ਤ੍ਰਿਪਤ ਬਾਜਵਾ ਨੇ ਵੀ ਸਿੱਧੂ ਨੂੰ ਕਿਹਾ ਸੰਭਾਲਣ ਆਪਣਾ ਵਿਭਾਗ

Last Updated: Jul 09 2019 17:52
Reading time: 1 min, 6 secs

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸਾਂ ਵਿੱਚ ਸ਼ੁਮਾਰ ਸਮਝੇ ਜਾਂਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਹੁਣ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਲਈ ਕਿਹਾ ਹੈ। ਬਾਜਵਾ ਜੋ ਬੀਤੇ ਲਗਭਗ ਇੱਕ ਮਹੀਨੇ ਤੋਂ ਕਨੇਡਾ ਗਏ ਹੋਏ ਸਨ ਨੇ ਵਤਨ ਪਰਤਦਿਆਂ ਹੀ ਸਿੱਧੂ ਨੂੰ ਇਹ ਗੱਲ ਆਖੀ ਹੈ। ਜ਼ਿਕਰਯੋਗ ਹੈ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਸਥਾਨਕ ਸਰਕਾਰਾਂ ਨੇ ਇਹ ਕਹਿੰਦਿਆਂ ਬਦਲ ਦਿੱਤਾ ਸੀ ਕਿ ਲੋਕਸਭਾ ਚੋਣਾਂ ਵਿੱਚ ਸਿੱਧੂ ਦੇ ਵਿਭਾਗ ਦੀਆਂ ਕਮਜ਼ੋਰੀਆਂ ਕਰਕੇ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ 5 ਸੀਟਾਂ ਤੇ ਨੁਕਸਾਨ ਹੋਇਆ ਸੀ ਨਹੀਂ ਤਾਂ ਕਾਂਗਰਸ ਨੇ 13 ਦੀਆਂ 13 ਸੀਟਾਂ ਹੀ ਜਿੱਤ ਲੈਣੀਆਂ ਸਨ। ਆਲੋਚਕਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਵਿਭਾਗ ਬਦਲਣ ਲਈ ਦਿੱਤਾ ਗਿਆ ਇਹ ਤਰਕ ਕਿਸੇ ਵੀ ਤਰ੍ਹਾਂ ਫਿੱਟ ਨਹੀਂ ਬੈਠਦਾ ਹੈ ਕਿਉਂਕਿ ਜੇਕਰ 13 ਵਿੱਚੋਂ 5 ਸੀਟਾਂ ਤੇ ਹਾਰ ਹੋਈ ਸੀ ਤਾਂ 8 ਸੀਟਾਂ ਤੇ ਜਿੱਤ ਵੀ ਤਾਂ ਪਾਰਟੀ ਨੇ ਦਰਜ਼ ਕਰਵਾਈ ਸੀ। ਜੇਕਰ ਜਿੱਤ ਦਾ ਸਿਹਰਾ ਕਿਸੇ ਹੋਰ ਨੂੰ ਦਿੱਤਾ ਗਿਆ ਹੈ ਤਾਂ ਫੇਰ ਹਾਰ ਦਾ ਸਿਹਰਾ ਕਿਸ ਤਰ੍ਹਾਂ ਸਿੱਧੂ ਦੇ ਸਿਰ ਮੜਿਆ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਸਿੱਧੂ ਵੀ ਆਪਣਾ ਬਦਲਿਆ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲ ਰਹੇ ਤੇ ਅੱਜ ਇੱਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਸਿੱਧੂ ਬਿਨਾਂ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਹੋਏ ਹਨ ਤੇ ਬਿਜਲੀ ਵਿਭਾਗ ਬਿਨਾਂ ਮੰਤਰੀ ਦੇ ਹੀ ਕੰਮ ਕਰ ਰਿਹਾ ਹੈ।