ਵੀਰਾਂ (ਭਾਗ 4)

Last Updated: Sep 04 2019 17:56
Reading time: 3 mins, 42 secs

ਉਹਨੂੰ ਹੁਣ ਵੀ ਚੀਲਾਂ ਦੀ ਅਵਾਜ਼  ਸੁਣ ਰਹੀ ਸੀ, ਦਿਆਲ
ਸਿਓਂ ਕੁੱਝ ਹੱਦ ਤੱਕ ਤਾਂ ਗੱਲ ਸਮਝ ਗਿਆ ਸੀ।
ਪਰ ਇਸ ਹਾਲਾਤ 'ਚ ਵੀਰਾਂ ਤੋਂ ਕੁੱਝ ਨੀਂ ਪੁੱਛਿਆ ਜਾ ਸਕਦਾ ਸੀ।
"ਲਾਣੇਦਾਰਾ ਮੈਂ ਜਾਵਾਂ ਬਾਈ ਹੁਣਾਂ ਵੱਲ? ਲਿਆਵਾਂ ਉਨ੍ਹਾਂ ਨੂੰ?
ਦਿਆਲ ਸਿਉਂ ਦੇ ਵੱਡੇ ਪੁੱਤਰ ਨੇ ਉਹਨੂੰ ਪੁੱਛਿਆ।"
ਰਹਿਣ ਦੇ ਪੁੱਤਰਾ, ਤਿੰਨੋਂ ਭੈਣ ਭਰਾ (ਵੀਰਾਂ ਤੇ ਉਹ ਦੇ ਦੋਵੇਂ ਭਰਾ) ਬਿਨ ਮਾਂ ਪਿਓ ਤਾਇਆਂ ਚਾਚਿਆਂ ਦੇ ਬੂਹਿਆਂ ਤੇ ਪਲੇ ਨੇ, ਵੀਰਾਂ ਨੂੰ ਗੋਦੀ ਚੁੱਕ ਪਾਲਿਆ ਏ ਬੰਤੇ ਹੁਰਾਂ,
ਇਸ ਹਾਲਾਤ 'ਚ ਵੀਰਾਂ ਨੂੰ ਵੇਖਣਗੇ ਤਾਂ ਗੱਲ ਬਹੁਤ ਵਿਗੜ ਜਾਣੀ ਏਂ, ਸਵੇਰ ਹੋ ਲੈਣ ਦੇ। ਹੁਣ ਇਹਨੂੰ ਤੱਤੀ ਵਾਅ ਨੀਂ ਲੱਗਣ ਦਿੰਦੇ। ਨਾਲੇ ਕਿਸੇ ਨੂੰ ਕਿਹੜੀ ਖਬਰ ਏ ਇਹ ਇੱਥੇ ਏ। 
ਨੇਕ ਤੇ ਉਹ ਦਾ ਬਾਪੂ ਵੀ ਘਰ ਜਾਣ ਲਈ ਨਾਂ ਮੰਨੇਂ। 
ਵੀਰਾਂ ਨੂੰ ਉਹ ਵੀ ਭਰਾਵਾਂ ਦੇ ਬੂਹੇ ਪਹੁੰਚਾ ਹੀ ਸਾਹ ਲੈਣ ਦੀ ਠਾਣ ਬੈਠੇ ਸੀ।
ਸ਼ਾਇਦ ਵੀਰਾਂ ਰੱਬ ਵਰਗਿਆਂ ਦੇ ਕੋਲ ਹੁਣ ਬਹੁੜ ਗਈ ਸੀ।
ਕਿਸੇ ਨਾ ਕਿਸੇ ਤਰ੍ਹਾਂ ਰਾਤ ਬੀਤੀ। ਦਿਆਲ ਦੀ ਨੂੰਹ ਵੀਰਾਂ ਨੂੰ ਵੇਖ ਬੜਾ ਰੋਈ।
ਸਵਖਤੇ ਹੀ ਨੇਕ ਤੇ ਦਿਆਲ ਦਾ ਵੱਡਾ ਪੁੱਤਰ ਜੀਪ ਲੈ ਵੀਰਾਂ ਦੇ ਪੇਕੇ ਘਰ ਜਾ ਬਹੁੜੇ।
ਗੱਲ ਸੁਣਦਿਆਂ ਬੰਤ ਦੀਆਂ ਭੁੱਬਾਂ ਨਿਕਲ ਗਈਆਂ।
ਮਾਵਾਂ ਵਰਗੀ ਭਰਜਾਈ ਜਿਹੜੀ ਪੰਦਰਾਂ ਕੁ ਵਰ੍ਹਿਆਂ ਦੀ ਸੀ ਵੀਰਾਂ ਜਦੋਂ ਉਹ ਵਿਆਹ ਕੇ ਆਈ ਸੀ, ਉਹਨੇਂ ਪੈਰ ਜੁੱਤੀ ਨਾ ਪਾਈ, ਬੰਤ ਉਹਦੀ ਘਰਦੀ ਤੇ ਨਿੱਕਾ, ਨੇਕ ਹੁਣਾਂ ਦੇ ਨਾਲ ਹੀ ਆਣ ਪਹੁੰਚੇ ਦਿਆਲ ਦੇ ਘਰ।
ਵੱਡੀ ਸਵਾਤ 'ਚ ਵੀਰਾਂ ਦਿਆਲ ਦੀ ਘਰਦੀ ਦੀਆਂ ਲੱਤਾਂ ਤੇ ਸਿਰ ਰੱਖ ਮਸਾਂ ਸੁੱਤੀ ਸੀ।
"ਪੁੱਤਰੋ ਗਰਮੀ ਨਾ ਖਾਇਓ, ਬਸ ਕਿਸੇ ਤਰ੍ਹਾਂ ਮਸਾਂ ਬਚ ਬਚਾ ਕੇ ਪੁੱਜੀ ਏ। ਬਾਕੀ ਗੱਲ ਨੇਕ ਦੇ ਬਾਪੂ ਨੇ ਦੱਸੀ।
ਜਦ ਵੀਰਾਂ ਨੂੰ ਉਠਾਇਆ ਤਾਂ ਭਰਾਵਾਂ ਨੂੰ ਵੇਖ ਉਹਦਾ ਆਪਾ ਕੁਰਲਾ ਉੱਠਿਆ,
ਵੀਰ ਮੈਨੂੰ ਮਾਰ ਦੇਣ ਲੱਗੇ ਸੀ, ਮੈਨੂੰ ਮਾਰ ਦੇਣ ਲੱਗੇ ਸੀ,
ਤੇਰੀ ਵੀਰਾਂ ਵੀਰ ਵੱਢ ਦੇਣੀ ਸੀ, ਤੈਨੂੰ ਬੜਾ ਯਾਦ ਕੀਤਾ, ਤੂੰ ਆਇਆ ਈ ਨੀਂ, ਸਾਰੇ ਰਾਹ ਮੈਂ ਤਰਲਾ ਪਾਉਂਦੀ ਆਈ ਰੱਬ ਦਾ, ਵੀਰ ਦੇ ਬੂਹੇ ਪਹੁੰਚ ਜਾਵਾਂ, ਬਸ ਇੰਝ ਨਾ ਮੁੱਕਾਂ। ਉੱਥੇ ਜਾ ਭਾਵੇਂ ਮਰ ਜਾਵਾਂ।  ਭੁੱਖੇ ਕੁੱਤਿਆਂ ਵਾਂਗ ਲੱਭਦੇ ਸੀ ਮੈਨੂੰ। 
ਵੀਰਾਂ ਅੰਦਰੋਂ  ਜਿਵੇਂ ਲਾਵਾ ਫੁੱਟ ਪਿਆ ਸੀ। 
ਵੀਰਾਂ ਦੀ ਭਰਜਾਈ ਨੇ ਉਹਨੂੰ ਕਲਾਵੇ 'ਚ ਲੈ ਲਿਆ,
"ਚੁੱਪ ਕਰ ਮੇਰੀ ਧੀ, ਅਸੀਂ ਤਾਂ ਤੈਨੂੰ ਵੇਖ ਕੇ ਹੀ ਮੁੱਕ ਗਏ ਹਾਂ, ਚੁੱਪ ਕਰ ਮੇਰੀ ਧੀ।
ਸਾਰਿਆਂ ਸੰਭਾਲਿਆ ਵੀਰਾਂ ਨੂੰ। 
"ਤਾਇਆ ਸਾਲ ਹੋ ਗਿਆ ਏ, ਆਹ ਕੁੱਝ ਹੁੰਦਿਆਂ ਨੂੰ, ਕਦੀ ਕਹਿੰਦੇ ਸੀ, ਇਹ ਨੀਂ ਵਧੀਆ, ਕਦੀ  ਇੰਝ ਕਰਦੀ ਏ, ਕਦੀ ਉਂਝ ਕਰਦੀ ਏ, ਕੰਜਰ ਨਿੱਤ ਨਵੀਂ ਵਗਾਰ ਪਾਉਂਦੇ ਸੀ, ਇਹਦੇ ਸੁੱਖ ਲਈ ਕਰਦੇ ਸੀ ਪੂਰੀ, ਸੋਚਿਆ ਸੀ ਚੰਗਾ ਮੁੰਡਾ ਏ, ਚੰਗੇ  ਸਿਆੜ ਨੇ, ਸੁੱਖ ਮਿਲੂ ਇਹਨੂੰ ਬਿਨ ਮਾਂ ਪਿਓ ਦੀ ਧੀ ਨੂੰ, ਮੇਰੀ ਤਾਂ ਜੁੱਤੀ ਦੇ ਵੀ ਨੇੜ ਨੀਂ ਸਾਲੇ। ਚਾਰ ਕੁ ਦਿਨਾਂ ਬਾਅਦ ਚੁੰਨੀ ਚੁਕਾ ਭੇਜ ਦਿੰਦੇ ਸੀ, ਪਰ ਹੁਣ ਕਰਤੂਤ ਮੇਰੀ ਵੀਰਾਂ ਨਾਲ, ਸਿਵੇ ਫੂਕਣੇ ਮੈਂ ਇਨਾਂ ਦੇ ਤਾਇਆ।ਬੰਤ ਦਾ ਖੂਨ ਖੌਲ ਰਿਹਾ ਸੀ।
ਬੰਤ ਦੀਆਂ ਅੱਖਾਂ ਭਰੀਆਂ ਸੀ ਤੇ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। 
ਹੋਇਆ ਕੀ ਦੱਸ ਮੇਰੀ ਭੈਣ। 
" ਦਸ ਬਾਰਾਂ ਦਿਨ ਹੋ ਗਏ ਵੀਰ ਨਾਲ ਦੋ ਟੱਕ ਦੀ ਗੱਲ ਚੱਲਦਿਆਂ, ਆਂਹਦੇ ਸੀ ਸ਼ਰੀਕਾਂ ਨਾਲੋਂ ਪਹਿਲਾਂ ਹੱਥ ਪਾਉਣਾ ਟੱਕ ਨੂੰ, ਮੈਨੂੰ ਕਹਿੰਦੇ
"ਵੀਰ ਤੇਰਾ ਕਹਿੰਦਾ ਕਹਾਉਂਦਾ, ਆਖ ਉਹਨੂੰ, ਕੁੱਝ ਹੱਥ ਝਾੜੇ, ਤੇਰਾ ਹੀ ਸੁੱਖ ਏ ਇਹਦੇ 'ਚ, ਮੈਂ ਕੋਈ ਜਵਾਬ ਨੀਂ ਦਿੰਦੀ ਸੀ, ਪਰਸੋਂ  ਆਇਆ ਸੀ ਕੋਈ  ਦੁਰਾਡੇ ਤੋ ਜਾਣਕਾਰ, ਆਪਣੀ ਧੀ ਦਾ ਰਿਸ਼ਤਾ ਆਖ ਗਿਆ ਨਿੱਕੇ ਲਈ ਤੇ ਆਂਹਦਾ ਜੋ ਮੰਗੋਂਗੇ ਝੋਲੀ ਪਾਊਂ, ਕੁੜੀ ਨੂੰ ਗਠੀਆ ਏ, ਨਿੱਕਾ ਨੀਂ ਮੰਨਿਆ। ਮੈਂ ਰਸਾਦ ਨੂੰ (ਘਰ ਦਾ ਸੀਰੀ) ਆਖਿਆ ਸੀ ਵੀ ਮੇਰੇ ਵੀਰ ਨੂੰ ਸੁਨੇਹਾ ਦੇ ਆ ਵੀ ਮੈਨੂੰ ਲੈ ਜਾਏ ਆਣਕੇ। ਪਰ ਉਹ ਡਰਦਾ ਹੀ ਨੀਂ ਮੰਨਿਆ ਵੀਰ।
ਰਾਤੀ ਸਾਰਾ ਕੰਮ ਮੁਕਾ ਸਵਾਤ 'ਚ ਹਲੇ ਗਈਓ ਸਾਂ ਹਲੇ,
ਚੌਂਕੇ 'ਚ ਦੁੱਧ ਭੁੱਲ ਆਈ, ਤਾਂ ਬਾਹਰਲੀ ਸਵਾਤ 'ਚ ਮੈਨੂੰ ਮਾਰ ਦੇਣ ਦੀਆਂ ਸਲਾਹਾਂ ਹੋ ਰਹੀਆਂ ਸੀ, ਬਾਪੂ ਜੀ ਕਹਿੰਦੇ "ਫਿਰ ਰਿਸ਼ਤਾ ਤੂੰ ਲੈ ਲਾ ਵੱਡਿਆ, ਇਹਦੇ ਭਰਾਵਾਂ ਹੁਣ ਕੁੱਝ ਨੀਂ  ਕਰਨਾ। ਅੱਧ ਕੁ ਰਾਤ   ਸੁੱਤੀ ਪਈ  ਨੂੰ.....ਆਖਾਂਗੇ ਨਹਿਰ ਛਾਲ ਮਾਰ ਗਈ, ਕਹਿੰਦੀ 

"ਮੇਰੇ ਤਾਂ ਪੈਰਾਂ ਥੱਲਿਓਂ  ਜਮੀਨ ਨਿਕਲ ਗਈ ਵੀਰ, ਮੈਨੂੰ ਪਤਾ ਸੀ ਵੀ ਇਨ੍ਹਾਂ ਹੁਣ ਨੀਂ ਛੱਡਣਾਂ ਮੈਨੂੰ। ਉਹਨੀਂ ਪੈਰੀਂ ਬਿਨਾਂ ਖੜਾਕ ਕੀਤਿਆਂ ਬਾਹਰ ਨਿਕਲ ਆਈ ਤੇ ਸ਼ੇਰੇ ਕਿ ਕਮਾਦ 'ਚ ਆਣ ਲੁਕੀ, ਮੈਨੂੰ  ਪਤਾ ਸੀ ਉੱਧਰ ਨੀਂ ਲੱਭਣਗੇ।" ਬਸ ਕਿਵੇਂ ਨਾ ਕਿਵੇਂ ਮਸਾਂ ਪਹੁੰਚੀ ਇੱਥੇ। ਮੈਨੂੰ ਲੱਭਣ ਮਗਰ ਵੀ ਆਏ ਵੀਰ। ਪਰ ਆਹ ਵੀਰ ਹੁਣਾਂ ਕਰਕੇ ਮੇਰਾ ਬਚਾਅ ਹੋ ਗਿਆ ਨਹੀਂ  ਤਾਂ ਮੈਂਥੋਂ  ਕਿੱਥੇ  ਅੱਪੜਿਆ ਜਾਣਾ  ਸੀ ਅਗਾਂਹ। ਵੀਰਾਂ  ਵਿਲਕ ਰਹੀ ਸੀ।

ਮਾਲਕਾ ਸ਼ੁਕਰ ਏ ਤੇਰਾ ਮੇਰੀ ਇੱਜ਼ਤ ਤੇ ਵੀਰਾਂ ਦੋਵੇਂ ਰੱਖ ਲਈਆਂ, ਪਰ ਕੁੱਤਿਆਂ ਨੂੰ ਮੈਂ ਵੱਢ ਕੇ ਛੱਡਾਂਗਾ ਤਾਇਆ। ਬੰਤ ਦਾ ਆਪਾ ਉੱਬਲ ਰਿਹਾ ਸੀ।

ਬੰਤ ਤਾਏ ਦਿਆਲ ਨੂੰ ਪਾਸੇ ਲੈ ਗਿਆ, ਦੋਵਾਂ ਵਿੱਚ ਕੁੱਝ ਗੱਲਾਂ ਹੋਈਆਂ ਤੇ ਉਹਨੇਂ ਨੇਕ ਸਿਓਂ ਤੇ ਤਾਏ ਦਿਆਲ ਦੇ ਪੁੱਤਰ ਨੂੰ ਆਪਣੀ ਘਰਦੀ ਤੇ ਨਿੱਕੇ ਦੋਵਾਂ ਨੂੰ ਪਿੰਡ ਛੱਡ ਆਉਣ ਲਈ ਕਿਹਾ।
ਬੰਤ ਦੀ ਘਰਦੀ ਨੇ ਬਥੇਰਾ ਆਖਿਆ ,"ਮਸਾਂ ਵੀਰਾਂ ਨੂੰ ਰੱਬ ਨੇ ਰੱਖਿਆ, ਕੋਈ ਹੋਰ ਬਖੇੜਾ ਨਾ ਸ਼ੁਰੂ ਕਰੋ। ਪਰ ਬੰਤ ਤੋਂ ਵੀਰਾਂ ਦਾ ਦੁੱਖ ਹੁਣ ਝੱਲਿਆ ਨਹੀਂ ਸੀ ਜਾ ਰਿਹਾ।
"ਤਾਇਆ ਥਾਣੇਦਾਰ ਬਲਦੇਵ ਸਿਹੁੰ ਨੂੰ ਸੁਨੇਹਾ ਘੱਲ। ਦੋ ਕੁ ਘੰਟਿਆਂ ਬਾਅਦ ਦਿਆਲ ਸਿਹੁੰ, ਬੰਤ ਤੇ ਥਾਣੇਦਾਰ ਬਲਦੇਵ ਸਿਹੁੰ 'ਚ ਕਿੰਨੇਂ ਘੰਟੇ ਦਿਆਲ ਸਿਹੁੰ ਦੇ ਘਰ ਗੱਲਬਾਤ ਚੱਲੀ।
ਦਸ ਦਿਨ ਲੰਘ ਚੁੱਕੇ ਸੈਣ ਵੀਰਾਂ ਨੂੰ ਆਇਆਂ ਪਰ ਵੀਰਾਂ ਦੇ ਸਹੁਰਿਆਂ ਤੋਂ ਕੋਈ ਨਹੀਂ ਸੀ ਆਇਆ, ਸ਼ਾਇਦ ਉੱਡਦੀਆਂ ਉੱਡਦੀਆਂ ਪਹੁੰਚ ਗਈਆਂ ਸੀ ਉਨ੍ਹਾਂ ਦੇ ਵਿਹੜੇ। 
ਪੰਦਰਾਂ ਕੁ ਦਿਨਾਂ ਬਾਅਦ ਆਲੇ ਦੁਆਲੇ ਦੇ ਕਈ ਪਿੰਡਾਂ ਵਿੱਚ ਲੋਕੀ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸੈਣ, ਕਿ "ਵੱਡੀ ਹਵੇਲੀ ਵਾਲਿਆਂ ਦੇ ਰਾਤੀਂ ਬੰਦੇ ਪੈ ਗਏ, ਸਭ ਲੁੱਟਣ ਤੋਂ ਬਾਅਦ ਤਿੰਨੇ ਪਿਓ ਪੁੱਤਰਾਂ ਨੂੰ ਅੱਧ ਮਰਿਆਂ ਜਿਹੇ ਕਰਕੇ ਸੁੱਟ ਗਏ ਨੇ।
ਅੰਦਰੋਂ ਅੰਦਰੀਂ ਗੱਲਾਂ ਲੋਕਾਂ ਦੇ ਜ਼ੁਬਾਨ ਤੇ ਹੋਰ ਵੀ ਸਨ, ਪਰ ਧੀ ਧਿਆਣੀ ਨਾਲ ਕੀਤਿਆਂ ਸੋਚ ਹਰ ਕੋਈ ਖੁਸ਼ ਸੀ।
ਸਰਦਾਰ ਦਾ ਛੋਟਾ ਮੁੰਡਾ ਸਾਰੀ ਉਮਰ ਲੱਤ ਲੰਗੜਾ ਕੇ ਤੁਰਦਾ ਰਿਹਾ, ਸ਼ਾਇਦ ਸੱਟਾਂ ਦਾ ਅਸਰ ਤਮਾਮ ਉਮਰ ਦਾ ਰੋਗ ਲਾ ਗਿਆ ਸੀ ਦੇਹੀ ਨੂੰ।
ਬੰਤ ਦਾ ਗੁੱਸਾ ਹਲੇ ਵੀ ਢਲਿਆ ਨਹੀਂ ਸੀ ਪਰ ਦਿਆਲ ਸਿਉਂ ਦੇ ਸਮਝਾਉਣ ਤੇ ਪੰਚਾਇਤੀ ਤੌਰ ਤੇ ਹੀ ਵੀਰਾਂ ਦਾ ਤਲਾਕ ਕਰਵਾ ਲਿਆ ਗਿਆ।
ਮੱਠੀ ਮੱਠੀ ਅੱਗ ਵਾਂਗ ਇਹ ਦੁਸ਼ਮਣੀ ਤਮਾਮ ਉਮਰ ਬਲਣੀ ਸੀ ਪਰ।
ਵੀਰਾਂ ਨੂੰ ਰਿਸ਼ਤੇ ਬਥੇਰੇ ਆਏ ਪਰ ਉਹਨੇਂ ਵਿਆਹ ਨੀਂ ਕਰਾਇਆ ਮੁੜ, ਸਾਲ ਕੁ ਬਾਅਦ ਵੀਰਾਂ ਦੀ ਵੱਡੀ ਭਰਜਾਈ ਦੂਜੇ ਜਣੇਪੇ ਸਮੇਂ ਇੱਕ ਪੁੱਤਰ ਨੂੰ ਜਨਮ ਦੇ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਈ।  
ਬਿਨ ਮਾਂ ਦੀ ਧੀ ਵੀਰਾਂ ਨੇ ਆਪਣੇ ਦੋਵੇਂ ਭਤੀਜਿਆਂ ਨੂੰ ਮਾਂ ਬਣ ਕੇ ਪਾਲਿਆ।
ਹੁਣ ਉਹਦੀ ਉਮਰ ਵਡੇਰੀ ਹੋ ਚੁੱਕੀ ਏ। 
ਚੀਲਾਂ ਤਾਂ ਕਹਿੰਦੇ ਹੁਣ ਅਸਮਾਨੀਂ ਵੇਖੀਆਂ ਹੀ ਨਹੀਂ ਕਦੀ ਉੱਡਦੀਆਂ।