੱਟਣ ਦਾ ਵਿਰੋਧ ਕਰ ਰਹੇ ਸਨ, ਉਹ ਵੀ ਆਪੋ ਆਪਣੇ ਆਹਰੇ ਲੱਗ ਗਏ ਹਨ। ਸਿਆਸੀ ਚੂੰਢੀਮਾਰਾਂ ਅਨੁਸਾਰ, ਜੇਕਰ, ਕ੍ਰਿਕਟ 'ਚ ਮੈਚ ਫ਼ਿਕਸਿੰਗ ਹੋ ਸਕਦੀ ਹੈ ਤਾਂ, ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਸਰਹੱਦਾਂ ਤੇ ਨਹੀਂ ਹੁੰਦੀ ਹੋਵੇਗੀ। ਬੜੀ ਭੋਲੀ ਹੈ ਜਨਤਾ ਦੋਹਾਂ ਦੇਸ਼ਾਂ ਦੀ, ਤੇ ਪਿੱਛ ਲੱਗੂ ਵੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।