ਪ੍ਰਵਾਸੀ ਪੰਜਾਬੀ ਨੇ ਸਰੂਪਵਾਲੀ ਕਲਾਂ ਦੇ ਸਰਕਾਰੀ ਸਕੂਲ ਉੱਪਰ ਖਰਚੇ 8 ਲੱਖ ਰੁਪਏ

Last Updated: Aug 19 2019 14:45
Reading time: 2 mins, 12 secs

ਪੰਜਾਬ ਸਰਕਾਰ ਦੇ ਸੱਦੇ ਉੱਪਰ ਪ੍ਰਵਾਸੀ ਪੰਜਾਬੀਆਂ ਨੇ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ ਉੱਥੇ ਪ੍ਰਵਾਸੀ ਪੰਜਾਬੀਆਂ ਨੇ ਵੀ ਸਕੂਲਾਂ ਦੀ ਨੁਹਾਰ ਬਦਲਣ ਲਈ ਆਪਣੇ ਯਤਨ ਅਰੰਭ ਕਰ ਦਿੱਤੇ ਹਨ। ਤਾਜ਼ਾ ਮਿਸਾਲ ਹੈ ਬਟਾਲਾ ਨੇੜਲੇ ਪਿੰਡ ਸਰੂਪਵਾਲੀ ਕਲਾਂ ਦੀ। ਇਸ ਪਿੰਡ ਦੇ ਜੰਮਪਲ ਜਤਿੰਦਰ ਸਿੰਘ ਰੰਧਾਵਾ ਜੋ ਕਿ ਇਸ ਸਮੇਂ ਪਰਿਵਾਰ ਸਮੇਤ ਬੈਲਜੀਅਮ ਵਿਖੇ ਰਹਿ ਰਹੇ ਹਨ ਨੇ ਆਪਣੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਉੱਪਰ 8 ਲੱਖ ਤੋਂ ਵੱਧ ਰੁਪਏ ਖਰਚ ਕਰਕੇ ਸਕੂਲ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਪ੍ਰਵਾਸੀ ਪੰਜਾਬੀ ਜਤਿੰਦਰ ਸਿੰਘ ਰੰਧਾਵਾ ਬਚਪਨ ਵਿੱਚ ਆਪਣੇ ਪਿੰਡ ਦੇ ਇਸ ਸਰਕਾਰੀ ਸਕੂਲ ਤੋਂ ਪੜ੍ਹੇ ਸਨ। ਪਿੰਡ ਅਤੇ ਆਪਣੇ ਸਕੂਲ ਨਾਲ ਮੋਹ ਜਤਿੰਦਰ ਸਿੰਘ ਰੰਧਾਵਾ ਨੂੰ ਵਾਪਸ ਪਿੰਡ ਲੈ ਆਇਆ ਅਤੇ ਉਨ੍ਹਾਂ ਨੇ ਸਕੂਲ ਦੀਆਂ ਘਾਟਾਂ ਨੂੰ ਨੋਟ ਕਰਕੇ ਉਨ੍ਹਾਂ ਨੂੰ ਦੂਰ ਕਰਨ ਦਾ ਨਿਸ਼ਚਾ ਕੀਤਾ। ਰੰਧਾਵਾ ਨੇ 8 ਲੱਖ ਰੁਪਏ ਤੋਂ ਵੱਧ ਰਾਸ਼ੀ ਖਰਚ ਕਰਕੇ ਸਕੂਲ ਵਿੱਚ ਵੱਖ-ਵੱਖ ਕੰਮ ਕਰਾਏ ਜਿਨ੍ਹਾਂ ਵਿੱਚ ਸਮਾਰਟ ਕਲਾਸ ਰੂਮ, ਮਿਡ-ਡੇ-ਮੀਲ ਦੀ ਰਸੋਈ ਵਿੱਚ ਪੱਥਰ ਅਤੇ ਟਾਈਲਾਂ ਲਗਾਈਆਂ ਅਤੇ ਸ਼ੈੱਡ ਪਾ ਕੇ ਦਿੱਤਾ। ਬੱਚਿਆਂ ਦੇ ਲਈ ਮਿਡ-ਡੇਅ-ਮੀਲ ਖਾਣ ਲਈ 8 ਟੇਬਲ ਅਤੇ 32 ਸਟੂਲ ਲੈ ਕੇ ਦਿੱਤੇ, ਆਰ.ਓ. ਸਿਸਟਮ ਅਤੇ ਵਾਟਰ ਕੂਲਰ ਲਗਾ ਕੇ ਦਿੱਤਾ, ਸਕੂਲ ਲਈ ਛੇ ਛੱਤ ਵਾਲੇ ਪੱਖੇ ਅਤੇ ਇੱਕ ਫਰਾਟਾ ਪੱਖਾ ਲੈ ਕੇ ਦਿੱਤਾ, ਖੇਡਾਂ ਦਾ ਸਮਾਨ ਲੈ ਕੇ ਦਿੱਤਾ, ਬੱਚਿਆਂ ਨੂੰ ਵਰਦੀਆਂ ਅਤੇ ਬੂਟ ਲੈ ਕੇ ਦਿੱਤੇ। ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਲਈ ਪੰਜ ਤਰ੍ਹਾਂ ਦੇ ਲੋਹੇ ਦੇ ਪੰਘੂੜੇ ਲਗਵਾਏ, ਬੱਚਿਆਂ ਲਈ ਦੋ ਟਾਇਲਟ ਅਤੇ ਬਾਥਰੂਮ ਵਧੀਆ ਟਾਈਲਾਂ ਲਾ ਕੇ ਬਣਾਏ ਅਤੇ ਸਿਆਲ ਵਿੱਚ ਬੱਚਿਆਂ ਦੇ ਨਹਾਉਣ ਲਈ ਦੋ ਗੀਜ਼ਰ ਵੀ ਲਗਵਾ ਕੇ ਦਿੱਤੇ। ਇਸ ਤੋਂ ਇਲਾਵਾ ਪੁਰਾਣੇ ਬਾਥਰੂਮਾਂ ਵਿੱਚ ਵੀ ਟਾਈਲਾਂ ਲਗਾ ਕੇ ਦਿੱਤੀਆਂ। ਉਨ੍ਹਾਂ ਨੇ ਸਕੂਲ ਵਿੱਚ ਵਧੀਆ ਕਿਸਮ ਦੇ ਬੂਟੇ ਲਗਾ ਕੇ ਦਿੱਤੇ।

ਸਰਕਾਰੀ ਐਲੀਮੈਂਟਰੀ ਸਕੂਲ, ਸਰੂਪਵਾਲੀ ਕਲਾਂ ਦੇ ਮੁੱਖ ਅਧਿਆਪਕ ਅਰਵਿੰਦਰਪਾਲ ਸਿੰਘ, ਅਧਿਆਪਕ ਗੁਰਪ੍ਰੀਤ ਸਿੰਘ, ਸਿੱਖਿਆ ਪ੍ਰੋਵਾਈਡਰ ਅਮਰਜੀਤ ਕੌਰ ਅਤੇ ਸਰਬਜੀਤ ਸਿੰਘ ਰੰਧਾਵਾ ਚੇਅਰਮੈਨ ਸਕੂਲ ਕਮੇਟੀ ਨੇ ਪ੍ਰਵਾਸੀ ਪੰਜਾਬੀ ਜਤਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਨਾਲ ਜਿੱਥੇ ਸਕੂਲ ਦੀ ਨੁਹਾਰ ਬਦਲੀ ਹੈ ਉੱਥੇ ਬੱਚਿਆਂ ਨੂੰ ਵੱਖ-ਵੱਖ ਸਹੂਲਤਾਂ ਮਿਲ ਸਕੀਆਂ ਹਨ। ਚੇਅਰਮੈਨ ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਕੂਲ ਵਿੱਚ ਅਧਿਆਪਕਾਂ ਦਾ ਸਟਾਫ਼ ਬਹੁਤ ਵਧੀਆ ਹੈ ਅਤੇ ਸਾਰੇ ਹੀ ਅਧਿਆਪਕ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਪਿੰਡ ਦਾ ਸਕੂਲ ਕਿਸੇ ਗੱਲ ਤੋਂ ਨਿੱਜੀ ਸਕੂਲਾਂ ਨਾਲੋਂ ਘੱਟ ਨਹੀਂ ਰਿਹਾ ਹੈ ਅਤੇ ਉਹ ਕੋਸ਼ਿਸ਼ ਕਰਨਗੇ ਅਗਲੇ ਵਿੱਦਿਅਕ ਸਾਲ ਤੋਂ ਇਸ ਸਕੂਲ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਾਇਆ ਜਾਵੇ। ਸਕੂਲ ਅਧਿਆਪਕਾਂ ਅਤੇ ਪਿੰਡ ਵਾਲਿਆਂ ਨੇ ਪ੍ਰਵਾਸੀ ਪੰਜਾਬੀ ਜਤਿੰਦਰ ਸਿੰਘ ਰੰਧਾਵਾ ਦਾ ਸਕੂਲ ਦੀ ਨੁਹਾਰ ਬਦਲਣ ਲਈ ਧੰਨਵਾਦ ਕੀਤਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।